ਗੁਰੂ ਨਾਨਕਪੁਰਾ ਫਾਟਕ ਟੁੱਟਾ, ਪਰੇਸ਼ਾਨ ਹੋਏ ਰਾਹਗੀਰ
ਗੁਰੂ ਨਾਨਕ ਪੁਰਾ ਫਾਟਕ ਟੁੱਟਿਆ, ਵਾਹਨ ਚਾਲਕ ਰਹੇ ਪ੍ਰੇਸ਼ਾਨ
Publish Date: Tue, 17 Mar 2026 10:20 PM (IST)
Updated Date: Tue, 17 Mar 2026 10:22 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਗੁਰੂ ਨਾਨਕਪੁਰਾ ਫਾਟਕ ਦੇ ਟੁੱਟ ਜਾਣ ਕਾਰਨ ਲਗਭਗ ਦੋ ਘੰਟਿਆਂ ਤੱਕ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। 10 ਦਿਨਾਂ ’ਚ ਇਹ ਦੂਜੀ ਵਾਰ ਹੈ ਕਿ ਫਾਟਕ ਖਰਾਬ ਹੋ ਗਿਆ, ਜਿਸ ਕਰਕੇ ਵਾਹਨ ਚਾਲਕਾਂ ਨੂੰ ਦੋ ਮਿੰਟ ਦੇ ਰਸਤੇ ਲਈ ਚਾਰ ਤੋਂ ਛੇ ਕਿੱਲੋਮੀਟਰ ਦਾ ਚੱਕਰ ਲਾ ਕੇ ਆਉਣਾ ਪਿਆ। ਇਸ ਕਾਰਨ ਗੁਰੂ ਨਾਨਕ ਪੁਰਾ ਫਾਟਕ ਦੇ ਦੋਵੇਂ ਪਾਸਿਆਂ ਲੰਬੇ ਜਾਮ ਲੱਗਦੇ ਰਹੇ ਤੇ ਇਸ ਦਾ ਅਸਰ ਬਸ਼ੀਰਪੁਰਾ ਫਾਟਕ ਦੇ ਨਾਲ-ਨਾਲ ਪੀਏਪੀ ਚੌਕ ਤੇ ਰਾਮਾਮੰਡੀ ਚੌਕ ‘ਤੇ ਵੀ ਦੇਖਣ ਨੂੰ ਮਿਲਿਆ, ਕਿਉਂਕਿ ਜਦੋਂ ਵਾਹਨ ਚਾਲਕ ਫਾਟਕ ਦੇ ਨੇੜੇ ਪੁੱਜਦੇ ਸਨ ਤਾਂ ਉਨ੍ਹਾਂ ਨੂੰ ਪਤਾ ਲੱਗਦਾ ਸੀ ਕਿ ਫਾਟਕ ਖਰਾਬ ਹੈ। ਇਸ ਦੌਰਾਨ ਯੂ-ਟਰਨ ਲੈਣ ਦੇ ਚੱਕਰ ’ਚ ਇਕ ਦੇ ਪਿੱਛੇ ਇਕ ਵਾਹਨ ਖੜੇ ਹੋਣ ਕਾਰਨ ਹੋਰ ਵੀ ਪਰੇਸ਼ਾਨੀਆਂ ਵਧ ਗਈਆਂ। ਬਾਅਦ ’ਚ ਵਾਹਨ ਚਾਲਕਾਂ ਨੂੰ ਲਾਡੋਵਾਲੀ ਰੋਡ, ਬੀਐੱਸਐੱਫ ਚੌਕ, ਪੀਏਪੀ ਚੌਕ ਤੇ ਰਾਮਾਮੰਡੀ ਚੌਕ ਤੋਂ ਯੂ-ਟਰਨ ਲੈ ਕੇ ਚੁਗਿੱਟੀ ਚੌਕ ਰਾਹੀਂ ਦੂਜੇ ਪਾਸੇ ਜਾਣਾ ਪਿਆ। ਜਦਕਿ ਚੁਗਿੱਟੀ ਚੌਕ ਵੱਲੋਂ ਆਉਣ ਵਾਲਿਆਂ ਨੂੰ ਪੀਏਪੀ ਚੌਕ ਤੇ ਬੀਐੱਸਐੱਫ ਚੌਕ ਰਾਹੀਂ ਲਾਡੋਵਾਲੀ ਰੋਡ ਵੱਲ ਮੋੜਿਆ ਗਿਆ। ਉੱਥੇ ਹੀ ਬਸ਼ੀਰਪੁਰਾ ਫਾਟਕ ਦਾ ਰਸਤਾ ਤੰਗ ਹੋਣ ਕਰਕੇ ਕਈ ਵਾਹਨ ਚਾਲਕਾਂ ਨੇ ਕਮਲ ਵਿਹਾਰ ਤੇ ਗੁਰੂ ਨਾਨਕਪੁਰਾ ਵੈਸਟ ਰਾਹੀਂ ਦੂਜੇ ਪਾਸੇ ਜਾਣਾ ਚੁਣਿਆ।