ਸਿਹਤ ਬੀਮਾ ਯੋਜਨਾ ‘ਆਪ’ ਦਾ ਸਿਆਸੀ ਸਟੰਟ : ਰਜਿੰਦਰ ਬੇਰੀ
ਸਿਹਤ ਬੀਮਾ ਯੋਜਨਾ ਆਮ ਆਦਮੀ ਪਾਰਟੀ ਦਾ ਸਿਆਸੀ ਸਟੰਟ : ਰਜਿੰਦਰ ਬੇਰੀ
Publish Date: Sat, 24 Jan 2026 08:26 PM (IST)
Updated Date: Sun, 25 Jan 2026 04:22 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੇ ਆਖ਼ਰੀ ਸਾਲ ’ਚ ਪੰਜਾਬ ਦੇ ਲੋਕਾਂ ਲਈ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਲਾਂਚ ਕਰਨਾ ਸਿਰਫ਼ ਇਕ ਸਿਆਸੀ ਸਟੰਟ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਨਜ਼ਦੀਕ ਆਉਂਦਿਆਂ ਲੋਕਾਂ ਨੂੰ ਭਰਮਾਉਣ ਲਈ ਅਜਿਹੇ ਐਲਾਨ ਕੀਤੇ ਜਾ ਰਹੇ ਹਨ। ਰਜਿੰਦਰ ਬੇਰੀ ਨੇ ਕਿਹਾ ਕਿ ਸਾਲ 2022 ’ਚ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਮਹਿਲਾਵਾਂ ਨੂੰ 1000 ਰੁਪਏ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਦੇ ਚਾਰ ਬਜਟ ਸੈਸ਼ਨ ਬੀਤ ਜਾਣ ਦੇ ਬਾਵਜੂਦ ਇਸ ਵਾਅਦੇ ’ਤੇ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਹਰ ਮਹਿਲਾ ਨੂੰ ਲਗਭਗ 48 ਹਜ਼ਾਰ ਰੁਪਏ ਮਿਲ ਜਾਣੇ ਚਾਹੀਦੇ ਸਨ, ਪਰ ਕਿਸੇ ਦੇ ਖਾਤੇ ’ਚ ਇਕ ਰੁਪਇਆ ਵੀ ਨਹੀਂ ਆਇਆ। ਉਨ੍ਹਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਨੇ ਬੋਰਡਾਂ, ਫਲੈਕਸਾਂ ਤੇ ਇਸ਼ਤਿਹਾਰਬਾਜ਼ੀ ’ਤੇ ਕਰੋੜਾਂ ਰੁਪਏ ਖਰਚ ਕਰ ਦਿੱਤੇ, ਜੋ ਕਿ ਪੰਜਾਬ ਦੀਆਂ ਮਹਿਲਾਵਾਂ ਨੂੰ ਸਿੱਧਾ ਲਾਭ ਦੇਣ ਲਈ ਵਰਤੇ ਜਾ ਸਕਦੇ ਸਨ। ਉਨ੍ਹਾਂ ਕਿਹਾ ਕਿ ਮੌਜੂਦਾ ਸਿਹਤ ਬੀਮਾ ਯੋਜਨਾ ਵੀ ਮੁਹੱਲਾ ਕਲੀਨਿਕਾਂ ਵਾਂਗ ਹੀ ਨਾਕਾਮ ਸਾਬਤ ਹੋਵੇਗੀ, ਜੋ ਸਿਰਫ਼ ਪੁਰਾਣੀਆਂ ਇਮਾਰਤਾਂ ’ਤੇ ਰੰਗ-ਰੋਗਣ ਕਰਕੇ ਤੇ ਮੁੱਖ ਮੰਤਰੀ ਦੀਆਂ ਫੋਟੋਆਂ ਲਗਾ ਕੇ ਬਣਾਏ ਗਏ ਸਨ। ਰਜਿੰਦਰ ਬੇਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸਿਹਤ ਕ੍ਰਾਂਤੀ ਤੇ ਸਿੱਖਿਆ ਕ੍ਰਾਂਤੀ ਦੇ ਜੋ ਦਾਅਵੇ ਕੀਤੇ ਗਏ ਸਨ, ਉਹ ਪੂਰੀ ਤਰ੍ਹਾਂ ਝੂਠੇ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੂੰ ਸੱਚਮੁੱਚ ਲੋਕਾਂ ਦੀ ਸਿਹਤ ਦੀ ਚਿੰਤਾ ਹੁੰਦੀ ਤਾਂ ਇਹ ਸਿਹਤ ਬੀਮਾ ਯੋਜਨਾ 2022 ’ਚ ਹੀ ਸ਼ੁਰੂ ਕੀਤੀ ਜਾਣੀ ਚਾਹੀਦੀ ਸੀ, ਨਾ ਕਿ ਚੋਣਾਂ ਵਾਲੇ ਸਾਲ ’ਚ। ਉਨ੍ਹਾਂ ਕਿਹਾ ਕਿ ਕਾਰਡ ਬਣਾਉਣਾ ਆਸਾਨ ਹੈ ਪਰ ਇਹ ਕਾਰਡ ਹਸਪਤਾਲਾਂ ’ਚ ਕਿੰਨੇ ਪ੍ਰਭਾਵਸ਼ਾਲੀ ਸਾਬਤ ਹੁੰਦੇ ਹਨ, ਇਹ ਸਮਾਂ ਹੀ ਦੱਸੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਕਾਂਗਰਸ ਆਗੂ ਸੁਦੇਸ਼ ਭਗਤ, ਚੇਅਰਮੈਨ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਅਰੁਣ ਰਤਨ, ਜ਼ਿਲ੍ਹਾ ਕਾਂਗਰਸ ਦੇ ਜਨਰਲ ਸਕੱਤਰ ਸੁਧੀਰ ਘੁੱਗੀ ਤੇ ਉਪ ਪ੍ਰਧਾਨ ਅਕਸ਼ਵੰਤ ਖੋਸਲਾ ਵੀ ਮੌਜੂਦ ਸਨ।