10 ਲੱਖ ਦੇ ਸਿਹਤ ਬੀਮੇ ਨਾਲ ਹਰ ਵਰਗ ਨੂੰ ਮਿਲੀ ਵੱਡੀ ਰਾਹਤ : ਪੰਡੋਰੀ
10 ਲੱਖ ਦੇ ਸਿਹਤ ਬੀਮੇ ਨਾਲ ਹਰ ਵਰਗ ਨੂੰ ਮਿਲੀ ਵੱਡੀ ਰਾਹਤ : ਪੰਡੋਰੀ
Publish Date: Fri, 23 Jan 2026 07:34 PM (IST)
Updated Date: Fri, 23 Jan 2026 07:36 PM (IST)

- ਸੀਐੱਚਸੀ ਸ਼ਾਹਕੋਟ ’ਚ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਬਣਾਉਣ ਦੀ ਸ਼ੁਰੂਆਤ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਸ਼ਾਹਕੋਟ: ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਤੇ 10 ਲੱਖ ਤਕ ਦਾ ਮੁਫ਼ਤ ਇਲਾਜ ਦੇਣ ਲਈ ਸ਼ੁਰੂ ਕੀਤੀ ‘ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਤਹਿਤ ਸੀਐੱਚਸੀ ਸ਼ਾਹਕੋਟ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ ਦੇ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਤੇ ਹੋਰ ਆਗੂਆਂ ਵੱਲੋਂ ਸ਼ਿਰਕਤ ਕਰ ਕੇ ਬੀਮਾ ਯੋਜਨਾ ਦੇ ਕਾਰਡ ਬਣਾਉਣ ਦੀ ਰਸਮੀ ਸ਼ੁਰੂਆਤ ਕਰਵਾਈ ਗਈ। ਸੀਨੀਅਰ ਮੈਡੀਕਲ ਅਫਸਰ ਡਾ. ਦੀਪਕ ਚੰਦਰ ਦੀ ਅਗਵਾਈ ਹੇਠ ਹਸਪਤਾਲ ਸਟਾਫ ਵੱਲੋਂ ਮੁੱਖ ਮਹਿਮਾਨ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ 10 ਲੱਖ ਰੁਪਏ ਦਾ ਸਿਹਤ ਬੀਮਾ ਦੇ ਕੇ ਹਰ ਵਰਗ ਨੂੰ ਵੱਡੀ ਰਾਹਤ ਦਿੱਤੀ ਹੈ। ਅੱਜ ਦੇ ਮਹਿੰਗਾਈ ਦੇ ਦੌਰ ਵਿਚ ਗ਼ਰੀਬ ਲਈ ਦਵਾਈ ਖਰੀਦਣੀ ਵੀ ਔਖੀ ਹੈ, ਪਰ ਸਰਕਾਰ ਨੇ ਇਸ ਚਿੰਤਾ ਨੂੰ ਖਤਮ ਕਰ ਦਿੱਤਾ ਹੈ। ਜੇਕਰ ਸਿਹਤ ਚੰਗੀ ਹੋਵੇਗੀ ਤਾਂ ਹੀ ਇਨਸਾਨ ਕੰਮ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਲੋਕਾਂ ਲਈ ਕੰਮ ਕਰ ਰਹੀ ਹੈ। ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਪੰਡੋਰੀ ਨੇ ਕਿਹਾ ਕਿ ਸ਼ਾਹਕੋਟ ਤੋਂ ਢੰਡੋਵਾਲ-ਪੰਡੋਰੀ ਹੁੰਦੇ ਹੋਏ ਨਕੋਦਰ ਜਾਣ ਵਾਲੀ 14 ਕਿਲੋਮੀਟਰ ਸੜਕ ਦਾ ਨਿਰਮਾਣ ਜੰਗੀ ਪੱਧਰ ’ਤੇ ਜਾਰੀ ਹੈ। ਕਿਸਾਨਾਂ ਲਈ ਨਹਿਰੀ ਪਾਣੀ ਦੀ ਵਿਵਸਥਾ, ਜ਼ੀਰੋ ਬਿਜਲੀ ਬਿੱਲ ਅਤੇ ਨੌਜਵਾਨਾਂ ਨੂੰ 60 ਹਜ਼ਾਰ ਦੇ ਕਰੀਬ ਨੌਕਰੀਆਂ ਦੇ ਕੇ ਸਰਕਾਰ ਨੇ ਰਿਕਾਰਡ ਕਾਇਮ ਕੀਤੇ ਹਨ। ਸਾਬਕਾ ਐੱਮਸੀ ਤੇ ਸਿੱਖਿਆ ਕੋਆਰਡੀਨੇਟਰ ਜਤਿੰਦਰਪਾਲ ਬੱਲਾ ਨੇ ਦੱਸਿਆ ਕਿ ਪੂਰੇ ਪਰਿਵਾਰ ਦਾ ਇੱਕ ਹੀ ਕਾਰਡ ਬਣੇਗਾ। 18 ਸਾਲ ਤੋਂ ਉੱਪਰ ਦੇ ਮੈਂਬਰਾਂ ਲਈ ਵੋਟਰ ਕਾਰਡ ਅਤੇ ਆਧਾਰ ਕਾਰਡ ਲਾਜ਼ਮੀ ਹੈ, ਪਰ ਸ਼ਰਤ ਇਹ ਹੈ ਕਿ ਆਧਾਰ ਕਾਰਡ ਅਪਡੇਟ ਹੋਣਾ ਚਾਹੀਦਾ ਹੈ। 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਜਨਮ ਦਾ ਸਬੂਤ ਅਤੇ ਆਧਾਰ ਕਾਰਡ ਜ਼ਰੂਰੀ ਹੈ। ਇਹ ਸਕੀਮ ਸਿਰਫ਼ ਗ਼ਰੀਬ ਪਰਿਵਾਰਾਂ ਲਈ ਹੀ ਨਹੀਂ ਹੈ, ਸਗੋਂ ਹਰ ਵਰਗ ਦੇ ਲੋਕਾਂ ਦਾ ਕਾਰਡ ਬਣੇਗਾ। ਯੂਥ ਕਲੱਬ ਦੇ ਮੈਂਬਰਾਂ ਵੱਲੋਂ ਘਰ-ਘਰ ਜਾ ਕੇ ਕਾਰਡ ਬਣਾਉਣ ਲਈ ਪਰਚੀ ਕੱਟੀ ਜਾਵੇਗੀ, ਜਿਸ ਤੋਂ ਬਾਅਦ ਕਾਮਨ ਸਰਵਿਸ ਸੈਂਟਰ ਵਿਚ ਜਾ ਕੇ ਕਾਰਡ ਬਣਾਇਆ ਜਾ ਸਕਦਾ ਹੈ। ਸੀਐੱਸਸੀ ਇੰਚਾਰਜ ਸ਼ੌਨੇ ਭਾਰਤੀ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਕਾਰਡ ਬਣਾਉਣ ਦੀ ਪ੍ਰਕਿਰਿਆ ਦੱਸੀ। ਐੱਸਐੱਮਓ ਡਾ. ਦੀਪਕ ਚੰਦਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕੇਂਦਰ ਦੀ 5 ਲੱਖ ਦੀ ਸਕੀਮ ਨੂੰ ਵਧਾ ਕੇ 10 ਲੱਖ ਰੁਪਏ ਕਰ ਦਿੱਤਾ ਹੈ। ਪੰਜਾਬ ਭਰ ਦੇ 800 ਪ੍ਰਾਈਵੇਟ ਹਸਪਤਾਲ ਇਸ ਸਕੀਮ ਅਧੀਨ ਪੈਨਲ ’ਤੇ ਲਏ ਗਏ ਹਨ। ਇਸ ਤੋਂ ਇਲਾਵਾ ਫੋਰਟਿਸ ਹਸਪਤਾਲ, ਮੈਡੀਕਲ ਕਾਲਜਾਂ ਅਤੇ ਪੀਜੀਆਈ ਨੂੰ ਵੀ ਇਸ ਵਿਚ ਸ਼ਾਮਲ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਤਾਂ ਜੋ ਗੰਭੀਰ ਬਿਮਾਰੀਆਂ ਦਾ ਇਲਾਜ ਵੀ ਮੁਫ਼ਤ ਹੋ ਸਕੇ। ਉਨ੍ਹਾਂ ਸਮਾਗਮ ’ਚ ਪਹੁੰਚੇ ਸਮੂਹ ਆਗੂਆਂ ਦਾ ਧੰਨਵਾਦ ਕੀਤਾ। ਸਟੇਜ ਦੀ ਕਾਰਵਾਈ ਹਰਜਿੰਦਰ ਬਾਗਪੁਰ ਵੱਲੋਂ ਬਾਖੂਬੀ ਚਲਾਈ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐੱਮਸੀ ਪ੍ਰਵੀਨ ਗਰੋਵਰ, ਮਾਰਕੀਟ ਕਮੇਟੀ ਚੇਅਰਮੈਨ ਬਲਵੀਰ ਸਿੰਘ ਢੰਡੋਵਾਲ, ਐੱਮਸੀ ਰਾਖੀ ਮੱਟੂ, ਡਾ. ਧੀਰਜ ਕੁਮਾਰ, ਡਾ. ਮਨਪ੍ਰੀਤ ਸਿੰਘ, ਫਾਰਮੇਸੀ ਅਫਸਰ ਤਰਨਦੀਪ ਸਿੰਘ ਰੂਬੀ, ਪੰਕਜ ਸਰੀਨ, ਜਸਵਿੰਦਰ ਕੌਰ ਸਚਦੇਵਾ, ਦਿਵਾਕਰ ਗੁਪਤਾ, ਕਪਿਲ ਗੋਇਲ, ਬਲਜਿੰਦਰ ਸਿੰਘ ਖਿੰਡਾ, ਵਪਾਰੀ ਕਮਿਸ਼ਨ ਮੈਂਬਰ ਕੁਲਦੀਪ ਸਿੰਘ ਦੀਦ, ਪਰਮਵੀਰ ਪੰਮਾ, ਰੂਪ ਲਾਲ ਸ਼ਰਮਾ, ਸੁਧੀਰ ਨਾਹਰ ਸਮੇਤ ਹੋਰ ‘ਆਪ’ ਵਰਕਰ ਤੇ ਹਸਪਤਾਲ ਸਟਾਫ ਮੌਜੂਦ ਸਨ।