ਪਲਾਸਟਿਕ ਡੋਰ ’ਤੇ ਰੋਕ ਨਾ ਲੱਗਣਾ ਸਰਕਾਰ ਦੀ ਨਾਕਾਮੀ : ਡੱਲੇਵਾਲ
ਪਲਾਸਟਿਕ ਡੋਰ ਦੀ ਵਿਕਰੀ ਨਾ ਰੋਕ ਪਾਉਣਾ ਸਰਕਾਰ ਦੀ ਨਾਕਾਮੀ : ਜਗਜੀਤ ਸਿੰਘ ਡੱਲੇਵਾਲ
Publish Date: Sat, 24 Jan 2026 08:41 PM (IST)
Updated Date: Sat, 24 Jan 2026 08:43 PM (IST)

-ਪਲਾਸਟਿਕ ਡੋਰ ਰੱਖਣ ਜਾਂ ਵਰਤਣ ਵਾਲੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਦੇ ਕੌਮੀ ਕਨਵੀਨਰ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਿਛਲੇ 10 ਤੋਂ ਵੱਧ ਸਾਲਾਂ ਤੋਂ ਪਲਾਸਟਿਕ ਚਾਈਨਾ ਡੋਰ ਦੀ ਵਿਕਰੀ ਤੇ ਸਪਲਾਈ ’ਤੇ ਰੋਕ ਨਾ ਲਗਣਾ ਸਰਕਾਰ ਦੀ ਸਪੱਸ਼ਟ ਨਾਕਾਮੀ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਸਰਕਾਰ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਪਲਾਸਟਿਕ ਡੋਰ ਮਨੁੱਖੀ ਜਾਨਾਂ ਤੇ ਜੀਵ-ਜੰਤੂਆਂ ਲਈ ਬਹੁਤ ਖ਼ਤਰਨਾਕ ਹੈ ਤੇ ਇਸ ’ਤੇ ਪਾਬੰਦੀ ਲਾਗੂ ਹੈ ਪਰ ਹਕੀਕਤ ’ਚ ਇਹ ਡੋਰ ਖੁੱਲ੍ਹੇਆਮ ਵਿਕ ਰਹੀ ਹੈ। ਡੱਲੇਵਾਲ ਨੇ ਸਵਾਲ ਉਠਾਇਆ ਕਿ ਜੇ ਪਲਾਸਟਿਕ ਡੋਰ ’ਤੇ ਸੱਚਮੁੱਚ ਪਾਬੰਦੀ ਹੈ ਤਾਂ ਇਹ ਆਖ਼ਰ ਆ ਰਹੀ ਕਿੱਥੋਂ ਹੈ। ਜੇ ਇਹ ਡੋਰ ਚੀਨ ਤੋਂ ਆ ਰਹੀ ਹੈ ਤਾਂ ਸਰਹੱਦਾਂ ’ਤੇ ਇਸ ਦੀ ਰੋਕਥਾਮ ਕਿਉਂ ਨਹੀਂ ਹੋ ਰਹੀ ਤੇ ਜੇ ਇਹ ਦੇਸ਼ ਅੰਦਰ ਹੀ ਤਿਆਰ ਕੀਤੀ ਜਾ ਰਹੀ ਹੈ ਤਾਂ ਇਸ ਦੇ ਨਿਰਮਾਤਾਵਾਂ ਖ਼ਿਲਾਫ਼ ਸਖ਼ਤ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਪਲਾਸਟਿਕ ਡੋਰ ਕਾਰਨ ਰੋਜ਼ਾਨਾ ਬੱਚੇ, ਪੰਛੀ ਤੇ ਹੋਰ ਜੀਵ-ਜੰਤੂ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਤੇ ਕਈ ਕੀਮਤੀ ਜਾਨਾਂ ਜਾ ਰਹੀਆਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਜਿੱਥੇ ਵੀ ਇਸ ਡੋਰ ਨਾਲ ਹਾਦਸਾ ਵਾਪਰਦਾ ਹੈ, ਉਸ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਤੇ ਸਬੰਧਤ ਥਾਣਾ ਮੁਖੀ ਵੀ ਇਸ ਲਈ ਜ਼ਿੰਮੇਵਾਰ ਹਨ, ਕਿਉਂਕਿ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਹੀ ਇਹ ਮੌਤ ਵੰਡਣ ਵਾਲੀ ਡੋਰ ਹਵਾ ’ਚ ਉੱਡ ਰਹੀ ਹੈ। ਡੱਲੇਵਾਲ ਨੇ ਮੰਗ ਕੀਤੀ ਕਿ ਜਿਸ ਵੀ ਵਿਅਕਤੀ ਕੋਲੋਂ ਪਲਾਸਟਿਕ ਡੋਰ ਮਿਲੇ ਜਾਂ ਜੋ ਇਸ ਨਾਲ ਪਤੰਗਬਾਜ਼ੀ ਕਰਦਾ ਫੜਿਆ ਜਾਵੇ, ਉਸ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ ਹੈ, ਭਾਵੇਂ ਉਹ ਵੱਡਾ ਹੋਵੇ ਜਾਂ ਨਾਬਾਲਿਗ। ਉਨ੍ਹਾਂ ਕਿਹਾ ਕਿ ਪਲਾਸਟਿਕ ਡੋਰ ਵੇਚਣ ਵਾਲੇ ਤੇ ਵਰਤਣ ਵਾਲੇ ਦੋਵੇਂ ਹੀ ਅਣਗਿਣਤ ਹਾਦਸਿਆਂ ਤੇ ਸਰਕਾਰੀ ਕਤਲਾਂ ਲਈ ਜ਼ਿੰਮੇਵਾਰ ਹਨ। ਉਨ੍ਹਾਂ ਕੁਝ ਥਾਵਾਂ ’ਤੇ ਪੁਲਿਸ ਵੱਲੋਂ ਚੁੱਕੇ ਗਏ ਸਖ਼ਤ ਸ਼ਲਾਘਾਯੋਗ ਕਦਮਾਂ ਦੀ ਸ਼ਲਾਘਾ ਕਰਦਿਆਂ ਪੰਜਾਬ ਪੁਲਿਸ ਦੇ ਸਾਰੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਇਸ ਖੂਨੀ ਡੋਰ ਖ਼ਿਲਾਫ਼ ਬਿਨਾਂ ਕਿਸੇ ਦਬਾਅ ਦੇ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਇਹ ਖ਼ਤਰਨਾਕ ਡੋਰ ਨਾ ਦਿਵਾਉਣ, ਕਿਉਂਕਿ ਅਕਸਰ ਸਮਝ ਉਸ ਵੇਲੇ ਆਉਂਦੀ ਹੈ ਜਦੋਂ ਅਜਿਹਾ ਹਾਦਸਾ ਆਪਣੇ ਹੀ ਘਰ ਵਾਪਰ ਜਾਵੇ।