ਹਲਵਾਈ ਨਾਲ ਲੁੱਟ ਦੀ ਕੋਸ਼ਿਸ਼
ਹਾਈਵੇ ਲੁਟੇਰਾ ਗਿਰੋਹ ਸਰਗਰਮ, ਹਲਵਾਈ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ
Publish Date: Mon, 06 Apr 2026 07:47 PM (IST)
Updated Date: Mon, 06 Apr 2026 07:49 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰਾਇਆ : ਗੁਰਾਇਆ ਇਲਾਕੇ ’ਚ ਦੋ ਦਿਨ ਪਹਿਲਾਂ ਇਕ ਕਾਲਜ ਜਾ ਰਹੀ ਮਹਿਲਾ ਪ੍ਰੋਫੈਸਰ ਨਾਲ ਲੁੱਟਣ ਮਗਰੋਂ ਹੁਣ ਲੁਟੇਰਿਆਂ ਨੇ ਇਕ ਹਲਵਾਈ ਨੂੰ ਨਿਸ਼ਾਨਾ ਬਣਾਇਆ। ਪੀੜਤ ਮੋਹਿਤ ਯਾਦਵ ਵਾਸੀ ਗੁਰਾਇਆ ਨੇ ਦੱਸਿਆ ਕਿ ਉਹ ਹਲਵਾਈ ਦਾ ਕੰਮ ਕਰਦਾ ਹੈ ਤੇ ਫਿਲੌਰ ਦੇ ਪਿੰਡ ਤੇਹਿੰਗ ਤੋਂ ਆਪਣੇ ਸਾਥੀ ਨਾਲ ਮੋਟਰਸਾਈਕਲ ’ਤੇ ਵਾਪਸ ਆ ਰਿਹਾ ਸੀ। ਇਸ ਦੌਰਾਨ ਇਕ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨ ਉਸਦਾ ਪਿੱਛਾ ਕਰਨ ਲੱਗ ਪਏ। ਗੁਰਾਇਆ-ਬੋਪਾਰਾਏ ਨਹਿਰ ਨੇੜੇ ਇਕ ਕਾਲੋਨੀ ’ਚ ਲੁਟੇਰਿਆਂ ਨੇ ਉਨ੍ਹਾਂ ਨੂੰ ਘੇਰ ਕੇ ਲੁੱਟਣ ਦੀ ਕੋਸ਼ਿਸ਼ ਕੀਤੀ। ਰੌਲਾ ਸੁਣ ਕੇ ਨੇੜਲੇ ਘਰਾਂ ’ਚੋਂ ਲੋਕ ਬਾਹਰ ਆ ਗਏ, ਜਿਸ ਕਾਰਨ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਹਾਲਾਂਕਿ ਜਾਂਦੇ ਸਮੇਂ ਉਨ੍ਹਾਂ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਪੀੜਤ ਨੇ ਇਸ ਸਬੰਧੀ ਗੁਰਾਇਆ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ।