- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਆਸੀ ਲੜਾਈ ’ਚ ਉਲਝੀ ਗਰੀਬਾਂ ਦੀ ਗ੍ਰਾਂਟ

-ਇਕ ਮਹੀਨੇ ਤੋਂ 113 ਪਰਿਵਾਰਾਂ ਕਰ ਰਹੇ ਚੈੱਕ ਦੀ ਉਡੀਕ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਕੇਂਦਰ ਸਰਕਾਰ ਵੱਲੋਂ ਗਾਡਰ-ਬਾਲਿਆਂ ਵਾਲੇ ਕੱਚੇ ਮਕਾਨਾਂ ਨੂੰ ਪੱਕਾ ਕਰਨ ਲਈ ਮਨਜ਼ੂਰ ਕੀਤੀ ਗਈ 2 ਕਰੋੜ 82 ਲੱਖ 50 ਹਜਾਰ ਰੁਪਏ ਦੀ ਗ੍ਰਾਂਟ ਹੁਣ ਸਿਆਸੀ ਕਾਟੋ-ਕਲੇਸ਼ ਦੀ ਭੇਟ ਚੜ੍ਹਦੀ ਨਜ਼ਰ ਆ ਰਹੀ ਹੈ। ਸ਼ਾਹਕੋਟ ਦੇ 13 ਵਾਰਡਾਂ ਦੇ 113 ਲਾਭਪਾਤਰੀ ਪਰਿਵਾਰਾਂ ਲਈ ਪਹਿਲੀ ਕਿਸ਼ਤ 56 ਲੱਖ 50 ਹਜ਼ਾਰ ਰੁਪਏ (50 ਹਜ਼ਾਰ ਪ੍ਰਤੀ ਪਰਿਵਾਰ) ਦੀ ਗ੍ਰਾਂਟ ਨੂੰ ਆਇਆਂ ਇੱਕ ਮਹੀਨਾ ਬੀਤ ਚੁੱਕਾ ਹੈ ਪਰ ਨਗਰ ਪੰਚਾਇਤ ਅਤੇ ਸੂਬਾ ਸਰਕਾਰ ਵਿਚਾਲੇ ਚੱਲ ਰਹੀ ‘ਸਿਆਸੀ ਜੰਗ’ ਕਾਰਨ ਇਹ 50-50 ਹਜ਼ਾਰ ਦੇ ਚੈੱਕ ਲੋਕਾਂ ਤੱਕ ਨਹੀਂ ਪਹੁੰਚ ਸਕੇ। ਸੂਤਰਾਂ ਮੁਤਾਬਕ ਨਗਰ ਪੰਚਾਇਤ ਦੇ ਮੁਲਾਜ਼ਮਾਂ ਵਲੋਂ ‘ਆਪ’ ਆਗੂਆਂ ਨਾਲ ਮਿਲ ਕੇ ਆਪਣੇ ਤੌਰ 'ਤੇ ਐੱਸਡੀਐੱਮ ਦਫ਼ਤਰ ਸ਼ਾਹਕੋਟ ਵਿਖੇ ਚੈੱਕ ਵੰਡਣ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ ਸੀ। ਇਸ ਸਬੰਧੀ ਸ਼ਹਿਰ ਦੇ 13 ਵਾਰਡਾਂ ਦੇ ਲਾਭਪਾਤਰੀਆਂ ਨੂੰ ਬਕਾਇਦਾ ਸੁਨੇਹੇ ਵੀ ਭੇਜੇ ਗਏ ਸਨ ਪਰ ਨਿਯਮਾਂ ਅਨੁਸਾਰ ਚੈੱਕਾਂ 'ਤੇ ਨਗਰ ਪੰਚਾਇਤ ਦੇ ਪ੍ਰਧਾਨ ਅਤੇ ਕਾਰਜ ਸਾਧਕ ਅਫ਼ਸਰ ਦੇ ਦਸਤਖਤ ਹੋਣੇ ਲਾਜ਼ਮੀ ਹਨ। ਨਗਰ ਪੰਚਾਇਤ ਪ੍ਰਧਾਨ ਵੱਲੋਂ ਕੀਤੇ ਗਏ ਵਿਰੋਧ ਕਾਰਨ ਅਧਿਕਾਰੀਆਂ ਨੇ ਹੱਥ ਪਿੱਛੇ ਖਿੱਚ ਲਿਆ ਅਤੇ ਪ੍ਰੋਗਰਾਮ ਨੂੰ ਮੌਕੇ 'ਤੇ ਰੱਦ ਕਰ ਦਿੱਤਾ ਗਿਆ, ਜਿਸ ਕਾਰਨ ਲਾਭਪਾਤਰੀਆਂ ਨੂੰ ਭਾਰੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਸਿਆਸੀ ਖਿੱਚੋਤਾਣ ਕਾਰਨ ਅਧਿਕਾਰੀਆਂ ਵੀ ਦੁਬਿਧਾ ਵਿੱਚ ਹਨ । ਨਗਰ ਪੰਚਾਇਤ ਉਪਰ ਕਾਂਗਰਸ ਪਾਰਟੀ ਦਾ ਕਬਜ਼ਾ ਹੈ, ਜਦਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਦੋਵਾਂ ਧਿਰਾਂ ਵਿਚਾਲੇ ਇਸ ਗੱਲ ਨੂੰ ਲੈ ਕੇ ਸਿਹਰਾ ਲੈਣ ਦੀ ਜੰਗ ਛਿੜੀ ਹੋਈ ਹੈ ਕਿ ਇਹ ਚੈੱਕ ਕੌਣ ਵੰਡੇਗਾ। ਇਸ ਸਾਰੇ ਘਟਨਾਕ੍ਰਮ ਵਿੱਚ ਅਧਿਕਾਰੀ ‘ਚੱਕੀ ਦੇ ਦੋ ਪੁੜਾਂ’ ਵਿਚਾਲੇ ਪਿਸ ਰਹੇ ਹਨ। ਨਗਰ ਪੰਚਾਇਤ ਦੇ ਕਾਰਜ ਸਾਧਕ ਅਫ਼ਸਰ ਮੌਜੂਦਾ ‘ਆਪ’ ਸਰਕਾਰ ਦੀ ਨਾਰਾਜ਼ਗੀ ਮੁੱਲ ਨਹੀਂ ਲੈਣਾ ਚਾਹੁੰਦੇ, ਜਿਸ ਕਾਰਨ ਚੈੱਕਾਂ ਦੀ ਵੰਡ ਲਟਕ ਰਹੀ ਹੈ। ਲਾਭਪਾਤਰੀਆਂ ’ਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਹੈ ਕਿ 31 ਮਾਰਚ ਨੂੰ ਮੌਜੂਦਾ ਵਿੱਤੀ ਸਾਲ ਖ਼ਤਮ ਹੋਣ ਵਾਲਾ ਹੈ। ਜੇ ਇਸ ਸਮੇਂ ਦੇ ਅੰਦਰ ਚੈੱਕ ਨਾ ਵੰਡੇ ਗਏ ਤਾਂ ਟੈਕਨੀਕਲ ਕਾਰਨਾਂ ਕਰਕੇ ਗ੍ਰਾਂਟ ਵਿੱਚ ਦਿੱਕਤ ਆ ਸਕਦੀ ਹੈ ਜਾਂ ਫੰਡ ਵਾਪਸ ਜਾ ਸਕਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸਿਆਸੀ ਪਾਰਟੀਆਂ ਆਪਣੀ ਲੜਾਈ ਪਾਸੇ ਰੱਖ ਕੇ ਗਰੀਬਾਂ ਦੇ ਹੱਕ ਬਾਰੇ ਸੋਚਣ ਤਾਂ ਜੋ ਉਨ੍ਹਾਂ ਦੇ ਸਿਰਾਂ 'ਤੇ ਪੱਕੀ ਛੱਤ ਪੈ ਸਕੇ।
----
ਛੇਤੀ ਹੀ ਖਾਤਿਆਂ ’ਚ ਟਰਾਂਸਫਰ ਕੀਤੇ ਜਾਣਗੇ ਪੈਸੇ
ਇਸ ਸਬੰਧੀ ਜਦੋਂ ਨਗਰ ਪੰਚਾਇਤ ਦੇ ਕਾਰਜ ਸਾਧਕ ਅਫਸਰ ਜਗਤਾਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਲਾਭਪਾਤਰੀਆਂ ਦਾ ਰਿਕਾਰਡ ਆਨਲਾਈਨ ਚਾੜ੍ਹਿਆ ਜਾ ਰਿਹਾ ਹੈ ਜਲਦੀ ਹੀ ਇਨ੍ਹਾਂ ਦੇ ਖਾਤਿਆਂ ਵਿੱਚ ਪੈਸੇ ਟਰਾਂਸਫਰ ਕਰ ਦਿੱਤੇ ਜਾਣਗੇ।