ਗ੍ਰੀਨ ਬੈਲਟ ਦੇ ਵਿਕਾਸ ਕੰਮ ’ਚ ਵੱਡੀ ਲਾਪਰਵਾਹੀ
ਪਟੇਲ ਚੌਕ ਤੋਂ ਬਿਧੀਪੁਰ ਤੱਕ ਗ੍ਰੀਨ ਬੈਲਟ ਦੇ ਵਿਕਾਸ ਕੰਮ ’ਚ ਵੱਡੀ ਲਾਪਰਵਾਹੀ
Publish Date: Thu, 01 Jan 2026 09:54 PM (IST)
Updated Date: Fri, 02 Jan 2026 04:14 AM (IST)

ਨਾ ਪੌਦੇ ਲੱਗ ਰਹੇ ਤੇ ਨਾ ਹੀ ਕਬਜ਼ੇ ਹਟ ਰਹੇ ਹਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਮਾਰਟ ਸਿਟੀ ਕੰਪਨੀ ਦੇ ਫੰਡ ਨਾਲ ਵਿਕਸਿਤ ਕੀਤੀ ਜਾ ਰਹੀ ਪਟੇਲ ਚੌਕ ਤੋਂ ਬਿਧੀਪੁਰ ਰੇਲਵੇ ਕ੍ਰਾਸਿੰਗ ਤੱਕ ਦੀ ਗ੍ਰੀਨ ਬੈਲਟ ਦੇ ਕੰਮ ’ਚ ਵੱਡੇ ਪੱਧਰ ’ਤੇ ਲਾਪਰਵਾਹੀ ਸਾਹਮਣੇ ਆ ਰਹੀ ਹੈ। ਨਗਰ ਨਿਗਮ ਦੇ ਇਸ ਪ੍ਰੋਜੈਕਟ ’ਤੇ ਵਣ ਵਿਭਾਗ ਖੁਦ ਕੰਮ ਕਰ ਰਿਹਾ ਹੈ। ਨਗਰ ਨਿਗਮ ਵੱਲੋਂ ਸਮਾਰਟ ਸਿਟੀ ਕੰਪਨੀ ਤੋਂ 5.50 ਕਰੋੜ ਰੁਪਏ ਵਣ ਵਿਭਾਗ ਨੂੰ ਟ੍ਰਾਂਸਫਰ ਕੀਤੇ ਗਏ ਸਨ। ਪਟੇਲ ਚੌਕ ਤੋਂ ਬਿਧੀਪੁਰ ਫਾਟਕ ਤੱਕ ਗ੍ਰੀਨ ਬੈਲਟ ਦੀ ਜ਼ਮੀਨ ਵਣ ਵਿਭਾਗ ਦੀ ਹੈ, ਜਿਸ ਦੀ ਲੱਗਭਗ 25 ਸਾਲਾਂ ਤੋਂ ਅਣਦੇਖੀ ਹੋ ਰਹੀ ਹੈ। ਵਣ ਵਿਭਾਗ ਦੀ ਇਸ ਜ਼ਮੀਨ ’ਤੇ ਵੱਡੇ ਪੱਧਰ ’ਤੇ ਕਬਜ਼ੇ ਹੋਏ ਹੋਏ ਹਨ। ਵਣ ਵਿਭਾਗ ਵੱਲੋਂ ਇਸ ਗ੍ਰੀਨ ਬੈਲਟ ਨੂੰ ਖੁਦ ਵਿਕਸਿਤ ਨਹੀਂ ਕੀਤਾ ਜਾ ਰਿਹਾ ਸੀ, ਜਿਸ ਕਾਰਨ ਇਹ ਗ੍ਰੀਨ ਬੈਲਟ ਇਲਾਕੇ ਵਾਸੀਆਂ ਲਈ ਮੁਸ਼ਕਲ ਦਾ ਕਾਰਨ ਬਣੀ ਰਹੀ। ਮੇਅਰ ਵੱਲੋਂ ਇਸ ਗ੍ਰੀਨ ਬੈਲਟ ਨੂੰ ਨਗਰ ਨਿਗਮ ਪੱਧਰ ’ਤੇ ਵਿਕਸਿਤ ਕਰਨ ਦਾ ਫ਼ੈਸਲਾ ਲਿਆ ਗਿਆ ਸੀ ਤੇ ਇਸ ਲਈ ਪ੍ਰੋਜੈਕਟ ਵੀ ਤਿਆਰ ਕਰਵਾਇਆ ਗਿਆ। ਹਾਲਾਂਕਿ ਵਣ ਵਿਭਾਗ ਨੇ ਜ਼ਮੀਨ ਹੈਂਡਓਵਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਤੇ ਕਿਹਾ ਸੀ ਕਿ ਉਹ ਖੁਦ ਇਸ ਦਾ ਵਿਕਾਸ ਕਰਵਾਏਗਾ। ਇਸ ਪ੍ਰੋਜੈਕਟ ਦਾ ਉਦਘਾਟਨ ਹੋਏ ਕਈ ਮਹੀਨੇ ਬੀਤ ਚੁੱਕੇ ਹਨ ਪਰ ਅਜੇ ਤੱਕ ਕੰਮ ਤਸੱਲੀਬਖ਼ਸ਼ ਨਹੀਂ ਹੈ। ਬਹੁਤੀਆ ਥਾਵਾਂ ’ਤੇ ਅਜੇ ਤੱਕ ਗ੍ਰੀਨ ਬੈਲਟ ਤੋਂ ਕਬਜ਼ੇ ਨਹੀਂ ਹਟਾਏ ਗਏ ਹਨ, ਜਿੱਥੇ-ਜਿੱਥੇ ਵਣ ਵਿਭਾਗ ਵੱਲੋਂ ਪੌਦੇ ਲਾਏ ਗਏ ਹਨ, ਉਥੇ ਹਾਲਾਤ ਕਾਫ਼ੀ ਖ਼ਰਾਬ ਹਨ। ਐੱਚਐੱਮਵੀ ਕਾਲਜ ਦੇ ਆਸ-ਪਾਸ ਦੇ ਇਲਾਕੇ ਨੂੰ ਛੱਡ ਕੇ ਦੋਵੇਂ ਪਾਸਿਆਂ ਲਗਭਗ 17 ਕਿਲੋਮੀਟਰ ਲੰਬੀ ਗ੍ਰੀਨ ਬੈਲਟ ਦੀ ਹਾਲਤ ਅਜੇ ਵੀ ਬੁਰੀ ਹੈ। ਇਸ ਮਾਮਲੇ ਨੂੰ ਲੈ ਕੇ ਮੇਅਰ ਵਨੀਤ ਧੀਰ ਵੀ ਖੁਸ਼ ਨਹੀਂ ਹਨ। ਮੇਅਰ ਵਨੀਤ ਧੀਰ ਨੇ ਕਿਹਾ ਕਿ ਉਹ 2 ਵਾਰ ਮੌਕੇ ਦਾ ਮੁਆਇਨਾ ਕਰ ਚੁੱਕੇ ਹਨ ਤੇ ਕੰਮ ਵਿਚ ਕਾਫ਼ੀ ਖਾਮੀਆਂ ਹਨ। ਇਸ ਸਬੰਧੀ ਵਣ ਵਿਭਾਗ ਦੇ ਅਧਿਕਾਰੀਆਂ ਨੂੰ ਬੁਲਾ ਕੇ ਮੀਟਿੰਗ ਕੀਤੀ ਜਾਵੇਗੀ ਤੇ ਹਦਾਇਤ ਦਿੱਤੀ ਜਾਵੇਗੀ ਕਿ ਜੋ ਡਿਜ਼ਾਈਨ ਤਿਆਰ ਕਰਵਾਇਆ ਗਿਆ ਸੀ ਉਸ ਅਨੁਸਾਰ ਹੀ ਕੰਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੰਮ ਦੀ ਰਫ਼ਤਾਰ ਕਾਫ਼ੀ ਹੌਲੀ ਹੈ। ਗ੍ਰਿੱਲ ਵੀ ਕਾਫ਼ੀ ਹਲਕੀ ਲਾਈ ਜਾ ਰਹੀ ਹੈ ਤੇ ਪੌਦੇ ਲਾਉਣ ਦਾ ਕੰਮ ਵੀ ਢੰਗ ਨਾਲ ਨਹੀਂ ਹੋ ਰਿਹਾ। ਜ਼ਿਕਰਯੋਗ ਹੈ ਕਿ ਇਸ ਪ੍ਰੋਜੈਕਟ ਤਹਿਤ ਪਟੇਲ ਚੌਕ ਤੋਂ ਬਿਧੀਪੁਰ ਫਾਟਕ ਤੱਕ ਦੋਵੇਂ ਲੇਨਾਂ ’ਤੇ ਕੰਮ ਕੀਤਾ ਜਾਣਾ ਹੈ। ਇਹ ਗ੍ਰੀਨ ਕੌਰੀਡੋਰ ਲਗਭਗ 18 ਕਿਲੋਮੀਟਰ ਲੰਬਾ ਹੈ। ਡਿਜ਼ਾਈਨ ਅਨੁਸਾਰ ਕਈ ਥਾਵਾਂ ’ਤੇ ਪਾਰਕ ਬਣਾਏ ਜਾਣੇ ਹਨ, ਜੋ ਸਿੱਖਿਆ ਸੰਸਥਾਵਾਂ ਤੇ ਰਿਹਾਇਸ਼ੀ ਇਲਾਕਿਆਂ ਦੇ ਨੇੜੇ ਹੋਣਗੇ। ਇਸ ਤੋਂ ਇਲਾਵਾ ਲੈਂਡਸਕੇਪਿੰਗ ਕੀਤੀ ਜਾਣੀ ਹੈ, ਜਿਸ ’ਚ ਬੱਚਿਆਂ ਲਈ ਖੇਡਣ ਦਾ ਖੇਤਰ ਤੇ ਓਪਨ ਜਿਮ ਵੀ ਬਣਾਏ ਜਾਣਗੇ, ਜਦੋਂ ਵਿਕਾਸ ਕੰਮ ਦੀ ਸ਼ੁਰੂਆਤ ਹੋਈ ਸੀ ਤਾਂ ਨਗਰ ਨਿਗਮ ਵੱਲੋਂ ਕਬਜ਼ੇ ਹਟਾਉਣ ਦੀ ਕਾਰਵਾਈ ਵੀ ਸ਼ੁਰੂ ਕੀਤੀ ਗਈ ਸੀ ਪਰ ਹੁਣ ਨਾ ਤਾਂ ਵਿਕਾਸ ਕੰਮ ਹੋ ਰਿਹਾ ਹੈ ਤੇ ਨਾ ਹੀ ਕਬਜ਼ੇ ਹਟਾਏ ਜਾ ਰਹੇ ਹਨ। ਮਕਸੂਦਾਂ ਮੰਡੀ ਦੇ ਬਾਹਰ ਵੱਡੇ ਪੱਧਰ ’ਤੇ ਕਬਜ਼ੇ ਹਨ। ਪਟੇਲ ਚੌਕ ਦੇ ਨੇੜੇ ਟ੍ਰਾਂਸਪੋਰਟਰਾਂ ਵੱਲੋਂ ਕਬਜ਼ਾ ਕੀਤਾ ਹੋਇਆ ਹੈ, ਜਦਕਿ ਕਈ ਥਾਵਾਂ ’ਤੇ ਸਟਰੀਟ ਫੂਡ ਮਾਰਕੀਟਾਂ ਵੀ ਬਣ ਚੁੱਕੀਆਂ ਹਨ।