ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਚਾਲੀ ਮੁਕਤਿਆ ਦੀ ਯਾਦ ’ਚ ਸਹਿਜ ਪਾਠ ਆਰੰਭ
ਗ੍ਰੰਥੀ ਗਿਆਨੀ ਪਰਵਿੰਦਰਪਾਲ ਸਿੰਘ ਨੇ ਸਹਿਜ ਪਾਠ ਦੀ ਕੀਤੀ ਆਰੰਭਤਾ
Publish Date: Thu, 15 Jan 2026 06:38 PM (IST)
Updated Date: Fri, 16 Jan 2026 04:07 AM (IST)

- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਾਹਿਬ ਗਿਆਨੀ ਪ੍ਰਵਿੰਦਰਪਾਲ ਸਿੰਘ ਨੇ ਨਿਭਾਈ ਰਸਮ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ ਜਲੰਧਰ : ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਚਾਲੀ ਮੁਕਤਿਆਂ ਦੀ ਯਾਦ ਮਨਾਉਂਦੇ ਹੋਏ ਹਰ ਸਿੱਖ ਨੂੰ ਸੰਪੂਰਨ ਗੁਰੂ ਦੇ ਦਰਸ਼ਨ ਤੇ ਗੁਰਬਾਣੀ ਨਾਲ ਜੋੜਨ ਲਈ ਸਹਿਜ ਪਾਠ ਦੀ ਆਰੰਭਤਾ ਕੀਤੀ ਗਈ। ਇਸ ਦੀ ਆਰੰਭਤਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ ਵੱਲੋਂ ਕੀਤੀ ਗਈ। ਇਸ ਸ੍ਰੀ ਸਹਿਜ ਪਾਠ ਦੀ ਸੰਪੂਰਨਤਾ 30 ਜੂਨ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ 431ਵੇਂ ਅਗਮਨ ਪੁਰਬ ’ਤੇ ਕੀਤੀ ਜਾਵੇਗੀ। ਇਸ ਮੌਕੇ ਗੁਰਦੁਆਰਾ ਸਾਹਿਬ ਦੀ ਇਸਤਰੀ ਸਤਿਸੰਗ ਸਭਾ ਦੀਆਂ ਸਮੂਹ ਮੈਂਬਰ ਬੀਬੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਂਚੀਆਂ ਰਾਹੀਂ ਸਹਿਜ ਪਾਠ ਦੀ ਆਰੰਭਤਾ ’ਚ ਹਿੱਸਾ ਲੈਂਦੇ ਹੋਏ ਸ੍ਰੀ ਜਪੁਜੀ ਸਾਹਿਬ ਦੀ ਬਾਣੀ ਦਾ ਸੰਗਤੀ ਰੂਪ ’ਚ ਜਾਪ ਕੀਤਾ ਗਿਆ। 5 ਮਹੀਨੇ ਤੋਂ ਵੱਧ ਸਮੇਂ ਤੱਕ ਚੱਲਣ ਵਾਲੇ ਸਹਿਜ ਪਾਠ ਰੋਜ਼ਾਨਾ ਸ਼ਾਮ 5 ਵਜੇ ਤੋਂ 5.30 ਵਜੇ ਤੱਕ ਗੁਰਦੁਆਰਾ ਸਾਹਿਬ ਦੇ ਮੁੱਖ ਦਰਬਾਰ ਹਾਲ ਵਿਖੇ ਗੁਰੂ ਕੇ ਵਜ਼ੀਰ ਕਰਨਗੇ। ਦੁਨੀਆਂ ਦੇ ਕਿਸੇ ਵੀ ਕੋਨੇ ’ਤੇ ਬੈਠੇ ਗੁਰੂ ਨਾਨਕ ਨਾਮਲੇਵਾ ਸਿੱਖ ਇਸ ਸਹਿਜ ਪਾਠ ਦਾ ਹਿੱਸਾ ਬਣ ਸਕਦੇ ਹਨ ਤੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪ੍ਰਤੱਖ ਦਰਸ਼ਨ ਕਰਨ ਦੇ ਨਾਲ ਨਾਲ ਬਾਣੀ ਦਾ ਜਾਪ ਕਰ ਤੇ ਸੁਣ ਸਕਦੇ ਸਕਦੇ ਹਨ। ਗਿਆਨੀ ਪ੍ਰਵਿੰਦਰਪਾਲ ਸਿੰਘ ਨੇ ਬੜੇ ਵਿਦਵਤਾ ਪੂਰਵਕ ਢੰਗ ਨਾਲ ਸਹਿਜ ਪਾਠਾਂ ਦੀ ਮਹੱਤਤਾ ਤੇ ਸ਼ੁਧ ਬਾਣੀ ਪੜ੍ਹਨ ਬਾਰੇ ਸੰਗਤਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਹਰ ਸਿੱਖ ਨੂੰ ਆਪਣੇ ਹਿਰਦੇ ’ਚ ਗੁਰੂ ਦਾ ਸਿਮਰਨ ਕਰਦਿਆਂ ਯਾਦ ਕਰਨਾ ਚਾਹੀਦਾ ਹੈ। ਆਪਣੀ ਰਸਨਾ ਦੁਆਰਾ ਗੁਰੂ ਦੀ ਬਾਣੀ ਦਾ ਸਿਮਰਨ ਕਰਨਾ, ਆਪਣੀਆਂ ਅੱਖਾਂ ਰਾਹੀਂ ਗੁਰੂ ਦੀ ਬਾਣੀ ਦੇ ਦਰਸ਼ਨ ਕਰਨੇ ਤੇ ਆਪਣੇ ਕੰਨਾਂ ਰਾਹੀਂ ਸਤਿਗੁਰੂ ਸਾਹਿਬ ਜੀ ਦੀ ਬਾਣੀ ਸੁਣਨੀ ਚਾਹੀਦੀ ਹੈ। ਇਸ ਮੌਕੇ ਪ੍ਰਧਾਨ ਗੁਰਕ੍ਰਿਪਾਲ ਸਿੰਘ ਨੇ ਗਿਆਨੀ ਜੀ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸ੍ਰੀ ਸਾਹਿਬ, ਦੁਸ਼ਾਲਾ ਤੇ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕਰਦਿਆਂ ਕਿਹਾ ਕਿ ਇਤਿਹਾਸਕ ਅਸਥਾਨ ਵਿਖੇ ਸੰਗਤਾਂ ਦੀ ਸੇਵਾ ਹਿੱਤ ਹਮੇਸ਼ਾਂ ਕੁਝ ਨਵੇਂ ਉਪਰਾਲੇ ਕੀਤੇ ਜਾਂਦੇ ਹਨ ਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਆਪ ਅੰਗ ਸੰਗ ਸਹਾਈ ਹੋ ਕੇ ਸਾਰੇ ਕਾਰਜਾਂ ਨੂੰ ਨੇਪਰੇ ਚਾੜ੍ਹਦੇ ਹਨ। ਇਸ ਮੌਕੇ ਚੇਅਰਮੈਨ ਕੋਰ ਕਮੇਟੀ ਹਰਜੀਤ ਸਿੰਘ ਐਡਵੋਕੇਟ, ਸੀਨੀਅਰ ਮੀਤ ਪ੍ਰਧਾਨ ਸਤਿੰਦਰਪਾਲ ਸਿੰਘ ਛਾਬੜਾ, ਚਰਨਜੀਤ ਸਿੰਘ ਸਰਾਫ, ਗੁਰਮੀਤ ਸਿੰਘ ਜਨਰਲ ਸਕੱਤਰ ਇੰਦਰਪਾਲ ਸਿੰਘ ਸਕੱਤਰ, ਜਗਜੀਤ ਸਿੰਘ ਖਜ਼ਾਨਚੀ, ਚਰਨਜੀਤ ਸਿੰਘ ਲੁਬਾਣਾ, ਇੰਦਰਪਾਲ ਸਿੰਘ ਅਰੋੜਾ, ਅਮਨਜੀਤ ਸਿੰਘ ਭੋਲਾ ਛਾਬੜਾ, ਗੁਰਜੀਤ ਸਿੰਘ ਪੋਪਲੀ, ਗੁਰਦੀਪ ਸਿੰਘ ਬਵੇਜਾ, ਹਰਪ੍ਰੀਤ ਸਿੰਘ, ਪਰਵਿੰਦਰ ਸਿੰਘ ਖਾਸਰੀਆ, ਅੰਮ੍ਰਿਤਪਾਲ ਸਿੰਘ, ਬਿਸ਼ਨ ਸਿੰਘ, ਜਸਬੀਰ ਸਿੰਘ ਸੇਠੀ ਆਦਿ ਸੰਗਤ ਹਾਜ਼ਰ ਸੀ।