ਹੈਪੀ ਤੇ ਗੱਬਰ ਨੇ ਸ਼ੂਟਰ ਨੂੰ ਦਿੱਤਾ ਸੀ ਪਿਸਤੌਲ
-ਮਾਮਲਾ ਜੋਗਾ ਫੋਲੜੀਵਾਲ ਗੈਂਗ
Publish Date: Fri, 20 Mar 2026 10:38 PM (IST)
Updated Date: Fri, 20 Mar 2026 10:40 PM (IST)

-ਮਾਮਲਾ ਜੋਗਾ ਫੋਲੜੀਵਾਲ ਗੈਂਗ ਦੇ ਗ੍ਰਿਫਤਾਰ ਸਾਥੀਆਂ ਦਾ -ਰਿਮਾਂਡ ’ਤੇ ਹੋਰ ਹਥਿਆਰ ਬਰਾਮਦਗੀ ਦਾ ਯਤਨ ਕਰ ਰਹੀ ਹੈ ਪੁਲਿਸ ਜਾਸ, ਜਲੰਧਰ : ਚਰਚਿਤ ਲੱਕੀ ਓਬਰਾਏ ਹਤਿਆਕਾਂਡ ਸਬੰਧੀ ਪੁਲਿਸ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਅਮਰੀਕਾ ’ਚ ਬੈਠੇ ਬਦਨਾਮ ਗੈਂਗਸਟਰ ਜੋਗਾ ਫੋਲੜੀਵਾਲ ਦੇ ਇਸ਼ਾਰੇ ’ਤੇ ਹੈਪੀ ਤੇ ਗੱਬਰ ਨੇ ਮੁੱਖ ਸ਼ੂਟਰ ਗੁਰਤਾਜ ਨੂੰ ਪਿਸਤੌਲ ਮੁਹੱਈਆ ਕਰਵਾਇਆ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਮੁਲਜ਼ਮ ਹੋਰ ਸ਼ੂਟਰ ਨਾਲ ਰਲ ਕੇ ਰੇਕੀ ਵੀ ਕਰ ਚੁੱਕਾ ਸੀ। ਕਮਿਸ਼ਨਰੇਟ ਪੁਲਿਸ ਦੀ ਕਾਰਵਾਈ ’ਚ ਜੋਗਾ ਫੋਲੜੀਵਾਲ ਗੈਂਗ ਦੇ ਦੋ ਮੈਂਬਰ ਹਰਪ੍ਰੀਤ ਲਾਲ ਉਰਫ਼ ਹੈਪੀ ਤੇ ਸਾਜਨ ਗਿੱਲ ਉਰਫ਼ ਗੱਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਨੇ ਇਨ੍ਹਾਂ ਕੋਲੋਂ ਦੋ .32 ਬੋਰ ਦੇ ਪਿਸਤੌਲ, ਮੈਗਜ਼ੀਨ ਤੇ ਕਾਰਤੂਸ ਬਰਾਮਦ ਕੀਤੇ ਹਨ। ਦੋਵਾਂ ਮੁਲਜ਼ਮਾਂ ਨੂੰ 17 ਮਾਰਚ 2026 ਨੂੰ ਡੀਏਵੀ ਕਾਲਜ ਫਲਾਈਓਵਰ ਨੇੜੇ ਨਾਕਾਬੰਦੀ ਦੌਰਾਨ ਕਾਬੂ ਕੀਤਾ ਗਿਆ ਸੀ। ਜਾਂਚ ਮੁਤਾਬਕ ਲੱਕੀ ਦੀ ਹੱਤਿਆ ਦੀ ਸਾਜ਼ਿਸ਼ ਲਗਪਗ ਦੋ ਮਹੀਨੇ ਤੋਂ ਰਚੀ ਜਾ ਰਹੀ ਸੀ। ਇਸ ਦੌਰਾਨ ਗੱਬਰ, ਹੈਪੀ ਤੇ ਸ਼ਿੰਗਰੀ ਲੱਕੀ ’ਤੇ ਨਜ਼ਰ ਰੱਖ ਰਹੇ ਸਨ। ਗੁਰਤਾਜ ਵੀ ਜਲੰਧਰ ’ਚ ਦੋ ਵਾਰੀ ਆਇਆ ਸੀ ਪਰ ਉਸ ਨੂੰ ਮੌਕਾ ਨਹੀਂ ਮਿਲਿਆ। ਸ਼ਿੰਗਰੀ ਨੂੰ ਪਤਾ ਸੀ ਕਿ ਲੱਕੀ ਮਾਡਲ ਟਾਊਨ ਗੁਰਦੁਆਰਾ ਸਾਹਿਬ ’ਚ ਜਾਂਦਾ ਹੈ, ਮੱਥਾ ਟੇਕ ਕੇ ਆਉਂਦਾ ਹੈ। ਜ਼ਿਆਦਾਤਰ ਇਕੱਲਾ ਹੁੰਦਾ ਹੈ। ਹੱਤਿਆਕਾਂਡ ਤੋਂ ਇਕ ਦਿਨ ਪਹਿਲਾਂ ਸ਼ਿੰਗਰੀ ਨੂੰ ਪਤਾ ਲੱਗਾ ਸੀ ਕਿ ਲੱਕੀ ਅਗਲੇ ਦਿਨ ਇਕੱਲਾ ਗੁਰਦੁਆਰਾ ਸਾਹਿਬ ਜਾਵੇਗਾ। ਉਸਨੇ ਹੈਪੀ ਅਤੇ ਗੁਰਤਾਜ ਨੂੰ ਦੱਸਿਆ, ਜਿਸ ਤੋਂ ਬਾਅਦ ਗੁਰਤਾਜ ਨੂੰ ਨਾਲ ਲੈ ਕੇ ਛੇ ਫਰਵਰੀ ਨੂੰ ਹੱਤਿਆਕਾਂਡ ਨੂੰ ਅੰਜਾਮ ਦਿੱਤਾ ਗਿਆ। ਸੀਆਈਏ ਮੁਲਜ਼ਮ ਕੋਲੋਂ ਪਤਾ ਕਰ ਰਹੀ ਹੈ ਕਿ ਪਿਸਤੌਲ ਉਨ੍ਹਾਂ ਨੂੰ ਕਿਸਨੇ ਤੇ ਕਦੋਂ, ਕਿੱਥੇ ਦਿੱਤਾ। ਪੁੱਛਗਿੱਛ ’ਚ ਸਾਹਮਣੇ ਆਇਆ ਕਿ ਗੱਬਰ ਗੈਂਗ ਲਈ ਹਥਿਆਰ ਸਪਲਾਈ, ਡਰੱਗਸ ਤਸਕਰੀ ਤੇ ਫਰਾਰ ਅਪਰਾਧੀਆਂ ਨੂੰ ਸ਼ਰਨ ਦੇਣ ਦਾ ਕੰਮ ਕਰਦਾ ਸੀ। ਇਸ ਦੇ ਬਦਲੇ ਉਸ ਨੂੰ ਵਿਦੇਸ਼ ਤੋਂ ਪੈਸੇ ਮਿਲਦੇ ਸਨ। ਦੂਜੇ ਪਾਸੇ, ਹੈਪੀ ਸਿੱਧਾ ਜੋਗਾ ਫੋਲੜੀਵਾਲ ਦੇ ਸੰਪਰਕ ’ਚ ਸੀ ਤੇ ਉਸਦੇ ਇਸ਼ਾਰੇ ’ਤੇ ਕੰਮ ਕਰਦਾ ਸੀ। ਉਸ ’ਤੇ ਪਹਿਲਾਂ ਵੀ ਆਰਮਜ਼ ਐਕਟ ਤੇ ਹੱਤਿਆ ਦੇ ਯਤਨ ਵਰਗੇ ਗੰਭੀਰ ਮਾਮਲੇ ਦਰਜ ਹਨ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਦੋ ਦਿਨਾਂ ਦੇ ਰਿਮਾਂਡ ’ਤੇ ਲਿਆ ਹੈ ਤੇ ਉਨ੍ਹਾਂ ਤੋਂ ਹੋਰ ਹਥਿਆਰ ਬਰਾਮਦ ਕਰਨ ਤੇ ਨੈੱਟਵਰਕ ਦੇ ਹੋਰ ਮੈਂਬਰਾਂ ਦੀ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।