ਕੇਐੱਮਵੀ ਦੇ ਵਿਹੜੇ ’ਚ ਪੁੱਜੀ ‘ਇਸ਼ਕਾਂ ਦੇ ਲੇਖੇ’ ਦੀ ਸਟਾਰ ਕਾਸਟ
ਗੁਰਨਾਮ ਭੁੱਲਰ ਤੇ ਪੰਜਾਬੀ ਸਿਤਾਰਿਆਂ ਨੇ ਆਪਣੀਆਂ ਪੇਸ਼ਕਾਰੀਆਂ ਨਾਲ ਕੇਐੱਮਵੀ ਦੀਆਂ ਵਿਦਿਆਰਥਣਾਂ ਨੂੰ ਕੀਤਾ ਮੰਤਰ-ਮੁਗਧ
Publish Date: Wed, 25 Feb 2026 07:25 PM (IST)
Updated Date: Wed, 25 Feb 2026 07:28 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੇਐੱਮਵੀ ਵਿਖੇ ਪ੍ਰਸਿੱਧ ਪੰਜਾਬੀ ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ ਤੇ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਇਸ਼ਕਾਂ ਦੇ ਲੇਖੇ' ਦੀ ਪੂਰੀ ਸਟਾਰ ਕਾਸਟ ਨੇ ਹਾਜ਼ਰੀ ਨਾਲ ਰੌਣਕ ਵਧਾਈ। ਗੁਰਨਾਮ ਭੁੱਲਰ ਤੇ ਅਦਾਕਾਰਾ ਈਸ਼ਾ ਮਾਲਵੀਆ ਆਪਣੀ ਫਿਲਮ ਦੇ ਪ੍ਰਚਾਰ ਦੇ ਸਿਲਸਿਲੇ ’ਚ ਵਿਸ਼ੇਸ਼ ਤੌਰ 'ਤੇ ਕੇਐੱਮਵੀ ਕੈਂਪਸ ਪੁੱਜੇ, ਜਿੱਥੇ ਪ੍ਰੋ. ਡਾ. ਅਤਿਮਾ ਸ਼ਰਮਾ ਦਿਵੇਦੀ ਨੇ ਉਨ੍ਹਾਂ ਦਾ ਨਿੱਘਾ ਤੇ ਸ਼ਾਨਦਾਰ ਸਵਾਗਤ ਕੀਤਾ। ਕਾਲਜ ਦੇ ਆਡੀਟੋਰੀਅਮ ’ਚ ਕਰਵਾਏ ਇਸ ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਦਾ ਹੁਜੂਮ ਉਮੜਿਆ, ਜੋ ਆਪਣੇ ਮਨਪਸੰਦ ਸਿਤਾਰਿਆਂ ਦੀ ਇਕ ਝਲਕ ਪਾਉਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ। ਸਮਾਗਮ ਦੌਰਾਨ ਗੁਰਨਾਮ ਭੁੱਲਰ ਤੇ ਹੋਰ ਕਲਾਕਾਰਾਂ ਨੇ ਆਪਣੇ ਮਸ਼ਹੂਰ ਗੀਤਾਂ ਤੇ ਫਿਲਮ 'ਇਸ਼ਕਾਂ ਦੇ ਲੇਖੇ' ਦੇ ਸੰਗੀਤ ਨਾਲ ਪੂਰੇ ਮਾਹੌਲ ਨੂੰ ਊਰਜਾ ਨਾਲ ਭਰ ਦਿੱਤਾ, ਜਿਸ ਨਾਲ ਵਿਦਿਆਰਥਣਾਂ ਝੂਮਣ ਲਈ ਮਜਬੂਰ ਹੋ ਗਈਆਂ। ਇਸ ਮੌਕੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਗੁਰਨਾਮ ਭੁੱਲਰ ਨੇ ਕਿਹਾ ਕਿ ਨੌਜਵਾਨਾਂ ਵਿਚਾਲੇ ਪੇਸ਼ਕਾਰੀ ਦੇਣਾ ਉਨ੍ਹਾਂ ਨੂੰ ਹਮੇਸ਼ਾ ਇਕ ਨਵੀਂ ਊਰਜਾ ਤੇ ਉਤਸ਼ਾਹ ਨਾਲ ਭਰ ਦਿੰਦਾ ਹੈ। ਪ੍ਰੋਗਰਾਮ ਦੇ ਅੰਤ ’ਚ ਪ੍ਰੋ. ਡਾ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਨੂੰ ਸਫਲ ਕਰਵਾਉਣ ਲਈ ਅੰਗਰੇਜ਼ੀ ਵਿਭਾਗ ਦੀ ਮੁਖੀ ਡਾ. ਮਧੂਮੀਤ, ਇਤਿਹਾਸ ਵਿਭਾਗ ਦੀ ਮੁਖੀ ਡਾ. ਗੁਰਜੋਤ ਕੌਰ ਤੇ ਕੁਮਾਰੀ ਗੀਤਿਕਾ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।