ਜੰਗ ਕਾਰਨ ਛੋਟੇ ਉਦਯੋਗ ਸਭ ਤੋਂ ਵੱਧ ਪ੍ਰਭਾਵਿਤ
ਖਾੜੀ ਯੁੱਧ ਦਾ ਉਦਯੋਗਾਂ ’ਤੇ ਦੋਹਰਾ ਅਸਰ, ਛੋਟੇ ਉਦਯੋਗ ਸਭ ਤੋਂ ਵੱਧ ਪ੍ਰਭਾਵਿਤ
Publish Date: Wed, 25 Mar 2026 09:03 PM (IST)
Updated Date: Wed, 25 Mar 2026 09:05 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜੰਗ ਕਾਰਨ ਵਧ ਰਹੀ ਮਹਿੰਗਾਈ ਦੇ ਪ੍ਰਭਾਵ ਨੂੰ ਲੈ ਕੇ ਨੌਜਵਾਨ ਉਦਯੋਗਪਤੀਆਂ ਨੇ ਪੈਦਾ ਹੋ ਰਹੇ ਸੰਕਟ ’ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਡਿਲਾਈਟ ਇੰਡਸਟ੍ਰੀਜ਼ ਦੇ ਡਾਇਰੈਕਟਰ ਗੌਤਮ ਸ਼ਰਮਾ ਨੇ ਕਿਹਾ ਕਿ ਮੌਜੂਦਾ ਹਾਲਾਤ ’ਚ ਕੱਚੇ ਮਾਲ, ਊਰਜਾ ਤੇ ਲੋਜਿਸਟਿਕਸ ਖਰਚੇ ਲਗਾਤਾਰ ਵੱਧ ਰਹੇ ਹਨ, ਜਿਸ ਦਾ ਸਿੱਧਾ ਅਸਰ ਉਤਪਾਦਨ ਲਾਗਤ ’ਤੇ ਪੈ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਹਾਲਾਤ ਜਲਦੀ ਕਾਬੂ ’ਚ ਨਾ ਆਏ ਤਾਂ ਐੱਮਐੱਸਐੱਮਈ ਸੈਕਟਰ ਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ। ਰਾਮ ਸੇਤੂ ਸਕੈਫੋਲਡਿੰਗ ਦੇ ਡਾਇਰੈਕਟਰ ਚੇਤਨ ਸ਼ਰਮਾ ਨੇ ਕਿਹਾ ਕਿ ਸਰਹੱਦੀ ਸੂਬਿਆਂ ਦੇ ਉਦਯੋਗ ਪਹਿਲਾਂ ਹੀ ਕਈ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਤੇ ਹੁਣ ਆਲਮੀ ਤਣਾਅ ਕਾਰਨ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ। ਛੋਟੇ ਤੇ ਦਰਮਿਆਨੇ ਉਦਯੋਗਾਂ ਲਈ ਵਧ ਰਹੀ ਲਾਗਤ ਨੂੰ ਸੰਭਾਲਣਾ ਮੁਸ਼ਕਲ ਹੋ ਰਿਹਾ ਹੈ, ਜਿਸ ਨਾਲ ਰੁਜ਼ਗਾਰ ’ਤੇ ਵੀ ਨਕਾਰਾਤਮਕ ਅਸਰ ਪੈਣ ਦਾ ਖਤਰਾ ਵੱਧ ਰਿਹਾ ਹੈ। ਉਨ੍ਹਾਂ ਨੇ ਖਾਸ ਤੌਰ ’ਤੇ ਦੱਸਿਆ ਕਿ ਇੰਡਸਟ੍ਰੀਅਲ ਡੀਜ਼ਲ ਦੀਆਂ ਕੀਮਤਾਂ ’ਚ 20 ਤੋਂ 25 ਫੀਸਦੀ ਤੱਕ ਵਾਧਾ ਉਦਯੋਗਾਂ ਲਈ ਬਰਦਾਸ਼ਤ ਤੋਂ ਬਾਹਰ ਹੋ ਰਿਹਾ ਹੈ। ਸਕੈਫੋਲਡਿੰਗ ਉਦਯੋਗ ਵੱਡੇ ਪੱਧਰ ’ਤੇ ਖਾੜੀ ਦੇਸ਼ਾਂ ’ਤੇ ਨਿਰਭਰ ਹੈ, ਜੋ ਇਸ ਸਮੇਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਪਿਛਲੇ ਕਰੀਬ ਇਕ ਮਹੀਨੇ ਤੋਂ ਨਾ ਤਾਂ ਐਕਸਪੋਰਟ ਡਿਸਪੈਚ ਹੋ ਸਕੀ ਹੈ ਤੇ ਨਾ ਹੀ ਕੋਈ ਭੁਗਤਾਨ ਪ੍ਰਾਪਤ ਹੋਇਆ ਹੈ, ਜਿਸ ਕਾਰਨ ਉਦਯੋਗਾਂ ਨੂੰ ਚਲਾਉਣਾ ਵੀ ਮੁਸ਼ਕਲ ਬਣ ਗਿਆ ਹੈ। ਨੌਜਵਾਨ ਉਦਯੋਗਪਤੀਆਂ ਨੇ ਕਿਹਾ ਕਿ ਉਹ ਨਵੀਂ ਸੋਚ ਤੇ ਆਧੁਨਿਕ ਤਕਨੀਕਾਂ ਰਾਹੀਂ ਉਦਯੋਗਾਂ ਨੂੰ ਅੱਗੇ ਵਧਾਉਣ ਲਈ ਯਤਨਸ਼ੀਲ ਹਨ ਪਰ ਮੌਜੂਦਾ ਜੰਗ ਦੇ ਹਾਲਾਤ ਨੇ ਪੂਰੀ ਪ੍ਰਣਾਲੀ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਮਾਲ ਨਾ ਜਾਣ ਤੇ ਭੁਗਤਾਨ ਨਾ ਆਉਣ ਕਾਰਨ ਉਦਯੋਗਾਂ ਦੀ ਗਤੀ ਲਗਪਗ ਰੁਕ ਗਈ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਦਯੋਗਾਂ ਨੂੰ ਰਾਹਤ ਦੇਣ ਲਈ ਤੁਰੰਤ ਠੋਸ ਕਦਮ ਚੁੱਕੇ ਜਾਣ। ਖਾਸ ਕਰਕੇ ਗੈਸ ਸਪਲਾਈ ’ਚ ਸਥਿਰਤਾ, ਕੱਚੇ ਮਾਲ ਦੀ ਉਪਲੱਬਧਤਾ ਤੇ ਆਰਥਿਕ ਸਹਾਇਤਾ ਯਕੀਨੀ ਬਣਾਈ ਜਾਵੇ ਤਾਂ ਜੋ ਇਸ ਮੁਸ਼ਕਲ ਸਮੇਂ ’ਚ ਉਦਯੋਗਾਂ ਨੂੰ ਸਹਾਰਾ ਮਿਲ ਸਕੇ।