ਕਾਰਾਂ ਟਕਰਾਉਣ ਨਾਲ 4 ਜਣੇ ਜ਼ਖ਼ਮੀ
ਤੇਜ਼ ਰਫ਼ਤਾਰ ਔਡੀ ਥਾਰ ਨਾਲ ਟਕਰਾਈ
Publish Date: Mon, 16 Mar 2026 09:30 PM (IST)
Updated Date: Mon, 16 Mar 2026 09:34 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਦੇਰ ਰਾਤ ਜਲੰਧਰ ਦੇ ਪੀਪੀਆਰ ਮਾਰਕੀਟ ’ਚ ਵਿਨੈ ਮੰਦਰ ਨੇੜੇ ਇਕ ਤੇਜ਼ ਰਫ਼ਤਾਰ ਕਾਰ ਦੀ ਦੂਜੀ ਕਾਰ ਨਾਲ ਟੱਕਰ ਹੋ ਗਈ। ਹਾਦਸੇ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਸ ’ਚ ਟੱਕਰ ਤੋਂ ਬਾਅਦ ਇਕ ਕਾਰ ਸੜਕ ਕੰਢੇ ਪਲਟਦੀ ਦਿਖਾਈ ਦੇ ਰਹੀ ਹੈ। ਰਿਪੋਰਟਾਂ ਅਨੁਸਾਰ ਚਾਰ ਖਿਡਾਰੀ ਇਕ ਕਾਰ ’ਚ ਯਾਤਰਾ ਕਰ ਰਹੇ ਸਨ। ਜ਼ਖਮੀਆਂ ’ਚ ਤਨਵੀਰ ਸਿੰਘ (ਮੁਕੇਰੀਆਂ ਦਾ ਰਹਿਣ ਵਾਲਾ) ਅਮਰਾਨ, ਰੌਕੀ ਤੇ ਮੀਤ ਦੀਪ ਸਿੰਘ ਸ਼ਾਮਲ ਹਨ। ਜ਼ਖਮੀਆਂ ਨੂੰ ਤੁਰੰਤ ਡਾਕਟਰੀ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਪੀੜਤਾਂ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਜ਼ਖਮੀਆਂ ਦੀ ਮਦਦ ਕਰਨ ਦੀ ਬਜਾਏ, ਦੂਜੀ ਕਾਰ ਦੇ ਡਰਾਈਵਰ ਹਾਦਸੇ ਤੋਂ ਤੁਰੰਤ ਬਾਅਦ ਮੌਕੇ ਤੋਂ ਭੱਜ ਗਿਆ। ਮੁਲਜ਼ਮ ਚੀਮਾ ਚੌਕ ਵੱਲ ਜਾ ਰਿਹਾ ਸੀ। ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਕਾਰ ਦੇ ਡਰਾਈਵਰ ਨੇ ਦੱਸਿਆ ਕਿ ਉਹ ਆਪਣਾ ਕੰਮ ਖਤਮ ਕਰਕੇ ਪੀਪੀਆਰ ਮਾਰਕੀਟ ਤੋਂ ਘਰ ਵਾਪਸ ਆ ਰਿਹਾ ਸੀ ਤੇ ਆਪਣੀ ਗੱਡੀ ਆਮ ਰਫ਼ਤਾਰ ਨਾਲ ਚਲਾ ਰਿਹਾ ਸੀ। ਪਿੱਛਿਓਂ ਤੋਂ ਆ ਰਹੀ ਇਕ ਔਡੀ ਕਾਰ ਨੇ ਲਾਪਰਵਾਹੀ ਨਾਲ ਉਸਦੀ ਗੱਡੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਥਾਰ ਦਾ ਪਿਛਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਸੰਤੁਲਨ ਵਿਗੜ ਮਗਰੋਂ ਕਾਰ ਪਲਟ ਗਈ। ਹਾਦਸੇ ਤੋਂ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਨੇ ਔਡੀ ਦੇ ਡਰਾਈਵਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਾਰ ਭਜਾ ਕੇ ਫ਼ਰਾਰ ਹੋਣ ’ਤੇ ਕਾਮਯਾਬ ਰਿਹਾ। ਪੀੜਤਾਂ ਦੇ ਪੱਖ ਨੇ ਪੁਲਿਸ ਸਟੇਸ਼ਨ ਨੰਬਰ 6 ’ਚ ਸ਼ਿਕਾਇਤ ਦਰਜ ਕਰਵਾਈ ਹੈ। ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਪੁਲਿਸ ’ਤੇ ਨਿਰਪੱਖ ਕਾਰਵਾਈ ਕਰਨ ’ਚ ਅਸਫਲ ਰਹਿਣ ਦਾ ਵੀ ਦੋਸ਼ ਲਾਇਆ ਹੈ। ਪੁਲਿਸ ਮਾਮਲੇ ਦੀ ਸਰਗਰਮੀ ਨਾਲ ਜਾਂਚ ਕਰ ਰਹੀ ਹੈ।