ਸਰਕਾਰ ਫੌਰੀ ਮੰਨੇ ਰੋਡਵੇਜ਼ ਦੇ ਕਾਮਿਆਂ ਦੀਆਂ ਮੰਗਾਂ : ਹੁਸ਼ਿਆਰਪੁਰੀ
ਪੰਜਾਬ ਰੋਡਵੇਜ਼ ਦੇ ਕਾਮਿਆਂ ਦੀਆਂ ਹੱਕੀ ਮੰਗਾਂ ਸਰਕਾਰ ਤੁਰੰਤ ਮੰਨੇ-ਹੁਸ਼ਿਆਰ ਪੁਰੀ
Publish Date: Wed, 11 Feb 2026 07:49 PM (IST)
Updated Date: Wed, 11 Feb 2026 07:50 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਰੋਡਵੇਜ਼ ਐੱਸਸੀ/ਬੀਸੀ ਇੰਪਲਾਈਜ਼ ਯੂਨੀਅਨ ਦੀ ਮੀਟਿੰਗ ਬਲਜੀਤ ਸਿੰਘ ਹੁਸ਼ਿਆਰਪੁਰੀ ਸੂਬਾ ਪ੍ਰਧਾਨ ਪੰਜਾਬ ਦੀ ਪ੍ਰਧਾਨਗੀ ਹੇਠ ਜਥੇਬੰਦੀ ਦੇ ਦਫਤਰ ਵਿਖੇ ਬੜੇ ਸੁਚੱਜੇ ਮਾਹੌਲ ’ਚ ਕੀਤੀ ਗਈ, ਜਿਸ ’ਚ ਪੰਜਾਬ ਰੋਡਵੇਜ਼ ਦੀ ਨਿਘਰਦੀ ਹਾਲਤ ’ਤੇ ਚਿੰਤਾ ਪ੍ਰਗਟ ਕੀਤੀ ਗਈ। ਯੂਨੀਅਨ ਵੱਲੋਂ ਸਰਕਾਰ ਦੀ ਪੰਜਾਬ ਰੋਡਵੇਜ਼ ਪੀਆਰਟੀਸੀ ਕੰਟਰੈਕਟ ਯੂਨੀਅਨ ਦੇ ਆਗੂਆਂ ’ਤੇ ਪਾਏ ਝੂਠੇ ਕੇਸਾਂ ਦੀ ਨਿੰਦਾ ਕੀਤੀ ਗਈ। ਸਰਕਾਰ ਤੋਂ ਮੰਗ ਕੀਤੀ ਗਈ ਕਿ ਇਨ੍ਹਾਂ ਆਗੂਆਂ ਨੂੰ ਬਿਨਾਂ ਸ਼ਰਤ ਜਲਦੀ ਰਿਹਾਅ ਕੀਤਾ ਜਾਏ। ਆਗੂਆਂ ਨੇ ਕਿਹਾ ਕਿ ਕਰਮਚਾਰੀ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਸਨ, ਜੋ ਕਿ ਇਨ੍ਹਾਂ ਦਾ ਸੰਵਿਧਾਨਕ ਹੱਕ ਹੈ। ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ ਵੱਲੋਂ ਹਰ ਕਾਡਰ ਦੇ ਕਰਮਚਾਰੀਆਂ ਦੀਆਂ ਪਦਉਨਤੀਆਂ ’ਚ ਬੇਲੋੜੀ ਦੇਰੀ ਕਰਨ ਦੀ ਨਿੰਦਾ ਕੀਤੀ ਗਈ ਤੇ ਮੰਗ ਕੀਤੀ ਗਈ ਕਿ ਜਲਦੀ ਤੋਂ ਜਲਦੀ ਕਰਮਚਾਰੀਆਂ ਦੀਆਂ ਪੱਦ ਉਨਤੀਆਂ ਕੀਤੀਆਂ ਜਾਣ। ਪਹਿਲਾਂ ਹੀ ਲੰਮਾ ਸਮਾਂ ਤਰੱਕੀਆਂ ਰੋਕ ਕੇ ਕਰਮਚਾਰੀਆਂ ਨਾਲ ਧੱਕਾ ਕੀਤਾ ਗਿਆ ਹੈ। ਪੰਜਾਬ ਰੋਡਵੇਜ਼ ਦੇ ਬੇੜੇ ’ਚ ਵੱਧ ਤੋਂ ਵੱਧ ਬੱਸਾਂ ਪਾ ਕੇ ਪੰਜਾਬ ਦੀ ਜਨਤਾ ਨੂੰ ਸਹੂਲਤ ਦਿੱਤੀ ਜਾਏ ਤੇ ਮਹਿਕਮੇ ਨੂੰ ਤਰੱਕੀ ’ਤੇ ਲਿਆਂਦਾ ਜਾਵੇ, ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਪੰਜਾਬ ਰੋਡਵੇਜ਼ ’ਚ ਸਮੂਹ ਕੈਟਾਗਰੀਆਂ ਦੀ ਭਰਤੀ ਐੱਸਐੱਸ ਬੋਰਡ ਰਾਹੀਂ ਕੀਤੀ ਜਾਏ, ਪੰਜਾਬ ਰੋਡਵੇਜ਼ ਦੀਆਂ ਸਮੂਹ ਵਰਕਸ਼ਾਪਾਂ ਦੀ ਹਾਲਤ ਸੁਧਾਰੀ ਜਾਏ ਤੇ ਵਰਕਸ਼ਾਪਾਂ ’ਚੋਂ ਕੰਡਮ ਬੱਸਾਂ ,ਕੰਡਮ ਟਾਇਰ ਟਿਊਬਾਂ ਤੇ ਸਕਰੈਪ ਆਦੀ ਦੀ ਨਿਲਾਮੀ ਕਰਵਾਈ ਜਾਏ ਤਾਂ ਜੋ ਆਉਣ ਵਾਲੇ ਸਮੇਂ ’ਚ ਮੱਛਰਾਂ ਦੀ ਭਰਮਾਰ ਨਾ ਹੋ ਸਕੇ ਤੇ ਕਰਮਚਾਰੀ ਬਿਮਾਰ ਨਾ ਹੋਣ। ਮੀਟਿੰਗ ’ਚ ਸਾਥੀ ਸੁਖਬੀਰ ਸਿੰਘ ਪ੍ਰਧਾਨ ਜਲੰਧਰ-1, ਅਮਨਦੀਪ ਸਿੰਘ, ਸਰਬਜੀਤ ਸਿੰਘ ,ਹਰਜੋਤ ਸਿੰਘ ਕੈਸ਼ੀਅਰ, ਰਮਨਦੀਪ ਸਿੰਘ ਸੂਬਾ ਕੈਸ਼ੀਅਰ, ਰਜਵੰਤ ਸਿੰਘ ਤੇ ਹੋਰ ਆਗੂ ਹਾਜ਼ਰ ਸਨ।