ਗੰਭੀਰ ਬਿਮਾਰ ਪਰਿਵਾਰ ਨੂੰ ਕੋਹਲੀ ਨੇ ਜਾਰੀ ਕੀਤਾ ਬੀਮਾ ਕਾਰਡ
ਵਾਰਡ ਨੰਬਰ 12 ’ਚ ਗੰਭੀਰ ਬਿਮਾਰ ਗਰੀਬ ਪਰਿਵਾਰ ਨੂੰ
Publish Date: Tue, 17 Feb 2026 07:30 PM (IST)
Updated Date: Tue, 17 Feb 2026 07:33 PM (IST)

-ਤੁਰੰਤ ਕਾਰਵਾਈ ਨਾਲ ਲੋੜਵੰਦ ਪਰਿਵਾਰ ਨੂੰ ਮਿਲੀ ਮੁਫ਼ਤ ਇਲਾਜ ਦੀ ਸਹੂਲਤ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਸੈਂਟਰਲ ਦੇ ਵਾਰਡ ਨੰਬਰ 12 ’ਚ ਅੱਜ ਇਕ ਲੋੜਵੰਦ ਪਰਿਵਾਰ ਨੂੰ ਵੱਡੀ ਰਾਹਤ ਮਿਲੀ। ਇਹ ਪਰਿਵਾਰ ਲੰਬੇ ਸਮੇਂ ਤੋਂ ਗੰਭੀਰ ਬਿਮਾਰੀ ਨਾਲ ਜੂਝ ਰਿਹਾ ਸੀ ਤੇ ਆਰਥਿਕ ਤੰਗੀ ਕਾਰਨ ਢੰਗ ਨਾਲ ਇਲਾਜ ਨਹੀਂ ਕਰਵਾ ਸਕਦਾ ਸੀ। ਹਸਪਤਾਲ ਦੇ ਵਧਦੇ ਖਰਚੇ, ਮਹਿੰਗੀਆਂ ਦਵਾਈਆਂ ਤੇ ਟੈਸਟ ਉਨ੍ਹਾਂ ਲਈ ਵੱਡੀ ਚੁਣੌਤੀ ਬਣੇ ਹੋਏ ਸਨ। ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤੇ ਜਲੰਧਰ ਸੈਂਟਰਲ ਹਲਕਾ ਇੰਚਾਰਜ ਨਿਤਿਨ ਕੋਹਲੀ ਖੁਦ ਪਰਿਵਾਰ ਦੇ ਘਰ ਪੁੱਜੇ ਤੇ ਉਨ੍ਹਾਂ ਦੀ ਸਿਹਤ ਤੇ ਆਰਥਿਕ ਸਥਿਤੀ ਦਾ ਜਾਇਜ਼ਾ ਲਿਆ। ਗੰਭੀਰਤਾ ਨੂੰ ਦੇਖਦਿਆਂ ਸਬੰਧਤ ਵਿਭਾਗ ਨਾਲ ਤੁਰੰਤ ਸੰਪਰਕ ਕਰਕੇ ਜਰੂਰੀ ਦਸਤਾਵੇਜ਼ੀ ਕਾਰਵਾਈ ਸ਼ੁਰੂ ਕਰਵਾਈ ਗਈ। ਯੋਗਤਾ ਪੂਰੀ ਹੋਣ ਉਪਰੰਤ ਪਰਿਵਾਰ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਕਾਰਡ ਜਾਰੀ ਕਰਵਾਇਆ ਗਿਆ। ਹੁਣ ਪਰਿਵਾਰ ਦਾ ਇਲਾਜ ਨਿਰਧਾਰਿਤ ਹਸਪਤਾਲਾਂ ’ਚ ਕੈਸ਼ਲੇਸ ਸਹੂਲਤ ਨਾਲ ਕੀਤਾ ਜਾ ਸਕੇਗਾ, ਜਿਸ ਨਾਲ ਉਨ੍ਹਾਂ ਨੂੰ ਵੱਡੀ ਆਰਥਿਕ ਰਾਹਤ ਮਿਲੇਗੀ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਮਕਸਦ ਹੈ ਕਿ ਕੋਈ ਵੀ ਨਾਗਰਿਕ ਸਿਰਫ਼ ਪੈਸਿਆਂ ਦੀ ਕਮੀ ਕਾਰਨ ਇਲਾਜ ਤੋਂ ਵਾਂਝਾ ਨਾ ਰਹੇ। ਸਰਕਾਰ ਸਿਹਤ ਸੇਵਾਵਾਂ ਨੂੰ ਹਰ ਵਰਗ ਤੱਕ ਪਹੁੰਚਾਉਣ ਲਈ ਲਗਾਤਾਰ ਕਦਮ ਚੁੱਕ ਰਹੀ ਹੈ। ਜਲੰਧਰ ਸੈਂਟਰਲ ’ਚ ਜਨ-ਕਲਿਆਣ ਦੀ ਸੋਚ ਨਾਲ ਘਰ-ਘਰ ਜਾ ਕੇ ਯੋਗ ਪਰਿਵਾਰਾਂ ਦੀ ਪਛਾਣ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਸਰਕਾਰੀ ਯੋਜਨਾਵਾਂ ਨਾਲ ਜੋੜਿਆ ਜਾ ਰਿਹਾ ਹੈ ਤਾਂ ਜੋ ਹਰ ਲੋੜਵੰਦ ਨੂੰ ਸਮੇਂ ਸਿਰ ਇਲਾਜ ਮਿਲ ਸਕੇ। ਅੰਤ ’ਚ ਜਲੰਧਰ ਸੈਂਟਰਲ ਹਲਕਾ ਇੰਚਾਰਜ ਨਿਤਿਨ ਕੋਹਲੀ ਨੇ ਕਿਹਾ ਕਿ ਉਨ੍ਹਾਂ ਦਾ ਪੱਕਾ ਸੰਕਲਪ ਹੈ ਕਿ ਹਲਕੇ ਦਾ ਕੋਈ ਵੀ ਲੋੜਵੰਦ ਪਰਿਵਾਰ ਸਰਕਾਰੀ ਯੋਜਨਾਵਾਂ ਤੋਂ ਵਾਂਝਾ ਨਾ ਰਹੇ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਭਵਿੱਖ ’ਚ ਵੀ ਉਹ ਖੁਦ ਮੈਦਾਨ ’ਚ ਰਹਿ ਕੇ ਘਰ-ਘਰ ਜਾ ਕੇ ਮਦਦ ਯਕੀਨੀ ਬਣਾਉਣਗੇ ਤਾਂ ਜੋ ਹਰ ਨਾਗਰਿਕ ਨੂੰ ਸਨਮਾਨ ਨਾਲ ਸਿਹਤ ਸੁਰੱਖਿਆ ਮਿਲ ਸਕੇ।