ਦਿਵਿਆ ਚੇਤਨਾ ਦਾ ਪ੍ਰਤੀਕ ਹੁੰਦੈ ਗੁਰੂ : ਸਾਧਵੀ ਭਾਰਤੀ
ਪੱਤਰ ਪ੍ਰੇਰਕ, ਜਲੰਧਰ :
Publish Date: Mon, 23 Feb 2026 07:23 PM (IST)
Updated Date: Mon, 23 Feb 2026 07:25 PM (IST)
ਪੱਤਰ ਪ੍ਰੇਰਕ, ਜਲੰਧਰ : ਦਿਵਯ ਜਯੋਤੀ ਜਾਗਰਤੀ ਸੰਸਥਾਨ ਦੇ ਬਿਧੀਪੁਰ ਆਸ਼ਰਮ ’ਚ ਹਫ਼ਤਾਵਾਰੀ ਸਤਿਸੰਗ ਕਰਵਾਇਆ ਗਿਆ। ਇਸ ਮੌਕੇ ਆਸ਼ਰਮ ਦਾ ਵਾਤਾਵਰਨ ਪੂਰੀ ਤਰ੍ਹਾਂ ਭਗਤੀਮਈ ਬਣ ਗਿਆ ਤੇ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰ ਕੇ ਪ੍ਰਭੂ ਭਗਤੀ ਦਾ ਲਾਹਾ ਲਿਆ। ਇਸ ਮੌਕੇ ਸੰਸਥਾਨ ਦੇ ਸੰਚਾਲਕ ਗੁਰੂਦੇਵ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ ਸਾਧਵੀ ਮਮਤਾ ਭਾਰਤੀ ਨੇ ਗੁਰੂ ਮਹਿਮਾ ਦਾ ਵਿਸਤਾਰਪੂਰਵਕ ਵਰਣਨ ਕੀਤਾ। ਆਪਣੇ ਪ੍ਰਵਚਨਾਂ ਵਿਚ ਉਨ੍ਹਾਂ ਨੇ ਦੱਸਿਆ ਕਿ ਗੁਰੂ ਸਿਰਫ਼ ਇਕ ਸਧਾਰਣ ਮਨੁੱਖ ਨਹੀਂ ਹੁੰਦੇ, ਬਲਕਿ ਉਹ ਦਿਵਿਆ ਚੇਤਨਾ ਦੇ ਪ੍ਰਤੀਕ ਹਨ, ਜੋ ਜੀਵ ਨੂੰ ਅਗਿਆਨਤਾ ਦੇ ਹਨੇਰੇ ਤੋਂ ਕੱਢ ਕੇ ਆਤਮ ਗਿਆਨ ਦੇ ਪ੍ਰਕਾਸ਼ ਵੱਲ ਲੈ ਜਾਂਦੇ ਹਨ। ਗੁਰੂ ਹੀ ਉਹ ਸ਼ਕਤੀਸ਼ਾਲੀ ਸਾਧਨ ਹਨ ਜਿਨ੍ਹਾਂ ਰਾਹੀਂ ਮਨੁੱਖ ਆਪਣੇ ਜੀਵਨ ਦੇ ਅਸਲ ਉਦੇਸ਼ ਨੂੰ ਪਛਾਣ ਸਕਦਾ ਹੈ।
ਸਾਧਵੀ ਨੇ ਕਿਹਾ ਕਿ ਮੌਜੂਦਾ ਯੁੱਗ ਵਿੱਚ ਮਨੁੱਖ ਭੌਤਿਕ ਉਪਲੱਬਧੀਆਂ ਦੇ ਪਿੱਛੇ ਦੌੜਦਿਆਂ ਮਾਨਸਿਕ ਤਣਾਅ, ਅਸੰਤੋਸ਼ ਅਤੇ ਅਸ਼ਾਂਤੀ ਦਾ ਸ਼ਿਕਾਰ ਹੋ ਗਿਆ ਹੈ। ਅਜਿਹੇ ਸਮੇਂ ਵਿਚ ਸਿਰਫ ਪੂਰਨ ਗੁਰੂ ਦਾ ਮਾਰਗਦਰਸ਼ਨ ਹੀ ਜੀਵਨ ਨੂੰ ਸੰਤੁਲਿਤ ਅਤੇ ਅਰਥਪੂਰਨ ਬਣਾ ਸਕਦਾ ਹੈ। ਗੁਰੂ ਸ਼ਿਸ਼ ਨੂੰ ਆਤਮ-ਚਿੰਤਨ, ਸਦਾਚਾਰ ਅਤੇ ਸੇਵਾ ਦੇ ਮਾਰਗ 'ਤੇ ਤੁਰਨ ਦੀ ਪ੍ਰੇਰਣਾ ਦਿੰਦੇ ਹਨ। ਉਨ੍ਹਾਂ ਨੇ ਉਦਾਹਰਣਾਂ ਰਾਹੀਂ ਸਮਝਾਇਆ ਕਿ ਜਿਵੇਂ ਹਨੇਰੇ ਕਮਰੇ ਵਿੱਚ ਦੀਵੇ ਦੀ ਰੋਸ਼ਨੀ ਰਾਹ ਦਿਖਾਉਂਦੀ ਹੈ, ਉਸੇ ਤਰ੍ਹਾਂ ਗੁਰੂ ਦਾ ਗਿਆਨ ਜੀਵਨ ਨੂੰ ਪ੍ਰਕਾਸ਼ਮਾਨ ਕਰਦਾ ਹੈ। ਗੁਰੂ ਦੀ ਸ਼ਰਨ ਵਿੱਚ ਆਉਣ ਨਾਲ ਮਨੁੱਖ ਦੇ ਅੰਦਰ ਲੁਕੀ ਹੋਈ ਦਿਵਤਾ ਜਾਗ ਪੈਂਦੀ ਹੈ ਅਤੇ ਉਸਦਾ ਜੀਵਨ ਸਕਾਰਾਤਮਕ ਬਦਲਾਅ ਵੱਲ ਵਧਦਾ ਹੈ। ਗੁਰੂ ਦੀ ਆਗਿਆ ਦਾ ਪਾਲਣ ਕਰਨਾ ਅਤੇ ਉਨ੍ਹਾਂ ਦੇ ਉਪਦੇਸ਼ਾਂ ਨੂੰ ਜੀਵਨ ਵਿੱਚ ਅਪਣਾਉਣਾ ਹੀ ਸੱਚੀ ਭਗਤੀ ਹੈ। ਜਦੋਂ ਸ਼ਿਸ਼ ਪੂਰੇ ਸਮਰਪਣ ਭਾਵ ਨਾਲ ਗੁਰੂ ਨਾਲ ਜੁੜਦਾ ਹੈ, ਤਾਂ ਉਸਦੇ ਜੀਵਨ ਦੀਆਂ ਮੁਸ਼ਕਲਾਂ ਵੀ ਆਧਿਆਤਮਿਕ ਉੱਚਾਈ ਦਾ ਸਾਧਨ ਬਣ ਜਾਂਦੀਆਂ ਹਨ।