ਨਵੇਂ ਵਰ੍ਹੇ ਦੀ ਆਮਦ ’ਤੇ ਕਰਵਾਇਆ ਗੁਰਮਤਿ ਸਮਾਗਮ
ਨਵੇਂ ਵਰ੍ਹੇ ਦੀ ਆਮਦ ‘ਤੇ ਨੰਗਲ ਅੰਬੀਆਂ ਵਿਖੇ ਕਰਵਾਇਆ ਗੁਰਮਤਿ ਸਮਾਗਮ
Publish Date: Thu, 01 Jan 2026 09:06 PM (IST)
Updated Date: Fri, 02 Jan 2026 04:14 AM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਨਵੇਂ ਸਾਲ ਦੀ ਆਮਦ ਮੌਕੇ ਸਰਬੱਤ ਦੇ ਭਲੇ ਲਈ ਗੁਰਦੁਆਰਾ ਸਿੰਘ ਸਭਾ ਨੰਗਲ ਅੰਬੀਆਂ ਵਿਖੇ ਸੰਗਤ ਦੇ ਸਹਿਯੋਗ ਨਾਲ ਸਾਲਾਨਾ ਦੂਸਰਾ ਗੁਰਮਤਿ ਸਮਾਗਮ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਹੈੱਡ ਗ੍ਰੰਥੀ ਗਿਆਨੀ ਚਮਕੌਰ ਸਿੰਘ ਵੱਲੋਂ ਸ੍ਰੀ ਰਹਿਰਾਸ ਸਾਹਿਬ ਦੇ ਪਾਠ ਨਾਲ ਹੋਈ। ਉਪਰੰਤ ਗਿਆਨੀ ਸੁਖਦੇਵ ਸਿੰਘ ਸ਼ਾਨ ਦੇ ਢਾਡੀ ਜਥੇ ਵੱਲੋਂ ਬੀਰ ਰਸੀ ਵਾਰਾਂ ਗਾ ਕੇ ਸਿੱਖ ਇਤਿਹਾਸ ਤੋਂ ਸੰਗਤ ਨੂੰ ਜਾਣੂ ਕਰਵਾਇਆ। ਇਸ ਮੌਕੇ ਬਾਬਾ ਜਤਿੰਦਰ ਸਿੰਘ ਖਾਲਸਾ ਢੱਡਿਆਂ ਵਾਲੇ ਦੇ ਜਥੇ ਵੱਲੋਂ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੰਗਰੇਜ਼ੀ ਨਵੇਂ ਸਾਲ ਦੀ ਸ਼ੁਰੂਆਤ ਸਾਨੂੰ ਕੇਵਲ ਜਸ਼ਨ ਮਨਾ ਕੇ ਹੀ ਨਹੀਂ ਸਗੋਂ ਗੁਰੂ ਦੇ ਲੜ ਲੱਗ ਕੇ ਕਰਨੀ ਚਾਹੀਦੀ ਹੈ। ਉਮਰ ਦਾ ਹਰ ਪਲ ਜੋ ਗੁਰੂ ਦੀ ਯਾਦ ’ਚ ਬੀਤੇ, ਉਹੀ ਸਫਲ ਹੈ। ਅਜੋਕੇ ਸਮੇਂ ’ਚ ਨੌਜਵਾਨ ਪੀੜ੍ਹੀ ਨੂੰ ਪਤਿਤਪੁਣੇ ਤੇ ਨਸ਼ਿਆਂ ਤੋਂ ਦੂਰ ਰਹਿ ਕੇ ਬਾਣੀ ਤੇ ਬਾਣੇ ਦੇ ਧਾਰਨੀ ਬਣਨਾ ਚਾਹੀਦਾ ਹੈ ਤਾਂ ਹੀ ਸਾਡਾ ਸਮਾਜ ਨਰੋਆ ਹੋ ਸਕਦਾ ਹੈ। ਸਮਾਪਤੀ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਪ੍ਰਬੰਧਕ ਨਵਨੀਤ ਸਿੰਘ ਰਾਣਾ, ਮਨਿੰਦਰ ਸਿੰਘ ਤੇ ਪ੍ਰਭਦੀਪ ਸਿੰਘ ਵੱਲੋਂ ਸਮਾਗਮ ’ਚ ਪੁੱਜੀ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੁਆਰਾ ਸਿੰਘ ਸਭਾ ਸ਼ਾਹਕੋਟ ਦੇ ਪ੍ਰਧਾਨ ਸੁਖਜੀਤ ਸਿੰਘ, ਲਖਵਿੰਦਰ ਸਿੰਘ ਸੋਖੀ, ਲਖਬੀਰ ਸਿੰਘ ਨੰਦੜਾ, ਧਰਮਪਾਲ, ਸਾਹਿਬਵੀਰ ਸਿੰਘ, ਹਰਮਨਦੀਪ ਸਿੰਘ, ਨਵਜੋਤ ਸਿੰਘ ਸੰਧੂ ਜ਼ੈਲਦਾਰ, ਸਰਪ੍ਰੀਤ ਸਿੰਘ, ਹਰਮਨ ਸੰਧੂ, ਮਨਦੀਪ ਸਿੰਘ, ਕਰਮਵੀਰ ਸਿੰਘ, ਜੋਬਨਪ੍ਰੀਤ ਸਿੰਘ, ਗੁਰਬਿੰਦਰ ਸਿੰਘ ਨੰਦੜਾ, ਗੁਰਮੁਖ ਸਿੰਘ ਨੰਦੜਾ, ਪਵਨਦੀਪ ਸਿੰਘ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।