ਸੜਕ ਹਾਦਸੇ ਦੌਰਾਨ ਜ਼ਖ਼ਮੀ ਨੌਜਵਾਨ ਦੀ ਮੌਤ
ਜਲੰਧਰ ਵਿੱਚ ਹਿੱਟ-ਐਂਡ-ਰਨ ਜਲੰਧਰ ਵਿੱਚ ਹਿੱਟ-ਐਂਡ-ਰਨ
Publish Date: Sat, 28 Mar 2026 11:49 PM (IST)
Updated Date: Sat, 28 Mar 2026 11:50 PM (IST)
-ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਵਿਸ਼ਾਲ ਸਾਗਰ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ
ਜਲੰਧਰ : ਅਰਬਨ ਅਸਟੇਟ ਫੇਜ਼-2 ’ਚ ਤੇਜ਼ ਰਫ਼ਤਾਰ ਅਣਪਛਾਤੀ ਕਾਰ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਵਿਸ਼ਾਲ ਸਾਗਰ ਦੀ ਮੌਤ ਹੋ ਗਈ। ਮ੍ਰਿਤਕ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ, ਜਿਸ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਜਾਣਕਾਰੀ ਅਨੁਸਾਰ ਵਿਸ਼ਾਲ ਸਾਗਰ, ਜੋ ਦੋ ਦਿਨ ਪਹਿਲਾਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਿਵੇਂ ਹੀ ਇਲਾਕੇ ਦੀਆਂ ਟ੍ਰੈਫਿਕ ਲਾਈਟਾਂ ਕੋਲ ਪੁੱਜਾ ਤਾਂ ਇਕ ਬੇਕਾਬੂ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਮਗਰੋਂ ਵਿਸ਼ਾਲ ਸੜਕ 'ਤੇ ਡਿੱਗ ਪਿਆ ਤੇ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸੇ ਮਗਰੋਂ ਚਾਲਕ ਕਾਰ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਰਾਹਗੀਰਾਂ ਨੇ ਜ਼ਖ਼ਮੀ ਵਿਸ਼ਾਲ ਨੂੰ ਹਸਪਤਾਲ ਪਹੁੰਚਾਇਆ। ਹਾਲਾਂਕਿ ਸ਼ੁੱਕਰਵਾਰ ਸ਼ਾਮ ਨੂੰ ਉਹ ਜ਼ਖ਼ਮਾਂ ਦੀ ਤਾਬ ਨੂੰ ਸਹਿਣ ਨਾ ਕਰ ਸਕਿਆ ਤੇ ਦਮ ਤੋੜ ਗਿਆ।
--
ਪੁਲਿਸ 'ਤੇ ਗੰਭੀਰ ਦੋਸ਼ : "ਵੀਵੀਆਈਪੀ ਡਿਊਟੀ" ਨੂੰ ਬਹਾਨਾ ਬਣਾਉਣਾ
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ 'ਤੇ ਲਾਪਰਵਾਹੀ ਦੇ ਗੰਭੀਰ ਦੋਸ਼ ਲਗਾਏ ਹਨ। ਪਰਿਵਾਰ ਦਾ ਦਾਅਵਾ ਹੈ ਕਿ ਪੁਲਿਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਤੇ ਮਾਮਲੇ ਨੂੰ ਸਿਰਫ਼ ਕਾਗਜ਼ੀ ਕਾਰਵਾਈ ਤੱਕ ਸੀਮਤ ਕਰ ਦਿੱਤਾ। ਪਰਿਵਾਰ ਨੇ ਦੋਸ਼ ਲਾਏ ਹਨ ਕਿ ਢੁੱਕਵੀਂ ਜਾਂਚ ਕਰਨ ਦੀ ਬਜਾਏ ਪੁਲਿਸ ਨੇ ਕਥਿਤ ਤੌਰ 'ਤੇ ਸਸਕਾਰ ਦੀਆਂ ਰਸਮਾਂ ਛੇਤੀ ਕਰਨ ਲਈ ਪਰਿਵਾਰ 'ਤੇ ਦਬਾਅ ਪਾਇਆ। ਜਦੋਂ ਪਰਿਵਾਰਕ ਮੈਂਬਰਾਂ ਨੇ ਸੀਸੀਟੀਵੀ ਫੁਟੇਜ ਤੇ ਮੁਲਜ਼ਮ ਦੀ ਪਛਾਣ ਬਾਰੇ ਪੁੱਛਗਿੱਛ ਕੀਤੀ ਤਾਂ ਪੁਲਿਸ ਮੁਲਾਜ਼ਮਾਂ ਨੇ ਕਥਿਤ ਤੌਰ ’ਤੇ "ਵੀਵੀਆਈਪੀ ਡਿਊਟੀ" ’ਤੇ ਤਾਇਨਾਤੀ ਦਾ ਬਹਾਨਾ ਲੈ ਕੇ ਗ਼ੈਰ-ਹਾਜ਼ਰ ਹੋਣ ਦੀ ਮਜਬੂਰੀ ਦੱਸੀ।
--------------------------
ਵਿਆਹ ਦੀਆਂ ਖੁਸ਼ੀਆਂ ਸੋਗ ’ਚ ਬਦਲੀਆਂ
ਦੱਸਿਆ ਜਾ ਰਿਹਾ ਹੈ ਕਿ ਵਿਸ਼ਾਲ ਦੀ ਵੱਡੀ ਭੈਣ ਦਾ ਹਾਲ ਹੀ ’ਚ ਵਿਆਹ ਹੋਇਆ ਸੀ ਤੇ ਘਰ ’ਚ ਹਾਲੇ ਵੀ ਖੁਸ਼ੀ ਦਾ ਮਾਹੌਲ ਹੈ। ਵਿਸ਼ਾਲ ਦੀ ਮੌਤ ਕਾਰਨ ਇਹ ਖੁਸ਼ੀ ਦਾ ਮਾਹੌਲ ਸੋਗ ’ਚ ਬਦਲ ਗਿਆ। ਇਨਸਾਫ਼ ਦੀ ਮੰਗ ਕਰਦਿਆਂ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਵਿਸ਼ਾਲ ਦੀਆਂ ਅੰਤਿਮ ਸੰਸਕਾਰ ਸਬੰਧੀ ਰਸਮਾਂ ਰੋਕ ਦਿੱਤੀਆਂ ਤੇ ਪੁਲਿਸ ਵਿਰੁੱਧ ਪ੍ਰਦਰਸ਼ਨ ਕੀਤਾ।
-----------------------
ਪ੍ਰਸ਼ਾਸਨ ਤੋਂ ਇਨਸਾਫ਼ ਦੀ ਅਪੀਲ
ਸਥਾਨਕ ਵਾਸੀਆਂ ਤੇ ਪੀੜਤ ਪਰਿਵਾਰ ਨੇ ਪ੍ਰਸ਼ਾਸਨ ਨੂੰ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕਰਨ ਤੇ ਫ਼ਰਾਰ ਡਰਾਈਵਰ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਉਹ ਇਨਸਾਫ਼ ਮਿਲਣ ਤੱਕ ਪਿੱਛੇ ਨਹੀਂ ਹਟਣਗੇ।