ਤਿੰਨ ਮਹੀਨੇ ਬਾਅਦ ਨਹੀਂ ਖੁੱਲ੍ਹਾ ਜੀਐੱਸਟੀ ਟ੍ਰਿਬਊਨਲ ਡੈੱਸਕ
ਜੀਐੋੱਸਟੀ ਟ੍ਰਿਬਿਊਨਲ ਡੈਸਕ ਨਹੀਂ ਖੁੱਲਿਆ, ਭੂਮੀ ਤੇ ਜਲ ਸੰਰਖਣ ਵਿਭਾਗ ਨੂੰ ਵੀ ਲੱਗੇ ਤਾਲੇ
Publish Date: Mon, 06 Apr 2026 09:28 PM (IST)
Updated Date: Mon, 06 Apr 2026 09:32 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਜਲੰਧਰ ’ਚ ਗੁਡਜ਼ ਸਰਵਿਸ ਟੈਕਸ (ਜੀਐੱਸਟੀ) ਟ੍ਰਿਬਿਊਨਲ ਦਾ ਡੈਸਕ ਅਜੇ ਤੱਕ ਸ਼ੁਰੂ ਨਹੀਂ ਹੋ ਸਕਿਆ। ਟ੍ਰਿਬਿਊਨਲ ਲਈ ਲਾਡੋਵਾਲੀ ਰੋਡ ’ਤੇ ਜ਼ਮੀਨ ਤੇ ਪਾਣੀ ਸੰਭਾਲ ਵਿਭਾਗ ਦੀ ਜਗ੍ਹਾ ਲਈ ਗਈ ਹੈ। ਪਿਛਲੇ ਤਿੰਨ ਮਹੀਨਿਆਂ ਤੋਂ ਟ੍ਰਿਬਿਊਨਲ ਲਈ ਕਮਰਿਆਂ ’ਤੇ ਤਾਲੇ ਲੱਗੇ ਹੋਏ ਹਨ। ਜ਼ਮੀਨ ਤੇ ਪਾਣੀ ਸੰਭਾਲ ਵਿਭਾਗ ਖੁਦ ਜਗ੍ਹਾ ਦੀ ਕਮੀ ਨਾਲ ਜੂਝ ਰਿਹਾ ਹੈ। ਵਿਭਾਗ ਦੀ ਤੀਜੀ ਮੰਜ਼ਿਲ ਨੂੰ ਜੀਐੱਸਟੀ ਟ੍ਰਿਬਿਊਨਲ ਲਈ ਖਾਲੀ ਕਰਵਾਇਆ ਗਿਆ ਸੀ ਪਰ ਤਿੰਨ ਮਹੀਨੇ ਬਾਅਦ ਵੀ ਇੱਥੇ ਟ੍ਰਿਬਿਊਨਲ ਡੈਸਕ ਸ਼ੁਰੂ ਨਹੀਂ ਹੋ ਸਕਿਆ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਸੁਮਨ ਜੈਨ ਆਨਲਾਈਨ ਸ਼ਿਕਾਇਤਾਂ ਦਾ ਨਿਬੇੜਾ ਕਰ ਰਹੇ ਹਨ। ਪੰਜਾਬ ’ਚ ਜੀਐੱਸਟੀ ਟ੍ਰਿਬਿਊਨਲ ਦਾ ਪਹਿਲਾ ਡੈੱਸਕ ਜਲੰਧਰ ’ਚ ਸ਼ੁਰੂ ਹੋਣਾ ਸੀ ਇਸ ਤੋਂ ਇਲਾਵਾ ਚੰਡੀਗੜ੍ਹ ’ਚ ਵੀ ਟ੍ਰਿਬਿਊਨਲ ਮੌਜੂਦ ਹੈ। ਟੈਕਸ ਸਬੰਧੀ ਵਿਵਾਦਾਂ ਦੇ ਨਿਬੇੜੇ ਲਈ ਟ੍ਰਿਬਿਊਨਲ ਆਖਰੀ ਅਥਾਰਿਟੀ ਹੁੰਦਾ ਹੈ ਤੇ ਇਸ ਦੇ ਫੈਸਲੇ ਨੂੰ ਅਦਾਲਤ ’ਚ ਚੁਣੌਤੀ ਨਹੀਂ ਦਿੱਤੀ ਜਾ ਸਕਦੀ। ਆਨਲਾਈਨ ਸੁਣਵਾਈ ਦੇ ਨਾਲ-ਨਾਲ ਜੇ ਨਿੱਜੀ ਤੌਰ ’ਤੇ ਵੀ ਟ੍ਰਿਬਿਊਨਲ ’ਚ ਪੱਖ ਰੱਖਣ ਦਾ ਮੌਕਾ ਮਿਲੇ ਤਾਂ ਪਟੀਸ਼ਨਰਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ ਤੇ ਵਿਵਾਦਾਂ ਦਾ ਜਲਦੀ ਨਿਬੇੜਾ ਹੋ ਸਕਦਾ ਹੈ। ਹਰ ਵਿੱਤੀ ਸਾਲ ਦੌਰਾਨ ਟੈਕਸ ਵਿਭਾਗ ਉਦਯੋਗਿਕ ਇਕਾਈਆਂ ਦਾ ਸਰਵੇ ਕਰਦਾ ਹੈ। ਇਸ ਦੌਰਾਨ ਜੇ ਟੈਕਸ ਰਿਟਰਨ, ਸਟਾਕ ਜਾਂ ਬਿਲਿੰਗ ਰਿਕਾਰਡ ’ਚ ਗੜਬੜ ਮਿਲਦੀ ਹੈ, ਤਾਂ ਉਦਯੋਗਿਕ ਇਕਾਈਆਂ ’ਤੇ ਜੁਰਮਾਨਾ ਲਾਇਆ ਜਾਂਦਾ ਹੈ। ਹਾਲਾਂਕਿ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਜਾਂਦਾ ਹੈ ਪਰ ਜੁਰਮਾਨਿਆਂ ਨੂੰ ਲੈ ਕੇ ਕਈ ਵਾਰ ਮਾਮਲੇ ਅਦਾਲਤ ਤੱਕ ਪੁੱਜ ਜਾਂਦੇ ਹਨ। ਜੀਐੱਸਟੀ ਟ੍ਰਿਬਿਊਨਲ ਇਸ ਤਰ੍ਹਾਂ ਦੇ ਮਾਮਲਿਆਂ ਦੇ ਨਿਬੇੜੇ ਲਈ ਇਕ ਵਧੀਆ ਬਦਲ ਹੈ। ਸੈਂਟਰਲ ਜੀਐੱਸਟੀ ਅਧਿਕਾਰੀਆਂ ਦੇ ਮੁਤਾਬਕ ਟ੍ਰਿਬਿਊਨਲ ਡੈੱਸਕ ਲਈ ਫਰਨੀਚਰ ਦੀ ਮਨਜ਼ੂਰੀ ਅਜੇ ਆਉਣੀ ਬਾਕੀ ਹੈ। ਫਰਨੀਚਰ ਆਉਣ ਤੋਂ ਬਾਅਦ ਸਾਰੇ ਪ੍ਰਬੰਧ ਮੁਕੰਮਲ ਹੋ ਜਾਣਗੇ। ਇਸ ਵੇਲੇ ਕੇਸਾਂ ਦਾ ਨਿਬੇੜਾ ਆਨਲਾਈਨ ਹੀ ਕੀਤਾ ਜਾ ਰਿਹਾ ਹੈ।