ਸੜਕ ਹਾਦਸੇ ਰੋਕਣ ਲਈ ਸਰਕਾਰ ਠੋਸ ਕਦਮ ਚੁੱਕੇ : ਢੀਂਗਰਾ
ਬੇਸਹਾਰਾ ਗਾਵਾਂ ਕਾਰਨ ਵੱਧ ਰਹੇ ਸੜਕ ਹਾਦਸਿਆਂ ਨੂੰ ਰੋਕਣ ਲਈ ਸਰਕਾਰ ਠੋਸ ਕਦਮ ਚੁੱਕੇ – ਮੋਨੂੰ ਢੀਂਗਰਾ
Publish Date: Mon, 19 Jan 2026 06:34 PM (IST)
Updated Date: Mon, 19 Jan 2026 06:36 PM (IST)

ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਲਵਾਰਿਸ ਗਊਆਂ ਕਾਰਨ ਵਾਪਰ ਰਹੇ ਸੜਕ ਹਾਦਸਿਆਂ ਨੂੰ ਰੋਕਣ ਲਈ ਸੱਤਾਧਾਰੀ ਸਰਕਾਰ ਨੂੰ ਜਲਦ ਤੋਂ ਜਲਦ ਠੋਸ ਤੇ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਉੱਘੇ ਸਮਾਜ ਸੇਵਕ ਮੋਨੂੰ ਢੀਂਗਰਾ ਨੇ ਕਿਹਾ ਕਿ ਬੀਤੇ ਦਿਨੀਂ ਉਹ ਖੁਦ ਵੀ ਫਿਰੋਜ਼ਪੁਰ ਰੋਡ, ਮੁੱਲਾਂਪੁਰ ਨੇੜੇ ਇਕ ਸੜਕ ਹਾਦਸੇ ਦਾ ਸ਼ਿਕਾਰ ਹੁੰਦੇ-ਹੁੰਦੇ ਵਾਲ ਵਾਲ ਬਚੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਆਮ ਲੋਕਾਂ ਤੋਂ ਹੋਰ ਟੈਕਸਾਂ ਦੇ ਨਾਲ-ਨਾਲ ਗਊ ਟੈਕਸ ਵੀ ਵਸੂਲ ਕੀਤਾ ਜਾਂਦਾ ਹੈ, ਇਸ ਲਈ ਸੜਕਾਂ ’ਤੇ ਘੁੰਮ ਰਹੀਆਂ ਲਵਾਰਿਸ ਗਊਆਂ ਦੀ ਸਾਂਭ-ਸੰਭਾਲ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਇਸ ਸਮੱਸਿਆ ਦੇ ਹੱਲ ਲਈ ਗਊਸ਼ਾਲਾਵਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਈ ਲੋਕ ਘਰਾਂ ’ਚ ਪਾਲੀਆਂ ਗਾਵਾਂ ਨੂੰ ਜਦੋਂ ਉਹ ਦੁੱਧ ਦੇਣਾ ਬੰਦ ਕਰ ਦਿੰਦੀਆਂ ਹਨ ਤਾਂ ਖੇਤਾਂ ਜਾਂ ਸੜਕਾਂ ’ਤੇ ਖੁੱਲ੍ਹਾ ਛੱਡ ਦਿੰਦੇ ਹਨ, ਜੋ ਕਿ ਦੂਸਰਿਆਂ ਦੀਆਂ ਕੀਮਤੀ ਤੇ ਅਨਮੋਲ ਜਾਨਾਂ ਨਾਲ ਖਿਲਵਾੜ ਕਰਨ ਦੇ ਬਰਾਬਰ ਹੈ। ਲਵਾਰਿਸ ਗਊਆਂ ਕਾਰਨ ਹੁਣ ਤੱਕ ਕਈ ਮਾਵਾਂ ਆਪਣੇ ਪੁੱਤਾਂ ਦੀਆਂ ਕੀਮਤੀ ਜਾਨਾਂ ਗਵਾ ਚੁੱਕੀਆਂ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਗੰਭੀਰ ਮਸਲੇ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਤਾਂ ਜੋ ਹੋਰ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ।