ਐੱਚਐੱਮਵੀ ’ਚ 11ਵੀਂ ਵਾਰ ਰਾਸ਼ਟਰੀ ਵੋਟਰ ਦਿਵਸ ਮਨਾਇਆ
ਐੱਚਐੱਮਵੀ ’ਚ 11ਵੀਂ ਵਾਰ ਰਾਸ਼ਟਰੀ ਵੋਟਰ ਦਿਵਸ ਮਨਾਇਆ
Publish Date: Sun, 25 Jan 2026 06:29 PM (IST)
Updated Date: Mon, 26 Jan 2026 04:11 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐੱਚਐੱਮਵੀ ’ਚ ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੀ ਰਹਿਨੁਮਾਈ ਹੇਠ ਤੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਦਫ਼ਤਰ ਜਲੰਧਰ ਦੇ ਸਹਿਯੋਗ ਨਾਲ 16ਵਾਂ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਰਸਮੀ ਜੋਤ ਜਗਾ ਕੇ ਕੀਤੀ ਗਈ। ਸਮਾਗਮ ’ਚ ਅਮਨਿੰਦਰ ਕੌਰ ਬਰਾੜ, ਪੀਸੀਐੱਸ, ਏਡੀਸੀ (ਜੀ) ਜਲੰਧਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨਾਲ ਰਾਜੀਵ ਜੋਸ਼ੀ (ਡਿਪਟੀ ਡੀਈਓ), ਸੁਖਦੇਵ ਸਿੰਘ (ਚੋਣ ਤਹਿਸੀਲਦਾਰ), ਡਾ. ਸੁਰਜੀਤ ਲਾਲ (ਸੈਕਟਰੀ ਰੈੱਡ ਕਰਾਸ), ਡਾ. ਅਸ਼ੋਕ ਸਹੋਤਾ (ਅਸਿਸਟੈਂਟ ਨੋਡਲ ਅਫਸਰ ਸਵੀਪ), ਰਵੀ ਦਾਰਾ, ਗੁਰਵਿੰਦਰਜੋਤ ਸਿੰਘ ਤੇ ਗੁਰਪ੍ਰੀਤ ਸਿੰਘ (ਜ਼ਿਲ੍ਹਾ ਖੇਡ ਅਫਸਰ) ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰ ਰਹੇ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਮਹਿਮਾਨਾਂ ਦਾ ਗ੍ਰੀਨ ਪਲਾਂਟਰ ਭੇਟ ਕਰ ਕੇ ਸਵਾਗਤ ਕੀਤਾ ਤੇ ਕਿਹਾ ਕਿ ਐੱਚਐੱਮਵੀ ਨੂੰ ਇਹ ਮਾਣ ਹਾਸਲ ਹੈ ਕਿ ਉਹ ਚੋਣ ਕਮਿਸ਼ਨ ਦੇ ਸਹਿਯੋਗ ਨਾਲ ਲਗਾਤਾਰ 11ਵੀਂ ਵਾਰ ਵੋਟਰ ਦਿਵਸ ਮਨਾ ਰਿਹਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਮੁੱਖ ਮਹਿਮਾਨ ਅਮਨਇੰਦਰ ਕੌਰ ਬਰਾੜ ਨੇ ਵੋਟ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਵੋਟ ਪਾਉਣਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ, ਜਿਸ ਨਾਲ ਮਜ਼ਬੂਤ ਲੋਕਤੰਤਰ ਦੀ ਨੀਂਹ ਰੱਖੀ ਜਾਂਦੀ ਹੈ। ਸਮਾਗਮ ਦੌਰਾਨ ਸੱਭਿਆਚਾਰਕ ਪ੍ਰੋਗਰਾਮ, ਵੋਟਰ ਜੁਗਨੀ, ਜਾਗਰੂਕਤਾ ਰੈਲੀ, ਪੋਸਟਰ ਮੇਕਿੰਗ ਮੁਕਾਬਲਾ ਤੇ ਨੁੱਕੜ ਨਾਟਕ ਪੇਸ਼ ਕੀਤੇ ਗਏ। ਐੱਨਐੱਸਐੱਸ ਵਲੰਟੀਅਰਾਂ ਨੇ “ਮੇਰਾ ਭਾਰਤ, ਮੇਰੀ ਵੋਟ” ਤੇ “ਮੇਰੀ ਵੋਟ, ਮੇਰੀ ਆਵਾਜ਼” ਵਰਗੇ ਨਾਅਰੇ ਲਾ ਕੇ ਲੋਕਤੰਤਰੀ ਜਾਗਰੂਕਤਾ ਦਾ ਸੁਨੇਹਾ ਦਿੱਤਾ। ਇਸ ਮੌਕੇ ਨਵੇਂ ਬਣੇ ਵੋਟਰਾਂ ਤੇ ਵਿਭਿੰਨ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਚੋਣ ਕਮਿਸ਼ਨ ਵੱਲੋਂ ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸਮੁੱਚਾ ਪ੍ਰੋਗਰਾਮ ਐੱਚਐੱਮਵੀ ਸਟਾਫ਼ ਤੇ ਐੱਨਐੱਸਐੱਸ ਵਿਭਾਗ ਦੇ ਸਹਿਯੋਗ ਨਾਲ ਸਫਲਤਾਪੂਰਕ ਸੰਪੰਨ ਹੋਇਆ।