ਲਾਪਤਾ ਨੌਜਵਾਨ ਦੀ ਭਾਲ ’ਚ ਪਿੰਡ ਮੋਂਰੋਂ ਪੁੱਜੀ ਜੀਆਰਪੀ ਸੂਰਤ ਦੀ ਟੀਮ
ਚਾਰ ਮਹੀਨਿਆਂ ਤੋਂ ਲਾਪਤਾ ਪੰਜਾਬੀ ਨੌਜਵਾਨ ਹਰਮਨ ਸਿੰਘ ਮਾਮਲੇ ’ਚ ਜੀਆਰਪੀ ਸੂਰਤ ਦੀ ਟੀਮ ਪਿੰਡ ਮੋਂਰੋਂ ਪਹੁੰਚੀ
Publish Date: Fri, 06 Feb 2026 07:25 PM (IST)
Updated Date: Fri, 06 Feb 2026 07:29 PM (IST)

ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਕਰੀਬ ਚਾਰ ਮਹੀਨਿਆਂ ਤੋਂ ਸ਼ੱਕੀ ਹਾਲਤ ’ਚ ਲਾਪਤਾ ਪੰਜਾਬੀ ਨੌਜਵਾਨ ਹਰਮਨ ਸਿੰਘ (31) ਦੇ ਮਾਮਲੇ ’ਚ ਜਾਂਚ ਤੇਜ਼ ਹੋ ਗਈ ਹੈ। ਜੀਆਰਪੀ ਰੇਲਵੇ ਥਾਣਾ ਸੂਰਤ (ਗੁਜਰਾਤ) ਦੀ ਪੁਲਿਸ ਟੀਮ ਹਰਮਨ ਸਿੰਘ ਦੇ ਜੱਦੀ ਪਿੰਡ ਮੋਂਰੋਂ ਪਹੁੰਚੀ ਤੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਦੇ ਬਿਆਨ ਦਰਜ ਕੀਤੇ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਹਰਮਨ ਸਿੰਘ ਦੇ ਮਾਮਾ ਤੇ ਨੰਬਰਦਾਰ ਬੂਟਾ ਸਿੰਘ ਮੋਂਰੋਂ ਨੇ ਦੱਸਿਆ ਕਿ ਹਰਮਨ ਸਿੰਘ ਪਿਛਲੇ ਤਿੰਨ ਸਾਲਾਂ ਤੋਂ ਆਪਣੇ ਨਾਨਕੇ ਪਿੰਡ ਸੂਰਤ (ਗੁਜਰਾਤ) ’ਚ ਕ੍ਰੇਨ ਡਰਾਇਵਰ ਵਜੋਂ ਕੰਮ ਕਰ ਰਿਹਾ ਸੀ। ਕਰੀਬ ਚਾਰ ਮਹੀਨੇ ਪਹਿਲਾਂ ਬਿਮਾਰ ਹੋਣ ਕਾਰਨ ਉਸ ਨੇ ਪੰਜਾਬ ਵਾਪਸ ਆਉਣ ਦੀ ਗੱਲ ਕੀਤੀ ਤੇ ਸੂਰਤ ਰੇਲਵੇ ਸਟੇਸ਼ਨ ਤੋਂ ਟ੍ਰੇਨ ਫੜਨ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਰਮਨ ਸਿੰਘ ਨੇ ਫੋਨ ’ਤੇ ਦੱਸਿਆ ਸੀ ਕਿ ਉਹ ਟ੍ਰੇਨ ’ਚ ਸਵਾਰ ਹੋ ਚੁੱਕਾ ਹੈ, ਪਰ ਇਸ ਤੋਂ ਬਾਅਦ ਉਸਦਾ ਮੋਬਾਈਲ ਫੋਨ ਬੰਦ ਹੋ ਗਿਆ ਤੇ ਉਹ ਅਜੇ ਤੱਕ ਘਰ ਨਹੀਂ ਪੁੱਜਾ। ਇਸ ਸਬੰਧੀ ਜੀਆਰਪੀ ਰੇਲਵੇ ਥਾਣਾ ਫਿਲੌਰ ਤੇ ਲੁਧਿਆਣਾ ਨੂੰ ਸੂਚਨਾ ਦਿੱਤੀ ਗਈ ਸੀ ਪਰ ਕੋਈ ਢੁੱਕਵੀਂ ਕਾਰਵਾਈ ਨਹੀਂ ਹੋਈ। ਬੂਟਾ ਸਿੰਘ ਨੇ ਦੱਸਿਆ ਕਿ ਮਾਮਲਾ ਉੱਘੇ ਸਮਾਜ ਸੇਵਕ ਵਿਨੋਦ ਕੁਮਾਰ ਭਾਰਦਵਾਜ, ਜੱਸੀ ਖੁਰਾਣਾ, ਬਾਬਾ ਦੀਪ ਸਿੰਘ ਫਾਊਂਡੇਸ਼ਨ ਲੁਧਿਆਣਾ ਤੇ ਭਾਕਿਯੂ ਆਗੂ ਗੁਰਮੀਤ ਸਿੰਘ ਗਰੇਵਾਲ ਦੇ ਧਿਆਨ ’ਚ ਲਿਆਂਦਾ ਗਿਆ, ਜਿਨ੍ਹਾਂ ਦੇ ਯਤਨਾਂ ਨਾਲ ਇਹ ਮਾਮਲਾ ਗੁਜਰਾਤ ਸਰਕਾਰ ਦੇ ਸਬੰਧਤ ਅਧਿਕਾਰੀਆਂ ਤੇ ਜੀਆਰਪੀ ਥਾਣਾ ਸੂਰਤ ਦੇ ਇੰਚਾਰਜ ਦੇ ਸਾਹਮਣੇ ਰੱਖਿਆ ਗਿਆ। ਵਿਭਾਗੀ ਹੁਕਮਾਂ ਅਨੁਸਾਰ ਜੀਆਰਪੀ ਸੂਰਤ ਵੱਲੋਂ ਏਐੱਸਆਈ ਮਨੀਸ਼ਾ ਤੇ ਪੂਜਾ ਦੀ ਅਗਵਾਈ ਹੇਠ ਇਕ ਟੀਮ ਨੇ ਪਿੰਡ ਮੋਂਰੋਂ ਦਾ ਦੌਰਾ ਕੀਤਾ। ਟੀਮ ਵੱਲੋਂ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਦੇ ਬਿਆਨ ਕਲਮਬੱਧ ਕੀਤੇ ਗਏ। ਜਾਂਚ ਦੌਰਾਨ ਪੁਲਿਸ ਟੀਮ ਨੇ ਦੱਸਿਆ ਕਿ ਹਰਮਨ ਸਿੰਘ ਦਾ ਪੁਰਾਣਾ ਮੋਬਾਈਲ ਨੰਬਰ ਬੰਦ ਹੋ ਚੁੱਕਾ ਹੈ। ਮੋਬਾਈਲ ਦੇ ਆਈਐੱਮਈਆਈ ਨੰਬਰ ਦੀ ਜਾਂਚ ਕਰਨ ’ਤੇ ਪਤਾ ਲੱਗਿਆ ਕਿ ਇਸ ਸਮੇਂ ਉਸ ਮੋਬਾਈਲ ’ਚ ਚੱਲ ਰਿਹਾ ਨੰਬਰ ਪਾਣੀਪਤ (ਹਰਿਆਣਾ) ਦੇ ਪਤੇ ’ਤੇ ਦਰਜ ਹੈ, ਜਦਕਿ ਉਸ ਦੀ ਮੌਜੂਦਾ ਲੋਕੇਸ਼ਨ ਅੰਮ੍ਰਿਤਸਰ ਦਰਸਾਈ ਜਾ ਰਹੀ ਹੈ। ਪੁਲਿਸ ਵੱਲੋਂ ਪ੍ਰਾਪਤ ਲੋਕੇਸ਼ਨ ’ਤੇ ਛਾਪੇਮਾਰੀ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਆਸ ਪ੍ਰਗਟਾਈ ਕਿ ਹੁਣ ਉਨ੍ਹਾਂ ਨੂੰ ਇਨਸਾਫ ਮਿਲੇਗਾ ਤੇ ਉਨ੍ਹਾਂ ਦਾ ਪੁੱਤਰ ਸੁਰੱਖਿਅਤ ਵਾਪਸ ਘਰ ਆਵੇਗਾ।