- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਇਜ਼ਾਦਾ ਹੰਸਰਾਜ ਸਟੇਡੀਅਮ ਨੂੰ ਸੋਲਰ ਪਾਵਰ ਪਲਾਂਟ ਲਈ 13.48 ਲੱਖ ਰੁਪਏ ਦੀ ਗ੍ਰਾਂਟ

-ਸੰਸਦ ਮੈਂਬਰ ਹਰਭਜਨ ਸਿੰਘ ਵੱਲੋਂ ਐੱਮਪੀ ਫੰਡ ਤੋਂ ਮਨਜ਼ੂਰੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਆਮ ਆਦਮੀ ਪਾਰਟੀ ਦੇ ਰਾਜ ਸਭਾ ਸੰਸਦ ਮੈਂਬਰ ਤੇ ਭਾਰਤ ਦੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਜਲੰਧਰ ਦੇ ਰਾਇਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ’ਚ ਸੋਲਰ ਪਾਵਰ ਪਲਾਂਟ ਲਗਾਉਣ ਲਈ ਆਪਣੇ ਐੱਮਪੀ ਫੰਡ ’ਚੋਂ 13.48 ਲੱਖ ਰੁਪਏ ਦੀ ਗ੍ਰਾਂਟ ਮਨਜ਼ੂਰ ਕੀਤੀ ਹੈ। ਸੋਲਰ ਪਾਵਰ ਪ੍ਰੋਜੈਕਟ ਦਾ ਪ੍ਰਸਤਾਵ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਲੋਕ ਨਿਰਮਾਣ ਵਿਭਾਗ ਦੇ ਅਨੁਮਾਨ ਦੇ ਨਾਲ ਭੇਜਿਆ ਗਿਆ ਸੀ। ਪੰਜਾਬ ’ਚ ਖੇਡਾਂ ਦੇ ਵਿਕਾਸ ਲਈ ਲਗਾਤਾਰ ਸਹਿਯੋਗ ਦੇਣ ਵਾਲੇ ਸੰਸਦ ਮੈਂਬਰ ਹਰਭਜਨ ਸਿੰਘ ਨੇ ਇਸ ਪ੍ਰੋਜੈਕਟ ਨੂੰ ਤੁਰੰਤ ਮਨਜ਼ੂਰੀ ਦੇ ਦਿੱਤੀ। ਇਹ ਪਹਿਲੀ ਵਾਰ ਨਹੀਂ ਹੈ ਕਿ ਸੰਸਦ ਮੈਂਬਰ ਵੱਲੋਂ ਐਸੋਸੀਏਸ਼ਨ ਨੂੰ ਆਰਥਿਕ ਮਦਦ ਦਿੱਤੀ ਗਈ ਹੋਵੇ। ਸਾਲ 2023 ’ਚ ਉਨ੍ਹਾਂ ਨੇ ਇਸੇ ਸਟੇਡੀਅਮ ’ਚ ਜਿਮ ਦੇ ਲਈ 16.50 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਸੀ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਰਿਤਿਨ ਖੰਨਾ ਨੇ ਕਿਹਾ ਕਿ ਹਰਭਜਨ ਸਿੰਘ ਨਾਲ ਮੁਲਾਕਾਤ ਹਮੇਸ਼ਾ ਵਧੀਆ ਹੁੰਦੀ ਹੈ। ਉਨ੍ਹਾਂ ਦੱਸਿਆ ਕਿ 2023 ’ਚ ਸੰਸਦ ਮੈਂਬਰ ਨੇ ਸਟੇਡੀਅਮ ਦੇ ਜਿਮ ਲਈ ਸਹਿਯੋਗ ਦਿੱਤਾ ਸੀ ਤੇ ਉਸ ਵੇਲੇ ਵੀ ਉਨ੍ਹਾਂ ਨੇ ਕਿਹਾ ਸੀ ਕਿ ਜਦੋਂ ਵੀ ਲੋੜ ਹੋਵੇ, ਸੰਪਰਕ ਕਰ ਲੈਣਾ। ਖੰਨਾ ਨੇ ਕਿਹਾ ਕਿ ਹਰਭਜਨ ਸਿੰਘ ਦਾ ਇਸ ਸਟੇਡੀਅਮ ਨਾਲ ਖਾਸ ਲਗਾਅ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਸ਼ੁਰੂਆਤੀ ਦਿਨਾਂ ’ਚ ਇੱਥੇ ਬੈਡਮਿੰਟਨ ਖੇਡੀ ਤੇ ਟ੍ਰੇਨਿੰਗ ਕਿੱਤੀ ਸੀ। ਸੰਸਦ ਮੈਂਬਰ ਨੇ ਇਹ ਭਰੋਸਾ ਵੀ ਦਿੱਤਾ ਹੈ ਕਿ ਅਗਲੀ ਵਾਰ ਸ਼ਹਿਰ ਆਉਣ ’ਤੇ ਉਹ ਸਟੇਡੀਅਮ ਦਾ ਦੌਰਾ ਕਰਨਗੇ। ਰਿਤਿਨ ਖੰਨਾ ਨੇ ਗ੍ਰਾਂਟ ਮਨਜ਼ੂਰ ਕਰਵਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੁ ਅਗਰਵਾਲ ਤੇ ਅਮਰਜੀਤ ਸਿੰਘ ਦਾ ਧੰਨਵਾਦ ਕੀਤਾ। ਖੰਨਾ ਨੇ ਕਿਹਾ, “ਸੋਲਰ ਪਾਵਰ ਪਲਾਂਟ ਲੱਗਣ ਨਾਲ ਬਿਜਲੀ ਦੇ ਖਰਚ ’ਚ ਕਮੀ ਆਵੇਗੀ। ਬੱਚਤ ਹੋਣ ਵਾਲੀ ਰਕਮ ਖਿਡਾਰੀਆਂ ਦੇ ਵਿਕਾਸ ਤੇ ਟ੍ਰੇਨਿੰਗ ’ਤੇ ਖਰਚ ਕੀਤੀ ਜਾਵੇਗੀ, ਜਿਸ ਨਾਲ ਨਵੇਂ ਤੇ ਉਭਰਦੇ ਖਿਡਾਰੀਆਂ ਨੂੰ ਵਧੀਆ ਸੁਵਿਧਾਵਾਂ ਮਿਲਣਗੀਆਂ।” ਰਾਇਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਦਾ ਪ੍ਰਬੰਧਨ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਕੀਤਾ ਜਾਂਦਾ ਹੈ, ਜਿਸ ਦੀ ਅਗਵਾਈ ਜਲੰਧਰ ਦੇ ਡਿਪਟੀ ਕਮਿਸ਼ਨਰ ਕਰਦੇ ਹਨ। ਸਾਲ 1963 ’ਚ ਸਥਾਪਤ ਤੇ ਸਵਰਗਵਾਸੀ ਰਾਇਜ਼ਾਦਾ ਹੰਸਰਾਜ ਸੋਂਧੀ ਦੇ ਨਾਮ ’ਤੇ ਬਣਿਆ ਇਹ ਸਟੇਡੀਅਮ ਉੱਤਰ ਭਾਰਤ ਦੇ ਸਭ ਤੋਂ ਪੁਰਾਣੇ ਤੇ ਪ੍ਰਸਿੱਧ ਬੈਡਮਿੰਟਨ ਸਟੇਡੀਅਮਾਂ ’ਚ ਸ਼ਾਮਲ ਹੈ। ਸਾਲ 2019 ਤੋਂ ਐਸੋਸੀਏਸ਼ਨ ਦੀ ਅੰਤਰਿਮ ਕਮੇਟੀ ਸਟੇਡੀਅਮ ਦੇ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ। ਇਕ ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਨਾਲ ਸਟੇਡੀਅਮ ’ਚ ਵੱਡੇ ਬਦਲਾਅ ਕੀਤੇ ਗਏ ਹਨ ਤੇ ਹੁਣ ਇਹ ਉੱਚ ਪੱਧਰੀ ਬੈਡਮਿੰਟਨ ਮੁਕਾਬਲਿਆਂ ਦਾ ਕੇਂਦਰ ਬਣ ਚੁੱਕਾ ਹੈ।