ਬੰਦੀ ਸਿੰਘਾਂ ਕੋਲੋਂ ਪੈਰੋਲ ਦਾ ਹੱਕ ਵੀ ਖੋਹਿਆ : ਭਾਈ ਪਾਲ ਸਿੰਘ
ਬੰਦੀ ਸਿੰਘਾਂ ਦਾ ਪੈਰੋਲ ਦਾ ਹੱਕ ਵੀ ਖੋਹ ਰਹੀ ਹੈ ਸਰਕਾਰ: ਭਾਈ ਪਾਲ ਸਿੰਘ
Publish Date: Mon, 12 Jan 2026 07:43 PM (IST)
Updated Date: Mon, 12 Jan 2026 07:45 PM (IST)

ਕੌਮੀ ਇਨਸਾਫ ਮੋਰਚੇ ਦੇ ਸੱਦੇ ’ਤੇ ਜਥੇਬੰਦੀਆਂ ਨੇ ਟੋਲ ਪਲਾਜ਼ਾ ਕੀਤਾ ਫ੍ਰੀ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਜੇਲ੍ਹਾਂ ਵਿਚ ਕੈਦ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ ਮੋਰਚੇ ਵੱਲੋਂ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਫ੍ਰੀ ਕਰਨ ਦੇ ਦਿੱਤੇ ਸੱਦੇ ਤਹਿਤ ਕਿਸਾਨ ਤੇ ਪੰਥਕ ਜਥੇਬੰਦੀਆਂ ਵੱਲੋਂ ਮਾਲਵਾ ਤੇ ਦੋਆਬੇ ਨੂੰ ਜੋੜਦੇ ਕਾਂਵਾ ਵਾਲਾ ਪੱਤਣ ਪੁੱਲ ‘ਤੇ ਸਥਿਤ ਚੱਕ ਬਾਹਮਣੀਆਂ ਟੋਲ ਪਲਾਜ਼ਾ ‘ਤੇ ਗੱਡੀਆਂ ਨੂੰ ਮੁਫਤ ਲੰਘਾਇਆ ਗਿਆ। ਸੰਬੋਧਨ ਕਰਦਿਆਂ ਕੌਮੀ ਇਨਸਾਫ ਮੋਰਚਾ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ ਨੇ ਕਿਹਾ ਕਿ ਬੰਦੀ ਸਿੰਘਾਂ ਨਾਲ ਵਿਤਕਰਾ ਹੋ ਰਿਹਾ ਹੈ ਤੇ ਉਨ੍ਹਾਂ ਦਾ ਬੁਨਿਆਦੀ ਪੈਰੋਲ ਦਾ ਹੱਕ ਵੀ ਖੋਹਿਆ ਜਾ ਰਿਹਾ ਹੈ। ਸਰਬੱਤ ਖਾਲਸਾ ਵੱਲੋਂ ਥਾਪੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ 82 ਸਾਲਾਂ ਬਿਰਧ ਮਾਤਾ ਆਪਣੇ ਜਿਗਰ ਦੇ ਟੋਟੇ ਨੂੰ ਛਾਤੀ ਨਾਲ ਲਾਉਣ ਲਈ ਆਖਰੀ ਸਾਹਾਂ ‘ਤੇ ਇੰਤਜ਼ਾਰ ਕਰ ਰਹੀ ਹੈ, ਪਰ ਸਰਕਾਰ ਉਸ ਨੂੰ ਪੈਰੋਲ ਦੇ ਕੇ ਮਿਲਾਉਣ ਤੱਕ ਤਿਆਰ ਨਹੀਂ ਹੈ, ਜਦੋਂ ਕਿ ਬਲਾਤਕਾਰ ਵਰਗੇ ਸੰਗੀਨ ਦੋਸ਼ਾਂ ਵਿਚ ਜੇਲ੍ਹ ’ਚ ਬੰਦ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਪਿਛਲੇ ਇੱਕ ਦਹਾਕੇ ਵਿਚ 15ਵੀਂ ਵਾਰ ਪੈਰੋਲ ਦਿੱਤੀ ਗਈ ਹੈ। ਸਰਕਾਰਾਂ ਵੱਲੋਂ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਯੂਨਾਈਟਡ ਅਕਾਲੀ ਦਲ ਦੇ ਆਗੂ ਜਥੇ. ਬੂਟਾ ਸਿੰਘ ਰਣਸੀਂਹ ਨੇ ਕਿਹਾ ਕਿ ਸਰਕਾਰ ਸਿੱਖਾਂ ਦੇ ਸਬਰ ਦਾ ਇਮਤਿਹਾਨ ਲੈਣਾ ਬੰਦ ਕਰੇ। ਜੇਕਰ ਸਰਕਾਰ ਨੇ ਦੋਹਰੀ ਨੀਤੀ ਤਿਆਗ ਕੇ ਜਲਦ ਬੰਦੀ ਸਿੰਘਾਂ ਨੂੰ ਰਿਹਾਅ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿਚ ਇਸ ਸੰਘਰਸ਼ ਨੂੰ ਹੋਰ ਵਿਸ਼ਾਲ ਅਤੇ ਤਿੱਖਾ ਕੀਤਾ ਜਾਵੇਗਾ ਅਤੇ ਸਮੂਹ ਇਨਸਾਫ ਪਸੰਦ ਜਥੇਬੰਦੀਆਂ ਨੂੰ ਲਾਮਬੰਦ ਕੀਤਾ ਜਾਵੇਗਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚੇ ਦੇ ਨਾਲ ਚੱਟਾਨ ਵਾਂਗ ਖੜ੍ਹੀਆਂ ਹਨ। ਸਰਕਾਰਾਂ ਨੂੰ ਕੰਧ ‘ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਜਦੋਂ ਤੱਕ ਬੰਦੀ ਸਿੰਘ ਰਿਹਾਅ ਨਹੀਂ ਹੁੰਦੇ, ਕਿਸਾਨਾਂ ਅਤੇ ਪੰਥਕ ਧਿਰਾਂ ਦਾ ਇਹ ਸਾਂਝਾ ਏਕਾ ਅਤੇ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਕਿਸਾਨ ਆਗੂ ਗੁਰਜੀਤ ਸਿੰਘ, ਗੁਰਜੰਟ ਸਿੰਘ ਨੰਬਰਦਾਰ, ਜਗਤਾਰ ਸਿੰਘ ਖਾਲਸਾ, ਇਕਬਾਲ ਸਿੰਘ ਸਰਪੰਚ, ਜਗਦੀਸ਼ਪਾਲ ਸਿੰਘ ਚੱਕ ਬਾਹਮਣੀਆਂ, ਜਸਵੰਤ ਸਿੰਘ ਬੀਕੇਯੂ ਲੱਖੋਵਾਲ, ਬਲਵੰਤ ਸਿੰਘ ਕਿਸ਼ਨਪੁਰਾ, ਸਾਰਜ ਸਿੰਘ ਪੰਡੋਰੀ ਕਿਰਤੀ ਕਿਸਾਨ ਯੂਨੀਅਨ, ਕਿਸਾਨ ਆਗੂ ਕੁਲਜੀਤ ਸਿੰਘ ਤੇ ਹੋਰਨਾਂ ਆਗੂਆਂ ਨੇ ਵੀ ਸੰਬੋਧਨ ਕਰਦਿਆਂ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਨ ਦੀ ਮੰਗ ਕੀਤੀ। ਇਸ ਮੌਕੇ ਵੱਡੀ ਗਿਣਤੀ ‘ਚ ਪੰਥਕ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਨੁਮਾਇੰਦੇ ਹਾਜ਼ਰ ਸਨ।