ਮੋਬਾਈਲ ਦੇਰ ਰਾਤ ਚਲਾਉਣ ਤੋਂ ਰੋਕਿਆ, ਪਤਨੀ ਨੇ ਕੀਤਾ ਵਿਵਾਦ ਤਾਂ ਹੋ ਗਿਆ ਤਲਾਕ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ ਅਰਬਨ ਅਸਟੇਟ ’ਚ ਇਕ ਜੋੜੇ ਵਿਚਾਲੇ ਇੰਟਰਨੈੱਟ ਮੀਡੀਆ ਨੇ ਇੰਨੀ ਕੁੜੱਤਣ ਪੈਦਾ ਕਰ ਦਿੱਤੀ ਕਿ ਮਾਮਲਾ ਤਲਾਕ ਤੱਕ ਪੁੱਜ ਗਿਆ। ਪਤੀ ਨੇ ਪਤਨੀ ਨੂੰ ਦੇਰ ਰਾਤ ਤੱਕ ਮੋਬਾਈਲ ਚਲਾਉਣ ਤੋਂ ਮਨ੍ਹਾਂ ਕੀਤਾ ਤਾਂ ਗੱਲ ਬਹਿਸ ਤੋਂ ਵਧ ਕੇ ਝਗੜੇ ਤੱਕ ਪੁੱਜ ਗਈ। ਦੋਸ਼ ਲੱਗਾ ਕਿ ਗੁੱਸੇ ’ਚ ਪਤੀ ਨੇ ਹੱਥ ਚੁੱਕ ਲਿਆ, ਜਿਸ ਤੋਂ ਬਾਅਦ ਪਤਨੀ ਨੇ ਮਹਿਲਾ ਥਾਣੇ ’ਚ ਸ਼ਿਕਾਇਤ ਦਰਜ ਕਰਵਾ ਦਿੱਤੀ। ਮਾਮਲਾ ਤਲਾਕ ਤੱਕ ਪੁੱਜਾ ਤੇ ਤਲਾਕ ਹੋ ਵੀ ਗਿਆ। ਇਹ ਕੋਈ ਇਕੱਲਾ ਮਾਮਲਾ ਨਹੀਂ, ਸਗੋਂ ਸ਼ਹਿਰ ’ਚ ਤੇਜ਼ੀ ਨਾਲ ਬਦਲਦੇ ਡਿਜੀਟਲ ਦੌਰ ਦੀ ਹਕੀਕਤ ਬਣਦਾ ਜਾ ਰਿਹਾ ਹੈ, ਜਿੱਥੇ ਇੰਟਰਨੈੱਟ ਮੀਡੀਆ ਵਿਆਹਕ ਰਿਸ਼ਤਿਆਂ ’ਚ ਜ਼ਹਿਰ ਘੋਲ ਰਿਹਾ ਹੈ। ਪਿਛਲੇ ਛੇ ਮਹੀਨਿਆਂ ’ਚ ਜਲੰਧਰ ਦੇ ਥਾਣਿਆਂ ’ਚ ਲਗਭਗ 200 ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚ ਪਤੀ-ਪਤਨੀ ਦੇ ਵਿਚਾਲੇ ਇੰਟਰਨੈੱਟ ਆ ਗਿਆ ਹੈ। ਆਪਸੀ ਗੱਲਬਾਤ ਦੀ ਕਮੀ ਇੰਨੀ ਵਧ ਗਈ ਹੈ ਕਿ ਦੋਵੇਂ ਇਕ-ਦੂਜੇ ਨੂੰ ਸਮਝਣ ਲਈ ਤਿਆਰ ਨਹੀਂ ਹਨ। ਇਹ ਵੀ ਨਹੀਂ ਕਿ ਮੋਬਾਈਲ ਸਿਰਫ ਇਕ ਪਾਸੇ ਲਈ ਸਮੱਸਿਆ ਹੈ ਕਿਸੇ ਲਈ ਇਹ ਕੰਮਕਾਜ ਦਾ ਸਾਧਨ ਹੈ ਤਾਂ ਦੂਜੇ ਲਈ ਸਮਾਂ ਬਿਤਾਉਣ ਤੇ ਮਨੋਰੰਜਨ ਦਾ ਜ਼ਰੀਆ। ਹਾਲਾਤ ਇਹ ਹੋ ਗਏ ਹਨ ਕਿ ਘਰੇਲੂ ਹਿੰਸਾ ਦੇ ਕਈ ਮਾਮਲਿਆਂ ’ਚ ਵੀ ਇੰਟਰਨੈੱਟ ਮੀਡੀਆ ਦੀ ਭੂਮਿਕਾ ਸਾਹਮਣੇ ਆ ਰਹੀ ਹੈ।
------------------------
ਕੇਸ 1 : ਲਾਸਟ ਸੀਨ ਬਣਿਆ ਵਿਵਾਦ ਦੀ ਜੜ
ਜਲੰਧਰ ਵਿਚ ਸਾਈਬਰ ਥਾਣੇ ’ਚ ਆਈ ਇਕ ਸ਼ਿਕਾਇਤ ’ਚ ਪਤਨੀ ਨੇ ਪਤੀ ਦਾ “ਲਾਸਟ ਸੀਨ” ਰਾਤ 2 ਵਜੇ ਵੇਖਿਆ। ਸ਼ੱਕ ਦੇ ਕਾਰਨ ਪੁੱਛਗਿੱਛ ਸ਼ੁਰੂ ਹੋਈ, ਜੋ ਇਲਜ਼ਾਮਸਾਜ਼ੀ ’ਚ ਬਦਲ ਗਈ। ਪਤੀ ਨੇ ਕਿਹਾ ਕਿ ਉਹ ਦਫ਼ਤਰ ਦਾ ਕੰਮ ਕਰ ਰਿਹਾ ਸੀ ਪਰ ਪਤਨੀ ਨੂੰ ਵਿਸ਼ਵਾਸ ਨਹੀਂ ਹੋਇਆ। ਹੌਲੀ-ਹੌਲੀ ਗੱਲਬਾਤ ਘੱਟ ਹੋ ਗਈ ਤੇ ਮਾਮਲਾ ਕੌਂਸਲਿੰਗ ਤੱਕ ਪੁੱਜ ਗਿਆ।
ਕੇਸ 2 : ਆਨਲਾਈਨ ਦੋਸਤੀ ਨੇ ਤੋੜਿਆ ਰਿਸ਼ਤਾ
ਜਲੰਧਰ ਦੇ ਬਸਤੀਆਂ ਇਲਾਕੇ ’ਚ ਇਕ ਔਰਤ ਦੀ ਸੋਸ਼ਲ ਮੀਡੀਆ ’ਤੇ ਬਣੀ ਦੋਸਤੀ ਉਸ ਦੇ ਵਿਆਹੁਤਾ ਜੀਵਨ ’ਤੇ ਭਾਰੀ ਪੈ ਗਈ। ਪਤੀ ਨੂੰ ਜਦੋਂ ਚੈਟ ਬਾਰੇ ਪਤਾ ਲੱਗਾ ਤਾਂ ਘਰ ’ਚ ਰੋਜ਼ਾਨਾ ਝਗੜੇ ਹੋਣ ਲੱਗੇ। ਗੱਲ ਇੰਨੀ ਵਧ ਗਈ ਕਿ ਦੋਵੇਂ ਵੱਖ ਰਹਿਣ ਲੱਗੇ ਤੇ ਹੁਣ ਮਾਮਲਾ ਅਦਾਲਤ ’ਚ ਵਿਚਾਰਧੀਨ ਹੈ।
ਕੇਸ 3 : ਫੋਨ ਚੈੱਕ ਕਰਨ ਦੀ ਆਦਤ ਨਾਲ ਵਧਿਆ ਅਵਿਸ਼ਵਾਸ
120 ਫੁੱਟੀ ਰੋਡ ’ਤੇ ਇਕ ਪਤੀ ਆਪਣੀ ਪਤਨੀ ਦਾ ਫੋਨ ਵਾਰ-ਵਾਰ ਚੈੱਕ ਕਰਦਾ ਸੀ। ਪਤਨੀ ਨੇ ਇਸ ਨੂੰ ਆਪਣੀ ਨਿੱਜਤਾ ’ਚ ਦਖਲ ਦੱਸਿਆ। ਦੋਵੇਂ ’ਚ ਤਣਾਅ ਵਧਦਾ ਗਿਆ ਤੇ ਆਖਰਕਾਰ ਪਤਨੀ ਨੇ ਮਾਨਸਿਕ ਪੀੜਾ ਦਾ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਕਰ ਦਿੱਤੀ।
ਕੇਸ 4 : ਵਿਵਾਦ ਦਾ ਕਾਰਨ ਬਣੀ ਇੰਸਟਾਗ੍ਰਾਮ ਰੀਲ
ਰੇਲਵੇ ਰੋਡ ’ਤੇ ਇਕ ਜੋੜੇ ’ਚ ਵਿਵਾਦ ਦਾ ਕਾਰਨ ਇੰਸਟਾਗ੍ਰਾਮ ਰੀਲਜ਼ ਬਣ ਗਈ। ਪਤਨੀ ਘੰਟਿਆਂ ਮੋਬਾਈਲ ’ਤੇ ਰੁੱਝੀ ਰਹਿੰਦੀ ਸੀ, ਜਿਸ ਨਾਲ ਪਤੀ ਨੂੰ ਸਮਾਂ ਨਹੀਂ ਮਿਲਦਾ ਸੀ। ਇਸ ਗੱਲ ’ਤੇ ਰੋਜ਼ਾਨਾ ਬਹਿਸ ਹੁੰਦੀ ਰਹੀ ਤੇ ਆਖਰਕਾਰ ਦੋਵੇਂ ਵੱਖ ਹੋ ਗਏ।
ਕੇਸ 5 : ਫ਼ਰਜ਼ੀ ਪ੍ਰੋਫਾਈਲ ਨੇ ਵਧਾਇਆ ਸ਼ੱਕ
ਇਕ ਮਾਮਲੇ ’ਚ ਪਤੀ ਨੂੰ ਪਤਨੀ ਦੇ ਨਾਮ ਨਾਲ ਬਣੀ ਫਰਜ਼ੀ ਪ੍ਰੋਫ਼ਾਈਲ ’ਤੇ ਇਤਰਾਜ਼ਯੋਗ ਚੈਟ ਮਿਲੀ। ਜਾਂਚ ’ਚ ਪਤਾ ਲੱਗਾ ਕਿ ਪ੍ਰੋਫ਼ਾਈਲ ਨਕਲੀ ਸੀ ਪਰ ਉਦੋਂ ਤੱਕ ਰਿਸ਼ਤੇ ’ਚ ਇੰਨੀ ਬੇਭਰੋਸਗੀ ਆ ਚੁੱਕੀ ਸੀ ਕਿ ਦੋਵੇਂ ਨੇ ਵੱਖ ਹੋਣ ਦਾ ਫੈਸਲਾ ਕਰ ਲਿਆ।
---------------------------
ਕਿਉਂ ਖਤਮ ਹੋ ਰਹੇ ਹਨ ਰਿਸ਼ਤੇ?
ਮਨੋਵਿਗਿਆਨੀ ਡਾ. ਟੀਐੱਲ ਚੋਪੜਾ ਅਨੁਸਾਰ ਇੰਟਰਨੈੱਟ ਮੀਡੀਆ ਦੀ ਵੱਧ ਵਰਤੋਂ ਰਿਸ਼ਤਿਆਂ ’ਚ ਕਈ ਸਮੱਸਿਆਵਾਂ ਪੈਦਾ ਕਰ ਰਹੀ ਹੈ। ਸਭ ਤੋਂ ਵੱਡਾ ਕਾਰਨ ਹੈ ਸ਼ੱਕ ਤੇ ਅਸੁਰੱਖਿਆ ਦੀ ਭਾਵਨਾ। ਜਦੋਂ ਇਕ ਸਾਥੀ ਦੂਜੇ ਦੇ ਆਨਲਾਈਨ ਸਰਗਰਮੀ ’ਤੇ ਜ਼ਿਆਦਾ ਨਿਗਰਾਨੀ ਰੱਖਦਾ ਹੈ ਤਾਂ ਛੋਟੀਆਂ ਗੱਲਾਂ ਵੀ ਵੱਡੇ ਵਿਵਾਦ ਬਣ ਜਾਂਦੀਆਂ ਹਨ। ਦੂਜਾ ਕਾਰਨ ਹੈ ਸਮੇਂ ਦੀ ਕਮੀ ਲੋਕ ਆਪਣੇ ਸਾਥੀ ਦੀ ਥਾਂ ਮੋਬਾਈਲ ਨੂੰ ਵੱਧ ਸਮਾਂ ਦੇ ਰਹੇ ਹਨ। ਇਸ ਨਾਲ ਭਾਵਨਾਤਮਕ ਦੂਰੀ ਵਧਦੀ ਹੈ। ਤੀਜਾ ਕਾਰਨ ਹੈ ਨਿੱਜਤਾ ਦਾ ਉਲੰਘਣ ਇਕ-ਦੂਜੇ ਦਾ ਫੋਨ ਚੈੱਕ ਕਰਨਾ ਜਾਂ ਚੈਟ ਪੜ੍ਹਨਾ ਤਣਾਅ ਪੈਦਾ ਕਰਦਾ ਹੈ।
---------------------
ਕੀ ਕਹਿੰਦੇ ਹਨ ਮਾਹਰ?
ਮਨੋਵਿਗਿਆਨੀ ਡਾ. ਕੋਮਲ ਦਾ ਮੰਨਣਾ ਹੈ ਕਿ ਡਿਜੀਟਲ ਪਲੇਟਫਾਰਮ ’ਤੇ ਬੇਹੱਦ ਸਰਗਰਮੀ ਰਿਸ਼ਤਿਆਂ ’ਚ ਅਸੰਤੁਲਨ ਪੈਦਾ ਕਰ ਰਹੀ ਹੈ। ਲੋਕ ਅਸਲ ਗੱਲਬਾਤ ਦੀ ਥਾਂ ਵਰਚੁਅਲ ਦੁਨੀਆ ’ਚ ਵੱਧ ਫਸ ਰਹੇ ਹਨ, ਜਿਸ ਨਾਲ ਆਪਸੀ ਸਮਝ ਘਟ ਰਹੀ ਹੈ।
---------------------
ਰਿਸ਼ਤਿਆਂ ਨੂੰ ਬਚਾਉਣ ਲਈ
ਆਪਸੀ ਗੱਲਬਾਤ ਵਧਾਓ
ਮੋਬਾਈਲ ਤੇ ਸੋਸ਼ਲ ਮੀਡੀਆ ਦੀ ਵਰਤੋਂ ਲਈ ਸਮਾਂ ਤੈਅ ਕਰੋ
ਇਕ-ਦੂਜੇ ’ਤੇ ਭਰੋਸਾ ਬਣਾਈ ਰੱਖੋ
ਨਿੱਜਤਾ ਦਾ ਸਤਿਕਾਰ ਕਰੋ
ਜ਼ਰੂਰਤ ਪਏ ਤਾਂ ਕੌਂਸਲਿੰਗ ਲਓ
-------------------------
ਅਦਾਲਤਾਂ ’ਚ ਆ ਰਹੇ ਘਰੇਲੂ ਹਿੰਸਾ ਦੇ ਕਈ ਮਾਮਲਿਆਂ ’ਚ ਹੁਣ ਇੰਟਰਨੈੱਟ ਮੀਡੀਆ ਨਾਲ ਜੁੜੇ ਤਣਾਅ ਵੀ ਸ਼ਾਮਲ ਹੋ ਰਹੇ ਹਨ। ਲੋਕਾਂ ’ਚ ਆਪਸੀ ਭਰੋਸੇ ਦੀ ਕਮੀ ਤੇ ਇੰਟਰਨੈੱਟ ਨਾਲ ਵਧਦਾ ਜੁੜਾਅ ਇਸ ਦਾ ਵੱਡਾ ਕਾਰਨ ਹੈ। ਪਿਛਲੇ ਕੁਝ ਮਹੀਨਿਆਂ ’ਚ ਅਜਿਹੇ ਦਰਜਨਾਂ ਕੇਸ ਅਦਾਲਤ ’ਚ ਪੈਂਡਿੰਗ ਹਨ। ਐਡਵੋਕੇਟ ਵਿਨੇ ਸ਼ਰਮਾ ਅਨੁਸਾਰ ਲੋਕਾਂ ਨੂੰ ਚਾਹੀਦਾ ਹੈ ਕਿ ਆਪਸੀ ਦੂਰੀਆਂ ਘਟਾਉਣ ਲਈ ਇਕ-ਦੂਜੇ ਨਾਲ ਵੱਧ ਸਮਾਂ ਬਿਤਾਇਆ ਜਾਵੇ, ਤਾਂ ਜੋ ਤਲਾਕ ਦੀ ਨੌਬਤ ਨਾ ਆਵੇ।