ਸੇਂਟ ਜੂਡਜ਼ ਸਕੂਲ ’ਚ ਗ੍ਰੈਜੂਏਸ਼ਨ, ਵਿੱਦਿਆ ਆਰੰਭ ਤੇ ਇਨਵੈਸਟੀਚਰ ਸਮਾਗਮ ਕਰਵਾਇਆ
ਸੇਂਟ ਜੂਡਜ਼ ਸਕੂਲ ਵਿਖੇ ਗ੍ਰੈਜੂਏਸ਼ਨ, ਵਿੱਦਿਆ ਆਰੰਭ ਤੇ ਇਨਵੈਸਟੀਚਰ ਸਮਾਰੋਹ ਕਰਵਾਇਆ
Publish Date: Sun, 29 Mar 2026 07:24 PM (IST)
Updated Date: Sun, 29 Mar 2026 07:27 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਸੇਂਟ ਜੂਡਜ਼ ਕਾਨਵੈਂਟ ਸਕੂਲ ਸ਼ਾਹਕੋਟ ਵਿਖੇ ਗ੍ਰੈਜੂਏਸ਼ਨ ਸੈਰਾਮਨੀ, ਨਰਸਰੀ ਕਲਾਸ ਦੇ ਬੱਚਿਆਂ ਦਾ ਵਿੱਦਿਆ ਆਰੰਭ ਅਤੇ ਇਨਵੈਸਟੀਚਰ ਸਮਾਗਮ ਬੜੀ ਧੂਮਧਾਮ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਵਿਸ਼ੇਸ਼ ਮੌਕੇ ’ਤੇ ਸਕੂਲ ਦਾ ਮਾਹੌਲ ਖੁਸ਼ੀ ਅਤੇ ਮਾਣ ਨਾਲ ਭਰਿਆ ਹੋਇਆ ਸੀ। ਸਮਾਗਮ ਦੀ ਸ਼ੁਰੂਆਤ ਸ਼ਮ੍ਹਾਂ ਰੌਸ਼ਨ ਨਾਲ ਕੀਤੀ ਗਈ। ਇਸ ਉਪਰੰਤ ਨਰਸਰੀ ਕਲਾਸ ਦੇ ਨੰਨ੍ਹੇ-ਮੁੰਨੇ ਬੱਚਿਆਂ ਦਾ ਵਿੱਦਿਆ ਆਰੰਭ ਕਰਵਾਇਆ ਗਿਆ। ਜਦੋਂ ਬੱਚਿਆਂ ਨੇ ਆਪਣੀ ਮੁੱਢਲੀ ਸਿੱਖਿਆ ਦੀ ਸ਼ੁਰੂਆਤ ਕੀਤੀ, ਤਾਂ ਉੱਥੇ ਹਾਜ਼ਰ ਮਾਪਿਆਂ ਦੇ ਚਿਹਰਿਆਂ ਤੇ ਖੁਸ਼ੀ ਦੀ ਲਹਿਰ ਸਾਫ਼ ਦਿਖਾਈ ਦੇ ਰਹੀ ਸੀ। ਗ੍ਰੈਜੂਏਸ਼ਨ ਸਮਾਗਮ ਦੌਰਾਨ ਬੱਚਿਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਸੁੰਦਰ ਸੱਭਿਆਚਾਰਕ ਪ੍ਰੋਗਰਾਮ ਨੇ ਹਾਜ਼ਰੀਨ ਦਾ ਮਨ ਮੋਹ ਲਿਆ। ਇਸ ਦੇ ਨਾਲ ਹੀ ਇਨਵੈਸਟੀਚਰ ਸੈਰਾਮਨੀ ਦੌਰਾਨ ਸਕੂਲ ਦੀ ਨਵੀਂ ਚੁਣੀ ਗਈ ਸਟੂਡੈਂਟ ਕੌਂਸਲ ਦੇ ਮੈਂਬਰਾਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਸਮੂਹ ਕੌਂਸਲ ਮੈਂਬਰਾਂ ਨੇ ਆਪਣੀਆਂ ਡਿਊਟੀਆਂ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਦਾ ਪ੍ਰਣ ਲਿਆ। ਸਮਾਗਮ ਦੌਰਾਨ ਸਕੂਲ ਡਾਇਰੈਕਟਰ ਫਾਦਰ ਵਰਗੀਜ਼ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿਚ ਉੱਚੇ ਟੀਚੇ ਮਿੱਥਣ ਤੇ ਇਨ੍ਹਾਂ ਟੀਚਿਆਂ ਨੂੰ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਸਿਸਟਰ ਵਿਨਾਇਆ ਨੇ ਬੱਚਿਆਂ ਨੂੰ ਸਖ਼ਤ ਮਿਹਨਤ ਅਤੇ ਅਨੁਸ਼ਾਸਨ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਿਆ। ਇਸ ਮੌਕੇ ਪ੍ਰਬੰਧਕਾਂ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਮੂਹ ਸਕੂਲ ਸਟਾਫ, ਵਿਦਿਆਰਥੀ ਤੇ ਮਾਪੇ ਹਾਜ਼ਰ ਸਨ।