ਬਾਇਓ ਗੈਸ ਪਲਾਂਟ ਦੇ ਵਿਰੋਧ ’ਚ ਅੱਜ ਹੋਵੇਗਾ ਹਾਈਵੇ ਜਾਮ
ਬਾਇਓ ਗੈਸ ਪਲਾਂਟ ਦੇ ਵਿਰੋਧ ’ਚ ਅੱਜ ਹੋਵੇਗਾ ਹਾਈਵੇ ਜਾਮ
Publish Date: Sun, 01 Feb 2026 08:42 PM (IST)
Updated Date: Mon, 02 Feb 2026 04:14 AM (IST)

-------------ਤਸਵੀਰ ਹਿੰਦੀ ਚੋਂ 102-------------- ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਬਾਇਓ (ਸੀਐਨਜੀ) ਗੈਸ ਪਲਾਂਟ ਦੇ ਵਿਰੋਧ ਤੇ ਚਾਰਾ ਮੰਡੀ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਵਾਤਾਵਰਣ ਪ੍ਰੇਮੀ ਤੇ ਆਮ ਲੋਕਾਂ ਵੱਲੋਂ ਸੋਮਵਾਰ ਨੂੰ ਦਿੱਲੀ–ਅੰਮ੍ਰਿਤਸਰ ਹਾਈਵੇ ’ਤੇ ਮੈਕਡੋਨਾਲਡਜ਼, ਬਾਠ ਕੈਸਲ ਦੇ ਨੇੜੇ ਜਾਮ ਲਗਾਇਆ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਜਲੰਧਰ ਕੁਲਵਿੰਦਰ ਸਿੰਘ ਮਾਛਿਆਣਾ, ਸਰੰਖਸ਼ਕ ਪਰਗਟ ਸਿੰਘ ਸਰਹਾਲੀ ਤੇ ਸਰਪੰਚ ਕਮਲਜੀਤ ਕੌਰ ਚਿਤੇਆਣੀ ਨੇ ਦੱਸਿਆ ਕਿ ਮਨੁੱਖੀ ਜੀਵਨ ਨੂੰ ਖ਼ਤਰੇ ’ਚ ਪਾਉਂਦੇ ਹੋਏ ਸਰਕਾਰ ਵੱਲੋਂ ਪਿੰਡ ਚਿਤੇਆਣੀ ਤੇ ਡੇਅਰੀ ਕੰਪਲੈਕਸ ਦੀ ਹੱਦ ਅੰਦਰ ਸਥਿਤ ਚਾਰਾ ਮੰਡੀ ਦੀ ਥਾਂ ’ਤੇ ਬਾਇਓ ਗੈਸ ਕੰਪ੍ਰੈਸਡ ਸੀਐੱਨਜੀ ਗੈਸ ਪਲਾਂਟ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੀਆਂ ਨੀਤੀਆਂ ਤੇ ਕਾਰਪੋਰੇਟ ਘਰਾਣਿਆਂ ਨਾਲ ਸਾਂਠ-ਗਾਂਠ ਨਿਭਾਉਣ ਲਈ ਪੂਰੇ ਦੋਆਬੇ ਦੀ ਚਾਰਾ ਮੰਡੀ ਨੂੰ ਜ਼ਬਰਦਸਤੀ ਬੰਦ ਕਰਕੇ ਉਸ ਦੀ ਥਾਂ ਲੋਕਾਂ ਨੂੰ ਬਾਰੂਦ ਦੇ ਢੇਰ ’ਤੇ ਬਿਠਾਉਣ ਵਰਗਾ ਬਾਇਓ ਗੈਸ ਕੰਪ੍ਰੈਸਡ ਸੀਐਨਜੀ ਗੈਸ ਪਲਾਂਟ ਸਥਾਪਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪਲਾਂਟ ਨੂੰ ਬੰਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਆਸ-ਪਾਸ ਦੇ ਪਿੰਡਾਂ ਦੇ ਲੋਕ ਤੇ ਵਾਤਾਵਰਣ ਪ੍ਰਤੀ ਚਿੰਤਿਤ ਨਾਗਰਿਕ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਇਸ ਸਬੰਧ ’ਚ ਡਿਪਟੀ ਕਮਿਸ਼ਨਰ ਜਲੰਧਰ ਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਮੰਗ-ਪੱਤਰ ਵੀ ਸੌਂਪੇ ਜਾ ਚੁੱਕੇ ਹਨ, ਪਰ ਨਤੀਜੇ ਜ਼ੀਰੋ ਰਹੇ ਹਨ। ਜਗਜੀਤ ਸਿੰਘ ਡੱਲੇਵਾਲ ਤੇ ਪ੍ਰਦੇਸ਼ ਕਮੇਟੀ ਵੱਲੋਂ 2 ਫਰਵਰੀ ਦੇ ਜਾਮ ਲਈ ਬੀਕੇਯੂ ਏਕਤਾ ਸਿੱਧੂਪੁਰ ਦੇ 11 ਜ਼ਿਲ੍ਹਿਆਂ ਦੀ ਡਿਊਟੀ ਲਗਾਈ ਗਈ ਹੈ। ਇਸ ’ਚ ਵੱਡੇ ਕਾਫ਼ਲਿਆਂ ਨਾਲ ਸੰਗਠਨ ਤੇ ਵਾਤਾਵਰਣ ਪ੍ਰਤੀ ਚਿੰਤਿਤ ਵੱਖ-ਵੱਖ ਵਰਗਾਂ ਦੇ ਲੋਕ ਕੱਲ੍ਹ ਦੇ ਜਾਮ ’ਚ ਸ਼ਾਮਲ ਹੋਣਗੇ।