‘ਸਾਡੇ ਬਜ਼ੁਰਗ, ਸਾਡਾ ਮਾਣ’ ਤਹਿਤ ਜਾਂਚ ਕੈਂਪ 2 ਤੋਂ
‘ਸਾਡੇ ਬਜ਼ੁਰਗ, ਸਾਡਾ ਮਾਣ’ ਮੁਹਿੰਮ ਤਹਿਤ ਬਜ਼ੁਰਗਾਂ ਲਈ ਕਰਤਾਰਪੁਰ, ਫਿਲੌਰ ਤੇ ਜੰਡਿਆਲਾ ਵਿਖੇ ਲਗਾਏ ਜਾਣਗੇ ਸਿਹਤ ਜਾਂਚ ਕੈਂਪ
Publish Date: Sat, 28 Feb 2026 07:11 PM (IST)
Updated Date: Sat, 28 Feb 2026 07:13 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਦੀ ਭਲਾਈ ਲਈ ਸ਼ੁਰੂ ਕੀਤੀ ‘ਸਾਡੇ ਬਜ਼ੁਰਗ, ਸਾਡਾ ਮਾਣ’ ਮੁਹਿੰਮ ਤਹਿਤ ਜ਼ਿਲ੍ਹੇ ’ਚ ਵੱਖ-ਵੱਖ ਥਾਈਂ ਲਗਾਏ ਜਾ ਰਹੇ ਮੁਫ਼ਤ ਸਿਹਤ ਜਾਂਚ ਕੈਂਪਾਂ ਦੀ ਲੜੀ ਤਹਿਤ ਕਰਤਾਰਪੁਰ, ਫਿਲੌਰ ਤੇ ਜੰਡਿਆਲਾ ਵਿਖੇ ਸਿਹਤ ਜਾਂਚ ਕੈਂਪ ਲਗਾਏ ਜਾ ਰਹੇ ਹਨ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨਰੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ 2 ਮਾਰਚ ਨੂੰ ਕਮਿਊਨਿਟੀ ਹੈਲਥ ਸੈਂਟਰ, ਕਰਤਾਰਪੁਰ, 9 ਮਾਰਚ ਨੂੰ ਐੱਸਡੀਐੱਸ (ਸਿਵਲ ਹਸਪਤਾਲ) ਫਿਲੌਰ ਤੇ 16 ਮਾਰਚ ਨੂੰ ਪਬਲਿਕ ਹੈਲਥ ਸੈਂਟਰ ਜੰਡਿਆਲਾ ਵਿਖੇ ਸਿਹਤ ਜਾਂਚ ਕੈਂਪ ਲਗਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ’ਚ ਵਡੇਰੀ ਉਮਰ ’ਚ ਹੋਣ ਵਾਲੀਆਂ ਸਮੱਸਿਆਵਾਂ, ਜਿਵੇਂ ਅੱਖਾਂ ਦਾ ਮੋਤੀਆ, ਜੋੜਾਂ ਦੇ ਦਰਦ ਤੇ ਹੋਰ ਸਰੀਰਿਕ ਬਿਮਾਰੀਆਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਅੱਖਾਂ ਦੀ ਜਾਂਚ ਦੌਰਾਨ ਜਿਹੜੇ ਮਰੀਜ਼ ਸਰਜਰੀ ਦੀ ਲੋੜ ਵਾਲੇ ਪਾਏ ਗਏ, ਉਨ੍ਹਾਂ ਦੇ ਆਪ੍ਰੇਸ਼ਨ ਸਿਹਤ ਵਿਭਾਗ ਵੱਲੋਂ ਮੁਫ਼ਤ ਕਰਵਾਏ ਜਾਣਗੇ। ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਤਹਿਤ ਬਜ਼ੁਰਗਾਂ ਲਈ ਯੋਗ ਅਭਿਆਸ ਕੈਂਪ ਵੀ ਲਗਾਏ ਜਾ ਰਹੇ ਹਨ, ਜਿਨ੍ਹਾਂ ਦਾ ਸੈਂਕੜੇ ਬਜ਼ੁਰਗਾਂ ਵੱਲੋਂ ਲਾਭ ਲਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਬਜ਼ੁਰਗਾਂ ਨੂੰ ਵਿੱਤੀ ਤੇ ਡਿਜੀਟਲ ਸਾਖ਼ਰਤਾ ਤੇ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਬਜ਼ੁਰਗਾਂ ਨੂੰ ਸਿਹਤਮੰਦ ਤੇ ਸੁਰੱਖਿਅਤ ਜੀਵਨ ਮੁਹੱਈਆ ਕਰਵਾਉਣ ਲਈ ਇਹ ਪਹਿਲ ਕੀਤੀ ਗਈ ਹੈ। ਉਨ੍ਹਾਂ ਬਜ਼ੁਰਗਾਂ ਨੂੰ ਇਨ੍ਹਾਂ ਸਿਹਤ ਜਾਂਚ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਦਾ ਸੱਦਾ ਦਿੱਤਾ।