ਕਿਸ਼ਨਗੜ੍ਹ ਚੌਕ ’ਚ ਘੰਟਿਆਂਬੱਧੀ ਲੱਗਾ ਰਿਹਾ ਟਰੈਫਿਕ ਜਾਮ
ਕਿਸ਼ਨਗੜ੍ਹ ਚੌਕ ’ਚ ਘੰਟਿਆਂ ਤੱਕ ਭਾਰੀ ਟਰੈਫਿਕ ਜਾਮ
Publish Date: Mon, 05 Jan 2026 07:16 PM (IST)
Updated Date: Tue, 06 Jan 2026 04:09 AM (IST)

-ਕਸਬੇ ਦੇ ਦੁਕਾਨਦਾਰ ਤੇ ਰਾਹਗੀਰ ਹੋਏ ਡਾਢੇ ਪਰੇਸ਼ਾਨ ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਜਲੰਧਰ-ਪਠਾਨਕੋਟ ਕੌਮੀ ਸ਼ਾਹ ਮਾਰਗ ’ਤੇ ਸਥਿਤ ਅੱਡਾ ਕਿਸ਼ਨਗੜ੍ਹ ਚੌਕ ’ਚ ਆਏ ਦਿਨ ਘੰਟਿਆਂਬੱਧੀ ਭਾਰੀ ਟਰੈਫਿਕ ਜਾਮ ਲੱਗਣ ਕਾਰਨ ਸਥਾਨਕ ਵਸਨੀਕਾਂ, ਦੁਕਾਨਦਾਰਾਂ ਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋਮਵਾਰ ਵੀ ਲੋਕ 3 ਤਿੰਨ ਘੰਟੇ ਲੰਮੇਂ ਜਾਮ ’ਚ ਫਸੇ ਰਹੇ। ਸਥਾਨਕ ਲੋਕਾਂ ਅਨੁਸਾਰ ਦੁਪਹਿਰ ਕਰੀਬ 2:30 ਵਜੇ ਤੋਂ ਸ਼ਾਮ 5:30 ਵਜੇ ਤੱਕ ਟਰੈਫਿਕ ਜਾਮ ਲੱਗਾ ਰਿਹਾ। ਟਰੈਫਿਕ ਜਾਮ ਕਾਰਨ ਬਾਜ਼ਾਰ ’ਚ ਖਰੀਦੋ-ਫਰੋਖਤ ਪ੍ਰਭਾਵਿਤ ਰਹੀ ਤੇ ਦੁਕਾਨਦਾਰਾਂ ਦੀ ਰੋਜ਼ਾਨਾ ਦੁਕਾਨਦਾਰੀ ਨੂੰ ਨੁਕਸਾਨ ਪਹੁੰਚਿਆ। ਇਸ ਤੋਂ ਇਲਾਵਾ ਕਿਸ਼ਨਗੜ੍ਹ ਤੇ ਆਸਪਾਸ ਦੇ ਪਿੰਡਾਂ ਦੀ ਆਮ ਜ਼ਿੰਦਗੀ ਵੀ ਪ੍ਰਭਾਵਿਤ ਹੋਈ। ਭਾਰੀ ਜਾਮ ਦੌਰਾਨ ਐਮਰਜੈਂਸੀ ਸੇਵਾਵਾਂ ਸਮੇਤ ਐਂਬੂਲੈਂਸਾਂ ਨੂੰ ਵੀ ਕਾਫ਼ੀ ਦੇਰ ਤੱਕ ਫਸੇ ਰਹਿਣਾ ਪਿਆ। ਜਾਮ ਦੀ ਸੂਚਨਾ ਮਿਲਣ ’ਤੇ ਸ਼ਾਮ ਕਰੀਬ 4 ਵਜੇ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ’ਤੇ ਪਹੁੰਚੀ। ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਟਰੈਫਿਕ ਪੁਲਿਸ ਤੇ ਪੁਲਿਸ ਚੌਕੀ ਅਲਾਵਲਪੁਰ ਦੇ ਇੰਚਾਰਜ ਏਐੱਸਆਈ ਪਰਮਜੀਤ ਸਿੰਘ ਆਪਣੀ ਟੀਮ ਸਮੇਤ ਜਾਮ ਖੁੱਲ੍ਹਵਾਉਣ ਲਈ ਮੌਕੇ ’ਤੇ ਪਹੁੰਚੇ। ਕਾਫੀ ਜੱਦੋ-ਜਹਿਦ ਤੋਂ ਬਾਅਦ ਦੇਰ ਸ਼ਾਮ ਤੱਕ ਟਰੈਫਿਕ ਨੂੰ ਸੁਚੱਜਾ ਬਣਾਇਆ ਗਿਆ।