ਰਾਹਤ ਦੀ ਥਾਂ ’ਤੇ ਬਿਮਾਰੀਆਂ ਦਾ ‘ਇੰਤਜ਼ਾਮ’ ਕਰ ਰਹੇ ਨੇ ਅਫਸਰ : ਸੰਤ ਸੀਚੇਵਾਲ
ਸਰਕਾਰ ਨੇ 34 ਕਰੋੜਾਂ ਰੁਪਏ ਖਰਚੇ ਪਰ ਅਫ਼ਸਰਾਂ ਦੀ ਆਊਟਪੁਟ ਜ਼ੀਰੋ- ਸੰਤ ਸੀਚੇਵਾਲ
Publish Date: Tue, 17 Feb 2026 09:36 PM (IST)
Updated Date: Tue, 17 Feb 2026 09:39 PM (IST)

-ਬਸਤੀ ਪੀਰਦਾਦ ਦੇ ਦੋਹਾਂ ਟਰੀਟਮੈਂਟਾਂ ਦੀ ਕਾਰਗੁਜ਼ਾਰੀ ਤੋਂ ਪ੍ਰਗਟਾਈ ਨਾਰਜ਼ਾਗੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਾਲਾ ਸੰਘਿਆ ਡਰੇਨ ਦਾ ਅਚਨਚੇਤੀ ਦੌਰਾ ਕੀਤਾ। ਕਾਲਾ ਸੰਘਿਆ ਡਰੇਨ ਦੇ ਦੋਹਾਂ ਕਿਨਾਰਿਆ ਨੂੰ ਪੱਕਿਆ ਕਰਨ ਲਈ ਪੱਥਰ ਲਗਾਉਣ ’ਤੇ 34 ਕਰੋੜ ਖਰਚ ਕਰਨ ਤੋਂ ਬਾਅਦ ਵੀ ਡਰੇਨ ਗੰਦਗੀ ਨਾਲ ਭਰੀ ਦੇਖ ਕੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਸਖ਼ਤ ਨਾਰਾਜ਼ਗੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਖੁਨ-ਪਸੀਨੇ ਨਾਲ ਦਿੱਤੇ ਟੈਕਸਾਂ ਦੇ ਪੈਸੇ ਨਾਲ ਲੋਕਾਂ ਨੂੰ ਰਾਹਤ ਮਿਲਣ ਦੀ ਥਾਂ ਅਫ਼ਸਰਸ਼ਾਹੀ ਉਨ੍ਹਾਂ ਲਈ ਬਿਮਾਰੀਆਂ ਦਾ ‘ਇੰਤਜ਼ਾਮ’ ਕਰ ਰਹੀ ਹੈ। ਕਾਲਾ ਸੰਘਿਆ ਡਰੇਨ ’ਚ ਜਿੱਥੇ ਗੰਦਗੀ ਨਾਲ ਭਰੀ ਪਈ ਸੀ ਉਥੇ ਇਸ ਕਿਨਾਰੇ ਲੱਗੀਆਂ ਫੈਕਟਰੀਆਂ ਦੀ ਰਹਿੰਦ-ਖੂੰਹਦ ਵੀ ਸ਼ਰੇਆਮ ਡਰੇਨ ’ਚ ਸੁੱਟੀ ਜਾ ਰਹੀ ਸੀ। ਜ਼ਿਕਰਯੋਗ ਹੈ ਕਿ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਸ਼ਹਿਰ ’ਚੋਂ ਲੰਘੀ 13 ਕਿੱਲੋਮੀਟਰ ਲੰਮੀ ਕਾਲਾ ਸੰਘਿਆ ਡਰੇਨ ਦੇ ਹਿੱਸੇ ਨੂੰ ਪੱਥਰ ਲਾ ਕੇ ਪੱਕਿਆ ਕੀਤਾ ਗਿਆ ਹੈ। ਕਾਲਾ ਸੰਘਿਆ ਡਰੇਨ ਨੂੰ ਪ੍ਰਦੂਸ਼ਣ ਮੁਕਤ ਕਰਨ ਤੇ ਇਸ ’ਚ 100 ਕਿਊਸਿਕ ਸਾਫ਼ ਪਾਣੀ ਛਡਾਉਣ ਲਈ ਯਤਨਸ਼ੀਲ ਸੰਤ ਸੀਚੇਵਾਲ ਨੇ ਬਸਤੀ ਪੀਰਦਾਦ ਦੇ 50 ਐੱਮਐੱਲਡੀ ਤੇ 15 ਐੱਮਐੱਲਡੀ ਟਰੀਟਮੈਂਟ ਪਲਾਂਟ ਦੀ ਕਾਰਗੁਜ਼ਾਰੀ ’ਤੇ ਵੱਡੇ ਸਵਾਲ ਖੜ੍ਹੇ ਕੀਤੇ। ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਦੀ ਹਾਜ਼ਰੀ ’ਚ ਟਰੀਟਮੈਂਟ ਪਲਾਂਟ ਦੀ ਨਿਕਲ ਰਹੀ ਰਹਿੰਦ-ਖੂੰਦ ਨੂੰ ਦਿਖਾਉਂਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਦੋਹਾਂ ਟਰੀਟਮੈਂਟ ਪਲਾਂਟਾ ਦੀ ਨਿਕਲ ਰਹੀ ਵੇਸਟਜ਼ ਦਾ ਕੋਈ ਹਿਸਾਬ-ਕਿਤਾਬ ਨਹੀਂ ਰੱਖਿਆ ਜਾ ਰਿਹਾ। ਉਨ੍ਹਾਂ ਕਿਹਾ ਕਿ 50 ਐੱਮਐੱਲਡੀ ਟਰੀਟਮੈਂਟ ਪਲਾਂਟ ਦੀ ਸੁੱਕ ਚੁੱਕੀ ਸਲੱਜ ਦੱਸ ਰਹੀ ਹੈ ਕਿ ਇਸ ਦੀ ਰਹਿੰਦ-ਖੂੰਹਦ ਨੂੰ ਡਰੇਨ ’ਚ ਸੁੱਟਿਆ ਜਾ ਰਿਹਾ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਕਾਲਾ ਸੰਘਿਆ ਡਰੇਨ ਦਾ ਪ੍ਰਦੂਸ਼ਣ ਖਤਮ ਕਰਨ ਤੇ ਇਸ ਨੂੰ ਸਾਫ ਸੁਥਰਾ ਵਗਦਾ ਦੇਖਣ ਲਈ ਕੋਈ ਵੀ ਸਰਕਾਰੀ ਧਿਰ ਆਪਣੀ ਜ਼ਿੰਮੇਵਾਰੀ ਨਹੀਂ ਸਮਝ ਰਹੀ। ਨਗਰ ਨਿਗਮ ਜਲੰਧਰ ਦੀ ਜੁਆਇੰਟ ਕਮਿਸ਼ਨਰ ਸੁਮਨਦੀਪ ਕੌਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਬਚਨਪਾਲ ਸਿੰਘ, ਡਰੇਨਜ਼ ਵਿਭਾਗ ਦੇ ਐੱਸਡੀਓ ਸੁਖਪਾਲ ਸਿੰਘ ਤੇ ਹੋਰ ਅਧਿਕਾਰੀ ਵੀ ਹਜ਼ਾਰ ਸਨ। ------------------------ 18 ਸਾਲਾਂ ਦਾ ਸੰਘਰਸ਼ ਤੇ ਅਫਸਰਾਂ ਦੀ ਲਾਪਰਵਾਹੀ ਕਾਲਾ ਸੰਘਿਆ ਡਰੇਨ ਦੇ ਪ੍ਰਦੂਸ਼ਣ ਨੂੰ ਲੈ ਕੇ 18 ਸਾਲਾਂ ਤੋਂ ਸੰਘਰਸ਼ ਕਰਦੇ ਆ ਰਹੇ ਸੰਤ ਸੀਚੇਵਾਲ ਨਗਰ ਨਿਗਮ, ਡਰੇਨਜ਼ ਵਿਭਾਗ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕਾਰਗੁਜ਼ਾਰੀ ਤੋਂ ਸਖ਼ਤ ਨਾਰਾਜ਼ ਹੋਏ। ਉਨ੍ਹਾਂ ਕਾਲਾ ਸੰਘਿਆ ਡਰੇਨ ਦਾ ਉਸੇ ਤਾਂ ਦਾ ਦੌਰਾਨ ਕੀਤਾ ਜਿੱਥੇ ਪਹਿਲੀ ਵਾਰ ਉਨ੍ਹਾਂ ਨੇ 22 ਫਰਵਰੀ 2008 ਨੂੰ ਕਾਲਾ ਸੰਘਿਆ ਡਰੇਨ ’ਚ ਵਗਦੇ ਗੰਦੇ ਤੇ ਜ਼ਹਿਰੀਲੇ ਪਾਣੀਆਂ ਨੂੰ ਬੰਨ੍ਹ ਮਾਰਿਆ ਸੀ। ਦੂਜੀ ਵਾਰ 18 ਮਈ 2011 ਨੂੰ ਬੰਨ੍ਹ ਮਾਰਿਆ ਗਿਆ ਸੀ। ਦੋਵੇਂ ਵਾਰ ਇਸ ਡਰੇਨ ਦੇ ਜ਼ਹਿਰੀਲੇ ’ਤੇ ਗੰਦੇ ਪਾਣੀ ਤੋਂ ਪੀੜਤ ਲੋਕਾਂ ਨੇ ਵੱਡੀ ਗਿਣਤੀ ’ਚ ਹਿੱਸਾ ਲਿਆ ਸੀ। ਕਾਲਾ ਸੰਘਿਆ ਡਰੇਨ ਦੇ ਕਿਨਾਰਿਆਂ ’ਤੇ ਵੱਸਦੇ ਪਿੰਡ ਕੈਂਸਰ ਦੇ ਮਰੀਜ਼ਾਂ ਨਾਲ ਭਰੇ ਪਏ ਹਨ।