ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਮਾ ਪਿੰਡ, ਜੂਨੀਅਰ ਮਾਡਲ ਸਕੂਲ ਤੇ ਇਨੋਸੈਂਟ ਹਾਰਟ ਸਕੂਲ ਦੀਆਂ ਟੀਮਾਂ ਜੇਤੂ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਮਾ ਪਿੰਡ, ਜੂਨੀਅਰ ਮਾਡਲ ਸਕੂਲ ਤੇ ਇਨੋਸੈਂਟ ਹਾਰਟ ਸਕੂਲ ਦੀਆਂ ਟੀਮਾਂ ਜੇਤੂ
Publish Date: Sat, 10 Jan 2026 06:50 PM (IST)
Updated Date: Sun, 11 Jan 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁੱਧ” ਪਹਿਲਕਦਮੀ ਤਹਿਤ ਵਾਸਲ ਐਜੂਕੇਸ਼ਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਜਲੰਧਰ ਪ੍ਰੀਮੀਅਰ ਲੀਗ ਅਧੀਨ ਵੱਖ-ਵੱਖ ਸਥਾਨਾਂ ’ਤੇ ਕ੍ਰਿਕਟ ਦੇ ਰੋਮਾਂਚਕ ਮੈਚ ਖੇਡੇ ਗਏ। ਇਨ੍ਹਾਂ ਮੈਚਾਂ ਦੌਰਾਨ ਖਿਡਾਰੀਆਂ ਨੇ ਸ਼ਾਨਦਾਰ ਖੇਡ ਤੇ ਉੱਚੀ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ। ਸੇਂਟ ਸੋਲਜਰ ਕਾਲਜ ਵਿਖੇ ਕੇਐੱਮਵੀ ਸੰਸਕ੍ਰਿਤੀ ਸੀਨੀਅਰ ਸੈਕੰਡਰੀ ਸਕੂਲ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਮਾ ਪਿੰਡ ਦਰਮਿਆਨ ਖੇਡੇ ਗਏ ਮੈਚ ’ਚ ਕੇਐੱਮਵੀ ਸੰਸਕ੍ਰਿਤੀ ਸਕੂਲ ਦੀ ਟੀਮ ਨੇ 18.1 ਓਵਰਾਂ ’ਚ ਸਾਰੀਆਂ ਵਿਕਟਾਂ ਗਵਾ ਕੇ 158 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਮਾ ਪਿੰਡ ਦੀ ਟੀਮ ਨੇ 11.2 ਓਵਰਾਂ ’ਚ 159 ਦੌੜਾਂ ਬਣਾ ਕੇ 7 ਵਿਕਟਾਂ ਨਾਲ ਮੈਚ ਆਪਣੇ ਨਾਂ ਕੀਤਾ। ਇਸੇ ਤਰ੍ਹਾਂ ਡੀਐੱਮਐੱਸ ਸਕੂਲ ਵਿਖੇ ਜੂਨੀਅਰ ਮਾਡਲ ਸਕੂਲ ਤੇ ਡੀਐੱਮਐੱਸ ਸਕੂਲ ਵਿਚਕਾਰ ਖੇਡੇ ਗਏ ਮੈਚ ’ਚ ਡੀਐੱਮਐੱਸ ਸਕੂਲ ਦੀ ਟੀਮ ਨੇ 20 ਓਵਰਾਂ ’ਚ 3 ਵਿਕਟਾਂ ਦੇ ਨੁਕਸਾਨ ਨਾਲ 141 ਦੌੜਾਂ ਬਣਾਈਆਂ। ਜਵਾਬ ’ਚ ਜੂਨੀਅਰ ਮਾਡਲ ਸਕੂਲ ਦੀ ਟੀਮ ਨੇ 19.3 ਓਵਰਾਂ ’ਚ 9 ਵਿਕਟਾਂ ਗਵਾ ਕੇ 142 ਦੌੜਾਂ ਬਣਾ ਕੇ ਇਕ ਵਿਕਟ ਨਾਲ ਜਿੱਤ ਦਰਜ ਕੀਤੀ। ਸੀਟੀ ਇੰਸਟੀਚਿਊਟ ਵਿਖੇ ਖੇਡੇ ਗਏ ਹੋਰ ਮੈਚ ’ਚ ਐੱਲਆਰ ਦੁਆਬਾ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ 18.5 ਓਵਰਾਂ ’ਚ 104 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਇਸ ਦੇ ਜਵਾਬ ’ਚ ਇਨੋਸੈਂਟ ਹਾਰਟ ਸਕੂਲ ਦੀ ਟੀਮ ਨੇ 14.1 ਓਵਰਾਂ ’ਚ 107 ਦੌੜਾਂ ਬਣਾਈਆਂ ਤੇ 4 ਵਿਕਟਾਂ ਨਾਲ ਮੈਚ ਜਿੱਤ ਲਿਆ। ਜ਼ਿਕਰਯੋਗ ਹੈ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਵੱਲ ਪ੍ਰੇਰਿਤ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਇਹ ਨਿਵੇਕਲੀ ਖੇਡ ਪਹਿਲ ਸ਼ੁਰੂ ਕੀਤੀ ਗਈ ਹੈ, ਜਿਸ ਨੂੰ ਵਿਦਿਆਰਥੀਆਂ ਤੇ ਮਾਪਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।