ਹਰਦੀਪ ਕੌਰ ਨੇ ਭੱਦੀ ਸ਼ਬਦਾਵਲੀ ਬੋਲ ਕੇ ਪੰਜਾਬ 'ਚ ਦੰਗੇ ਭੜਕਾਉਣ ਦੀ ਕੀਤੀ ਕੋਸ਼ਿਸ਼ : ਮਨਜੀਤ ਬਾਲੀ
ਸੰਤ ਨਿਰੰਜਨ ਦਾਸ ਜੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਬਾਰੇ ਹਰਦੀਪ
Publish Date: Tue, 03 Feb 2026 06:42 PM (IST)
Updated Date: Wed, 04 Feb 2026 04:08 AM (IST)

- ਰਵਿਦਾਸੀਆ ਸਮਾਜ ਅੰਦਰ ਭਾਰੀ ਰੋਸ, ਸੋਚੀ ਸਮਝੀ ਸਾਜ਼ਿਸ਼ ਤਹਿਤ ਕੀਤੀ ਗਈ ਹਰਕਤ ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਂਪੀਠ ਪੰਜਾਬ ਦੇ ਪ੍ਰਧਾਨ ਤੇ ਭਾਜਪਾ ਪੰਜਾਬ ਦੇ ਸੀਨੀਅਰ ਆਗੂ ਮਨਜੀਤ ਬਾਲੀ ਤੱਲ੍ਹਣ ਵੱਲੋਂ ਸਾਥੀਆ ਸਮੇਤ ਡੀਐੱਸਪੀ ਆਦਮਪੁਰ ਰਾਜੀਵ ਕੁਮਾਰ ਨੂੰ ਮਿਲ ਕੇ ਆਪਣੇ ਬਿਆਨ ਦਰਜ ਕਰਵਾਏ ਗਏ। ਬਾਲੀ ਨੇ ਚਿੰਤਾ ਪ੍ਰਗਟਾਈ ਕਿ ਜੋ ਜੰਡੂ ਸਿੰਘਾ ਦੀ ਔਰਤ ਹਰਦੀਪ ਕੌਰ ਵੱਲੋਂ ਰਵਿਦਾਸੀਆ ਧਰਮ ਦੇ ਸੰਸਥਾਪਕ ਪਦਮ ਸ਼੍ਰੀ 108 ਸੰਤ ਨਿਰੰਜਨ ਦਾਸ ਜੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਜੋ ਗੰਦੀ ਤੇ ਭੱਦੀ ਸ਼ਬਦਾਵਲੀ ਦੀ ਵੀਡੀਓ ਫੇਸਬੁੱਕ ’ਤੇ ਵਾਇਰਲ ਕਰ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ ਕੀਤੀ ਗਈ ਹੈ ਉਸ ਨਾਲ ਰਵਿਦਾਸੀਆ ਸਮਾਜ ਦੇ ਹਿਰਦੇ ਵੀ ਵਲੂੰਧਰੇ ਗਏ ਹਨ। ਬਾਲੀ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਦਿਹਾੜੇ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡੇਰਾ ਸੱਚਖੰਡ ਬੱਲਾਂ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਨਤਮਸਤਕ ਹੋਣ ਤੇ ਡੇਰੇ ਦੇ ਗੱਦੀਨਸ਼ੀਨ ਪਦਮ ਸ੍ਰੀ 108 ਸੰਤ ਨਿਰੰਜਨ ਦਾਸ ਜੀ ਪਾਸੋ ਅਸ਼ੀਰਵਾਦ ਲੈਣ ਲਈ ਪੁੱਜੇ ਸਨ। ਬਾਲੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਰਵਿਦਾਸੀਆ ਸਮਾਜ ਦੇ ਡੇਰਾ ਬੱਲਾ ਵਿਖੇ ਆਉਣਾ ਸਮਾਜ ਦੇ ਕਈ ਵਿਰੋਧੀ ਅਨਸਰਾਂ ਨੂੰ ਰਾਸ ਨਹੀਂ ਆਇਆ ਤੇ ਇਸੇ ਕਰਕੇ ਹਰਦੀਪ ਕੌਰ ਨੇ ਸੋਚੀ ਸਮਝੀ ਸਾਜਿਸ਼ ਤਹਿਤ ਪੰਜਾਬ ਦੇ ਲੋਕਾ ਦੀ ਆਪਸੀ ਭਾਈਚਾਰਕ ਸਾਂਝ ’ਚ ਫੁੱਟ ਪਾਉਣ ਤੇ ਇਹੋ ਜਿਹੀ ਭੱਦੀ ਸ਼ਬਦਾਵਲੀ ਬੋਲ ਕੇ ਪੰਜਾਬ ’ਚ ਦੰਗੇ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ। ਬਾਲੀ ਨੇ ਕਿਹਾ ਕਿ ਹਰਦੀਪ ਕੌਰ ਖਿਲਾਫ਼ ਸਖ਼ਤ ਕਾਰਵਾਈ ਕਰ ਕੇ ਤੇ ਇਸ ’ਤੇ ਐੱਸਸੀ/ਐੱਸਟੀ ਐਕਟ ਦਾ ਪਰਚਾ ਦਰਜ ਕਰ ਕੇ ਜੇਲ੍ਹ ਭੇਜਿਆ ਜਾਵੇ ਤਾਂ ਜੋ ਅੱਗੇ ਤੋਂ ਕੋਈ ਵੀ ਸ਼ਰਾਰਤੀ ਅਨਸਰ ਭੁੱਲ ਕੇ ਵੀ ਇਹੋ ਜਿਹੀ ਘਿਨੌਣੀ ਹਰਕਤ ਨਾ ਕਰ ਸਕੇ। ਇਸ ਮੌਕੇ ਬੀਸੀ ਫੈੱਡਰੇਸ਼ਨ ਪੰਜਾਬ ਦੇ ਪ੍ਰਧਾਨ ਪ੍ਰਸ਼ੋਤਮ ਗੋਗੀ, ਓਬੀਸੀ ਮੋਰਚਾ ਦੇ ਪ੍ਰਧਾਨ ਹੁਸਨ ਲਾਲ, ਪਰਮਜੀਤ ਬਾਘਾ ਜਨਰਲ ਸਕੱਤਰ ਭਾਜਪਾ ਐੱਸਸੀ ਮੋਰਚਾ ਜਲੰਧਰ ਦਿਹਾਤੀ ਉੱਤਰੀ, ਬਲਵੀਰ ਲਾਲ ਚਾਹਲ, ਹਰਮੇਸ਼ ਕੁਮਾਰ, ਜਸਪਾਲ ਕੋਟਲੀ, ਅਜੇ ਰੱਤੂ, ਮਨੋਹਰ ਲਾਲ ਤੇ ਸੰਤੋਖ ਜੋਹਲ ਵੀ ਹਾਜ਼ਰ ਸਨ।