ਗੁਰਬਾਣੀ ਕੰਠ ਤੇ ਦਸਤਾਰ ਮੁਕਾਬਲੇ 21 ਨੂੰ
ਪਿੰਡ ਤੇਹਿੰਗ ’ਚ 21 ਫਰਵਰੀ ਨੂੰ ਗੁਰਬਾਣੀ ਕੰਠ ਤੇ ਦਸਤਾਰ ਮੁਕਾਬਲੇ, ਮੁਫ਼ਤ ਚੈਕਅੱਪ ਕੈਂਪ ਵੀ ਲੱਗੇਗਾ
Publish Date: Wed, 11 Feb 2026 07:15 PM (IST)
Updated Date: Wed, 11 Feb 2026 07:17 PM (IST)

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਨਜ਼ਦੀਕੀ ਪਿੰਡ ਤੇਹਿੰਗ ’ਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 21 ਫਰਵਰੀ ਨੂੰ ਗੁਰਬਾਣੀ ਕੰਠ ਮੁਕਾਬਲੇ ਤੇ ਦਸਤਾਰ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹ ਸਮਾਗਮ ਤੇਹਿੰਗ ਵੈੱਲਫੇਅਰ ਕਮੇਟੀ, ਏਕਨੂਰ ਹਾਕੀ ਅਕੈਡਮੀ, ਐੱਨਆਰਆਈ ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕ ਕੁਲਵਿੰਦਰ ਸਿੰਘ ਤੇ ਤੀਰਥ ਸਿੰਘ ਜੌਹਲ ਨੇ ਦੱਸਿਆ ਕਿ ਵੱਖ-ਵੱਖ ਉਮਰ ਵਰਗਾਂ ਲਈ ਗੁਰਬਾਣੀ ਕੰਠ ਮੁਕਾਬਲੇ ਰੱਖੇ ਗਏ ਹਨ। ਜਪੁਜੀ ਸਾਹਿਬ, ਰਹਿਰਾਸ ਸਾਹਿਬ, ਕੀਰਤਨ ਸੋਹਿਲਾ ਤੇ ਨਿਤਨੇਮ ਦੀਆਂ ਬਾਣੀਆਂ ਕੰਠ ਕਰਨ ਵਾਲੇ ਬੱਚਿਆਂ ਨੂੰ ਪਹਿਲੇ, ਦੂਜੇ ਤੇ ਤੀਜੇ ਸਥਾਨ ਲਈ ਆਕਰਸ਼ਕ ਨਗਦ ਇਨਾਮ ਦਿੱਤੇ ਜਾਣਗੇ। 17 ਤੋਂ 21 ਸਾਲ ਦੇ ਬੱਚਿਆਂ ਲਈ ਸੁਖਮਨੀ ਸਾਹਿਬ ਤੇ ਆਸਾ ਦੀ ਵਾਰ ਕੰਠ ਕਰਨ ਵਾਲਿਆਂ ਨੂੰ ਵੀ ਵਿਸ਼ੇਸ਼ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਗੁਰਬਾਣੀ ਮੁਕਾਬਲਿਆਂ ’ਚ ਹਿੱਸਾ ਲੈਣ ਵਾਲੇ ਹਰ ਬੱਚੇ ਨੂੰ ਨਗਦ ਰਕਮ ਦੇ ਕੇ ਉਤਸ਼ਾਹਤ ਕੀਤਾ ਜਾਵੇਗਾ। ਦਸਤਾਰ ਮੁਕਾਬਲੇ ਵੀ ਦੋ ਉਮਰ ਵਰਗਾਂ ’ਚ ਹੋਣਗੇ, ਜਿਨ੍ਹਾਂ ’ਚ ਜੇਤੂਆਂ ਨੂੰ ਉੱਚੀ ਰਕਮ ਦੇ ਨਕਦ ਇਨਾਮ ਦਿੱਤੇ ਜਾਣਗੇ, ਜਦਕਿ ਹਰ ਭਾਗੀਦਾਰ ਨੂੰ ਹੌਸਲਾ ਵਧਾਊ ਰਕਮ ਮਿਲੇਗੀ। ਸਾਬਤ-ਸੂਰਤ ਬੱਚਿਆਂ ਨੂੰ ਤਰਜੀਹ ਦਿੱਤੀ ਜਾਵੇਗੀ। ਇਸ ਦਿਨ ਅੱਖਾਂ ਤੇ ਦੰਦਾਂ ਦਾ ਮੁਫ਼ਤ ਚੈਕਅੱਪ ਕੈਂਪ ਵੀ ਲਾਇਆ ਜਾਵੇਗਾ। ਦੰਦਾਂ ਦੇ ਮਾਹਿਰ ਡਾ. ਕੁਲਦੀਪ ਰਾਏ ਟੀਮ ਸਮੇਤ ਸੇਵਾਵਾਂ ਦੇਣਗੇ। ਜਲੰਧਰ, ਨਵਾਂਸ਼ਹਿਰ, ਹੁਸ਼ਿਆਰਪੁਰ ਤੇ ਕਪੂਰਥਲਾ ਜ਼ਿਲ੍ਹਿਆਂ ਦੇ ਬੱਚਿਆਂ ਨੂੰ ਪਹਿਲ ਦਿੱਤੀ ਜਾਵੇਗੀ। ਸਮਾਗਮ ਦੌਰਾਨ ਗੁਰੂ ਦਾ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ।