ਮਹਾਰਿਸ਼ੀ ਦਇਆਨੰਦ ਜੀ ਦਾ ਜੀਵਨ ਪ੍ਰੇਰਨਾ ਸਰੋਤ : ਪ੍ਰਿੰਸ. ਖੋਸਲਾ
ਐੱਚਐੱਮਵੀ ਵਿਖੇ ਮਹਾਰਿਸ਼ੀ ਦਇਆਨੰਦ ਸਰਸਵਤੀ ਜੀ ਦਾ 202ਵਾਂ ਆਗਮਨ ਦਿਵਸ ਮਨਾਇਆ
Publish Date: Thu, 12 Feb 2026 06:20 PM (IST)
Updated Date: Thu, 12 Feb 2026 06:23 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐੱਚਐੱਮਵੀ ਵਿਖੇ ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੀ ਯੋਗ ਅਗਵਾਈ ਹੇਠ ਮਹਾਰਿਸ਼ੀ ਦਇਆਨੰਦ ਸਰਸਵਤੀ ਦਾ 202ਵਾਂ ਆਗਮਨ ਦਿਵਸ ਪੂਰਨ ਸ਼ਰਧਾ ਦੇ ਨਾਲ ਮਨਾਇਆ ਗਿਆ। ਇਸ ਮੌਕੇ ’ਤੇ ਵੈਦਿਕ ਅਧਿਐਨ ਸਭਾ ਦੇ ਸਹਿਯੋਗ ਨਾਲ ਹਵਨ ਯੱਗ ਉਤਸ਼ਾਹਪੂਰਵਕ ਕਰਵਾਇਆ। ਇਸ ਮੌਕੇ ’ਤੇ ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਮਹਾਰਿਸ਼ੀ ਦਇਆਨੰਦ ਜੀ ਦੇ ਜੀਵਨ ਤੇ ਉਪਦੇਸ਼ਾਂ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਨੂੰ ਮਹਾਰਿਸ਼ੀ ਜੀ ਦੇ ਜੀਵਨ ਤੋਂ ਸਰਵਉੱਤਮ ਮੁੱਲਾਂ ਤੇ ਕਦਰਾਂ ਕੀਮਤਾਂ ਜਿਊਣ ਦੀ ਪ੍ਰੇਰਣਾ ਲੈਣੀ ਚਾਹੀਦੀ ਹੈ। ਸਾਨੂੰ ਉਨ੍ਹਾਂ ਦਾ ਮਾਰਗ ਦਰਸ਼ਨ ਕਰਦੇ ਹੋਏ ਆਰੀਆ ਬਣਨਾ ਚਾਹੀਦਾ ਹੈ ਤਾਂ ਜੋ ਸੱਚਾਈ, ਇਮਾਨਦਾਰੀ ਤੇ ਆਤਮਨਿਰਭਰਤਾ ਨਾਲ ਜੀਵਨ ਜਿਊਣ ਲਈ ਅਗਰਸਰ ਰਹੀਏ। ਉਨ੍ਹਾਂ ਕਿਹਾ ਕਿ ਮਹਾਰਿਸ਼ੀ ਜੀ ਨੇ ਨਾਰੀ ਸਿੱਖਿਆ ਨੂੰ ਪ੍ਰਦਾਨ ਕਰਕੇ ਸਮਾਜ ’ਚ ਜਿੱਥੇ ਅਧਿਕਾਰਾਂ ਦੀ ਰੱਖਿਆ ਕੀਤੀ, ਉੱਥੇ ਉਸਨੂੰ ਉੱਤਮ ਸ਼ਕਤੀ ਵੀ ਐਲਾਨਿਆ। ਨਾਰੀ ਸਿੱਖਿਆ ਨੂੰ ਸਮਰਪਿਤ ਐੱਚਐੱਮਵੀ ਹਮੇਸ਼ਾ ਹੀ ਉਨ੍ਹਾਂ ਦੇ ਇਸ ਯਤਨ ਨੂੰ ਨਮਨ ਕਰਦਾ ਰਹੇਗਾ ਤੇ ਅੱਜ ਸਮੁੱਚੀਆਂ ਡੀਏਵੀ ਸੰਸਥਾਵਾਂ ਉਨ੍ਹਾਂ ਦਾ ਆਗਮਨ ਪੁਰਬ ਮਨਾ ਕੇ ਉਨ੍ਹਾਂ ਦੀ ਸੁੱਚੀ ਸੋਚ ਨੂੰ ਅਪਨਾਉਣ ਲਈ ਵਚਨਬੱਧ ਰਹਿਣਗੀਆਂ। ਡਾ. ਮਮਤਾ, ਡੀਨ ਵੈਦਿਕ ਸਟੱਡੀਜ਼ ਨੇ ਮਹਾਤਮਾ ਜੀ ਦੇ ‘ਵੇਦੋਂ ਕੀ ਤਰਫ ਲੋਟੋ’ ਨਾਅਰੇ ਨੂੰ ਪੇਸ਼ ਕਰਦਿਆਂ ਕਿਹਾ ਕਿ ਸਾਨੂੰ ਰੂੜ੍ਹੀਵਾਦੀ ਸੋਚ ਨੂੰ ਤਿਆਗ ਕੇ ਪਰੰਪਰਾ ਤੇ ਆਧੁਨਿਕਤਾ ਨੂੰ ਅਪਨਾਉਣਾ ਚਾਹੀਦਾ ਹੈ ਤਾਂ ਜੋ ਆਰੀਆ ਬਣਿਆ ਜਾ ਸਕੇ। ਡਾ. ਮੀਨੂੰ ਤਲਵਾੜ ਵੱਲੋਂ ਹਵਨ ਮੰਤਰਾਂ ਦਾ ਉਚਾਰਨ ਕੀਤਾ ਗਿਆ ਤੇ ਮਹਾਰਿਸ਼ੀ ਦਇਆਨੰਦ ਦੇ ਜੀਵਨ ਤੇ ਉਪਦੇਸ਼ਾਂ ਬਾਰੇ ਵਿਸਥਾਰਿਤ ਜਾਣਕਾਰੀ ਪ੍ਰਦਾਨ ਕੀਤੀ ਗਈ। ਕੁਮਾਰੀ ਜਾਨ੍ਹਵੀ ਵੱਲੋਂ ਇਸ ਮੌਕੇ ’ਤੇ ਮਹਾਰਿਸ਼ੀ ਦਇਆਨੰਦ ਜੀ ਦੀਆਂ ਸਿੱਖਿਆਵਾਂ ਤੇ ਸੰਸਕਾਰਾਂ ਦੇ ਸਬੰਧ ’ਚ ਭਾਸ਼ਣ ਪੇਸ਼ ਕੀਤਾ ਗਿਆ। ਇਸਦੇ ਨਾਲ ਹੀ ਸੰਸਥਾ ਦੇ ਸੰਗੀਤ ਵਿਭਾਗ ਵੱਲੋਂ ਭਜਨ ਦੀ ਪੇਸ਼ਕਾਰੀ ਕੀਤੀ ਗਈ ਤੇ ਸੁਪਰਡੰਟ ਐਡਮਿਨ ਰਵੀ ਮੈਨੀ ਵੱਲੋਂ ਮਾਸਿਕ ਵਿਚਾਰ ਦੀ ਪੇਸ਼ਕਾਰੀ ਕੀਤੀ ਗਈ। ਡਾ. ਮਮਤਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਸੀਮਾ ਮਰਵਾਹਾ, ਡੀਨ ਅਕਾਦਮਿਕ, ਸੁਪਰਡੰਟ ਅਕਾਊਂਟ ਪੰਕਜ ਜੋਤੀ ਤੇ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਮੈਂਬਰ ਹਾਜਰ ਰਹੇ।