ਮੇਹਰਚੰਦ ਪੋਲੀਟੈਕਨਿਕ ’ਚ ਲੱਗਾ ਚੈੱਕਅੱਪ ਕੈਂਪ
ਮੇਹਰਚੰਦ ਪੋਲੀਟੈਕਨਿਕ ਵਿਖੇ ਹੈਲਥ ਚੈੱਕਅੱਪ ਕੈਂਪ ਲਗਾਇਆ
Publish Date: Tue, 17 Mar 2026 06:44 PM (IST)
Updated Date: Tue, 17 Mar 2026 06:46 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮੇਹਰਚੰਦ ਪੋਲੀਟੈਕਨਿਕ ਕਾਲਜ ’ਚ ਵਿਦਿਆਰਥੀਆਂ ਤੇ ਸਟਾਫ ਦੀ ਸਿਹਤ ਨੂੰ ਧਿਆਨ ’ਚ ਰੱਖਦੇ ਹੋਏ ਰੈੱਡ ਰਿਬਨ ਕਲੱਬ ਦੇ ਸਹਿਯੋਗ ਨਾਲ ਇਕ ਵਿਸ਼ੇਸ਼ ਮੈਡੀਕਲ ਹੈਲਥ ਚੈੱਕਅੱਪ ਕੈਂਪ ਲਗਾਇਆ। ਇਸ ਕੈਂਪ ’ਚ ਕਾਲਜ ਦੇ ਵੱਖ-ਵੱਖ ਵਿਭਾਗਾਂ ਨਾਲ ਸੰਬੰਧਿਤ ਸਟਾਫ ਮੈਂਬਰਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਆਪਣੀ ਸਿਹਤ ਦੀ ਜਾਂਚ ਕਰਵਾਈ। ਕੈਂਪ ਦਾ ਉਦਘਾਟਨ ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਵੱਲੋਂ ਡਾਕਟਰਾਂ ਦੀ ਟੀਮ ਦਾ ਤਹਿ ਦਿਲੋਂ ਸਵਾਗਤ ਕਰਨ ਤੋਂ ਬਾਅਦ ਕੀਤਾ ਗਿਆ। ਇਸ ਮੌਕੇ ’ਤੇ ਆਪਣੇ ਸੰਬੋਧਨ ’ਚ ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਹੈਲਥ ਕੈਂਪ ਸਮੇਂ ਦੀ ਲੋੜ ਹਨ, ਕਿਉਂਕਿ ਇਹ ਸਾਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕਰਨ ’ਚ ਮਦਦ ਕਰਦੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਸੀਂ ਆਪਣੀ ਦਿਨਚਰੀ ਤੇ ਲਾਈਫਸਟਾਈਲ ’ਚ ਸੁਧਾਰ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਖਾਸ ਕਰਕੇ ਸਰੀਰ ’ਚ ਵੱਧ ਰਹੀ ਚਰਬੀ (ਫੈਟ) ਨੂੰ ਘਟਾਉਣ ਲਈ ਸੰਤੁਲਿਤ ਆਹਾਰ ਤੇ ਨਿਯਮਿਤ ਵਿਆਯਾਮ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਫਾਸਟ ਫੂਡ ਤੋਂ ਦੂਰ ਰਹਿਣ ਤੇ ਸਿਹਤਮੰਦ ਖੁਰਾਕ ਅਪਣਾਉਣ ਦੀ ਸਲਾਹ ਵੀ ਦਿੱਤੀ। ਕੈਂਪ ਦੌਰਾਨ ਡਾਕਟਰਾਂ ਦੀ ਟੀਮ ਵੱਲੋਂ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਵਿਸਰਲ ਫੈਟ, ਬੀਐੱਮਆਈ (ਬਾਡੀ ਮਾਸ ਇੰਡੈਕਸ) ਤੇ ਬਾਇਲੋਜੀਕਲ ਉਮਰ ਵਰਗੇ ਮਹੱਤਵਪੂਰਨ ਪੈਰਾਮੀਟਰਾਂ ਦੀ ਜਾਂਚ ਕੀਤੀ ਗਈ। ਇਸ ਨਾਲ ਸਟਾਫ ਮੈਂਬਰਾਂ ਨੂੰ ਆਪਣੀ ਸਿਹਤ ਦੀ ਅਸਲੀ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਹੋਈ ਤੇ ਉਹ ਆਪਣੀ ਜੀਵਨ ਸ਼ੈਲੀ ’ਚ ਲੋੜੀਂਦੇ ਬਦਲਾਅ ਕਰਨ ਲਈ ਪ੍ਰੇਰਿਤ ਹੋਏ। ਕਾਲਜ ਦੇ ਸਾਰੇ ਸਟਾਫ ਨੇ ਇਸ ਕੈਂਪ ਪ੍ਰਤੀ ਖਾਸ ਰੁਚੀ ਤੇ ਉਤਸ਼ਾਹ ਦਿਖਾਇਆ ਤੇ ਇਸ ਨੂੰ ਇਕ ਸ਼ਾਨਦਾਰ ਪਹਿਲ ਕਰਾਰ ਦਿੱਤਾ। ਅੰਤ ’ਚ ਪ੍ਰਬੰਧਕਾਂ ਵੱਲੋਂ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ ਗਿਆ ਤੇ ਭਵਿੱਖ ’ਚ ਵੀ ਇਸ ਤਰ੍ਹਾਂ ਦੇ ਕੈਂਪ ਲਾਉਣ ਦਾ ਭਰੋਸਾ ਦਿੱਤਾ ਗਿਆ। ਇਹ ਕੈਂਪ ਨਾ ਸਿਰਫ ਸਿਹਤ ਸਬੰਧੀ ਜਾਗਰੂਕਤਾ ਫੈਲਾਉਣ ’ਚ ਸਹਾਇਕ ਸਾਬਤ ਹੋਇਆ, ਸਗੋਂ ਸਟਾਫ ਨੂੰ ਤੰਦਰੁਸਤ ਜੀਵਨਸ਼ੈਲੀ ਵੱਲ ਪ੍ਰੇਰਿਤ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ।