'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਹੈਰੋਇਨ ਸਮੇਤ ਨੌਜਵਾਨ ਕਾਬੂ
ਭਾਰੀ ਪੁਲਿਸ ਫੋਰਸ ਨੇ 'ਨਸ਼ਿਆਂ ਵਿਰੁੱਧ ਜੰਗ' ਮੁਹਿੰਮ ਤਹਿਤ ਬਸਤੀ ਬਾਵਾ ਖੇਲ ਵਿਚ ਕੀਤੀ ਛਾਪਾਮਾਰੀ
Publish Date: Thu, 16 Apr 2026 10:44 PM (IST)
Updated Date: Thu, 16 Apr 2026 10:48 PM (IST)

- 4 ਸ਼ੱਕੀ ਵਿਅਕਤੀ ਹਿਰਾਸਤ -14 ਮੋਟਰਸਾਈਕਲ ਜ਼ਬਤ ਕੀਤੇ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦੇ ਨਿਰਦੇਸ਼ਾਂ ਤੇ ਕਾਰਵਾਈ ਕਰਦੇ ਹੋਏ ਡਰੱਗ ਮਾਫੀਆ ਤੇ ਸਮਾਜ ਵਿਰੋਧੀ ਅਨਸਰਾਂ ਦੀ ਰੀੜ੍ਹ ਦੀ ਹੱਡੀ ਤੋੜਨ ਦੇ ਉਦੇਸ਼ ਨਾਲ ਪੁਲਿਸ ਨੇ ਵੀਰਵਾਰ ਨੂੰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸ਼ਹਿਰ ਦੇ ਸੰਵੇਦਨਸ਼ੀਲ ਖੇਤਰਾਂ ’ਚ ਇਕ ਵੱਡੀ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਏਡੀਸੀਪੀ-2 ਰਾਕੇਸ਼ ਯਾਦਵ ਦੀ ਅਗਵਾਈ ’ਚ ਇਕ ਭਾਰੀ ਪੁਲਿਸ ਫੋਰਸ ਨੇ ਪੂਰੀ ਤਲਾਸ਼ੀ ਲਈ ਬਸਤੀ ਬਾਵਾ ਖੇਲ, ਕਟਹਿਰਾ ਮੁਹੱਲਾ ਤੇ ਨਿਊ ਗੌਤਮ ਨਗਰ ਵਰਗੇ ਇਲਾਕਿਆਂ ਨੂੰ ਚਾਰੇ ਪਾਸਿਓਂ ਘੇਰ ਲਿਆ। ਏਸੀਪੀ ਪੱਛਮੀ ਤੇ ਐੱਸਐੱਚਓ ਜੈਇੰਦਰ ਸਿੰਘ ਦੀ ਮੌਜੂਦਗੀ ’ਚ, ਪੁਲਿਸ ਟੀਮਾਂ ਨੇ ਸ਼ੇਰਾਂ ਵਾਲਾ ਗਰਾਊਂਡ ਤੇ ਕਟੜਾ ਮੁਹੱਲਾ ਦੇ ਪ੍ਰਵੇਸ਼ ਤੇ ਨਿਕਾਸ ਰਸਤਿਆਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ। ਤਲਾਸ਼ੀ ਦੌਰਾਨ ਪੁਲਿਸ ਨੇ ਇਕ ਨੌਜਵਾਨ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਮੁਲਜ਼ਮ ਵਿਰੁੱਧ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਆਪ੍ਰੇਸ਼ਨ ਦੌਰਾਨ 10 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ, ਇਨ੍ਹਾਂ ’ਚੋਂ 4 ਸ਼ੱਕੀਆਂ ਨੂੰ ਡੂੰਘਾਈ ਨਾਲ ਪੁੱਛਗਿੱਛ ਤੇ ਤਸਦੀਕ ਲਈ ਪੁਲਿਸ ਸਟੇਸ਼ਨ ਲਿਜਾਇਆ ਗਿਆ ਹੈ। ਇਸ ਤੋਂ ਇਲਾਵਾ ਪੁਲਿਸ ਵੱਲੋਂ ਕੀਤੀ ਗਈ ਨਾਕਾਬੰਦੀ ਦੌਰਾਨ ਵਾਹਨਾਂ ਦੀ ਜਾਂਚ ਕੀਤੀ ਗਈ ਇਸ ਦੌਰਾਨ ਦਸਤਾਵੇਜ਼ਾਂ ਦੀ ਘਾਟ ਕਾਰਨ 14 ਮੋਟਰਸਾਈਕਲ ਜ਼ਬਤ ਕੀਤੇ ਗਏ। ਪੁਲਿਸ ਨੂੰ ਸ਼ੱਕ ਹੈ ਕਿ ਇਨ੍ਹਾਂ ਵਾਹਨਾਂ ਦੀ ਵਰਤੋਂ ਅਪਰਾਧਿਕ ਗਤੀਵਿਧੀਆਂ, ਜਿਵੇਂ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਜਾਂ ਖੋਹ ਲਈ ਕੀਤੀ ਜਾ ਰਹੀ ਸੀ। ਏਡੀਸੀਪੀ ਰਾਕੇਸ਼ ਯਾਦਵ ਨੇ ਦੱਸਿਆ ਕਿ ਇਹੀ ਮੁਹਿੰਮ ਆਉਣ ਵਾਲੇ ਦਿਨਾਂ ’ਚ ਵੀ ਜਾਰੀ ਰਹੇਗੀ ਤੇ ਕਿਸੇ ਵੀ ਅਪਰਾਧੀ ਨੂੰ ਬਖਸ਼ਿਆ ਨਹੀਂ ਜਾਵੇਗਾ।