ਆਦਮਪੁਰ ਏਅਰਪੋਰਟ ਦਾ ਨਾਂ ਸ੍ਰੀ ਗੁਰੂ ਰਵਿਦਾਸ ਜੀ ਏਅਰਪੋਰਟ ਰੱਖਣ ਦਾ ਫ਼ੈਸਲਾ ਇਤਿਹਾਸਕ : ਰਾਣਾ
ਆਦਮਪੁਰ ਏਅਰਪੋਰਟ ਦਾ ਨਾਮ ‘ਸ੍ਰੀ ਗੁਰੂ ਰਵਿਦਾਸ ਜੀ’ ਦੇ ਨਾਮ ‘ਤੇ ਇਤਿਹਾਸਕ ਫੈਸਲਾ: ਰਾਣਾ
Publish Date: Sat, 31 Jan 2026 09:48 PM (IST)
Updated Date: Sun, 01 Feb 2026 04:14 AM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਤਵਾਰ ਨੂੰ ਪੰਜਾਬ ਦੀ ਧਰਤੀ ’ਤੇ ਆਉਣ ਤੇ ਆਦਮਪੁਰ ਏਅਰਪੋਰਟ ਦਾ ਨਾਮ ਬਦਲ ਕੇ ਸ੍ਰੀ ਗੁਰੂ ਰਵਿਦਾਸ ਜੀ ਏਅਰਪੋਰਟ ਰੱਖਣ ਦੇ ਫੈਸਲੇ ਦਾ ਭਾਜਪਾ ਹਲਕਾ ਸ਼ਾਹਕੋਟ ਦੇ ਕੈਂਪ ਇੰਚਾਰਜ ਰਾਣਾ ਹਰਦੀਪ ਸਿੰਘ ਨੇ ਭਰਵਾਂ ਸਵਾਗਤ ਕੀਤਾ ਹੈ। ਰਾਣਾ ਨੇ ਭਾਜਪਾ ਸਰਕਾਰ ਦੇ ਫੈਸਲੇ ਨੂੰ ਇਤਿਹਾਸਕ ਦੱਸਦਿਆਂ ਪ੍ਰਧਾਨ ਮੰਤਰੀ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਗੱਲਬਾਤ ਕਰਦਿਆਂ ਰਾਣਾ ਹਰਦੀਪ ਸਿੰਘ ਨੇ ਕਿਹਾ ਕਿ ਦੁਆਬਾ ਖੇਤਰ ਅਤੇ ਸਮੁੱਚੇ ਪੰਜਾਬ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਇਹ ਮੰਗ ਸੀ ਕਿ ਆਦਮਪੁਰ ਹਵਾਈ ਅੱਡੇ ਦਾ ਨਾਮ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ 'ਤੇ ਰੱਖਿਆ ਜਾਵੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰੂ ਰਵਿਦਾਸ ਮਹਾਰਾਜ ਦੇ 649ਵੇਂ ਪ੍ਰਕਾਸ਼ ਪੁਰਬ ਦੇ ਸ਼ੁਭ ਮੌਕੇ ‘ਤੇ ਇਹ ਤੋਹਫ਼ਾ ਦੇ ਕੇ ਸਾਬਤ ਕਰ ਦਿੱਤਾ ਹੈ ਕਿ ਉਹ ਪੰਜਾਬੀਆਂ ਅਤੇ ਖਾਸਕਰ ਰਵਿਦਾਸੀਆ ਭਾਈਚਾਰੇ ਦੀਆਂ ਭਾਵਨਾਵਾਂ ਦੀ ਕਿੰਨੀ ਕਦਰ ਕਰਦੇ ਹਨ। ਪ੍ਰਧਾਨ ਮੰਤਰੀ ਮੋਦੀ ਦਾ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਣ ਲਈ ਆਉਣਾ ਉਨ੍ਹਾਂ ਦੀ ਗੁਰੂ ਘਰ ਪ੍ਰਤੀ ਅਥਾਹ ਸ਼ਰਧਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਦੀ ਤਰੱਕੀ ਲਈ ਹਮੇਸ਼ਾ ਵਚਨਬੱਧ ਰਹੇਗੀ। ਇਸ ਮੌਕੇ ਸੀਨੀਅਰ ਭਾਜਪਾ ਆਗੂ ਰਵੀਸ਼ ਗੋਇਲ, ਸਾਬਕਾ ਐੱਮਸੀ ਹਰਦੇਵ ਸਿੰਘ ਪੀਟਾ, ਕਮਲ ਨਾਹਰ, ਅੰਮ੍ਰਿਤਪਾਲ ਸਿੰਘ ਜੋਨਾ, ਅਕਾਸ਼ਦੀਪ ਉੱਪਲ ਆਦਿ ਹਾਜ਼ਰ ਸਨ।