ਸਰਕਾਰੀ ਬੱਸਾਂ ਚੱਕਾ ਜਾਮ ਅੱਜ, ਯੂਨੀਅਨ ਆਗੂਆਂ ਦੀ ਰਿਹਾਈ ਲਈ ਮੁੜ ਸੰਘਰਸ਼
ਅੱਜ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ, ਚੱਕਾ ਜਾਮ, ਯੂਨੀਅਨ ਨੇਤਾਵਾਂ ਦੀ ਰਿਹਾਈ ਲਈ ਫਿਰ ਸੰਘਰਸ਼
Publish Date: Wed, 11 Feb 2026 10:43 PM (IST)
Updated Date: Wed, 11 Feb 2026 10:44 PM (IST)

-ਆਂਗਨਵਾੜੀ ਮੁਲਾਜ਼ਮ, ਇੰਟਕ ਤੇ ਜਲ ਸਪਲਾਈ ਯੂਨੀਅਨਾਂ ਵੀ ਨਹੀਂ ਕਰਨਗੀਆਂ ਕੰਮ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਰੋਡਵੇਜ਼ ’ਚ ਕਿੱਲੋਮੀਟਰ ਸਕੀਮ ਦੀਆਂ ਬੱਸਾਂ ਦਾ ਵਿਰੋਧ ਕਰਦੇ ਹੋਏ ਤੇ ਨੌਂ ਤੋਂ ਵੱਧ ਕਾਂਟ੍ਰੈਕਟ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਲਈ ਗ੍ਰਿਫ਼ਤਾਰ ਕੀਤੇ 10 ਯੂਨੀਅਨ ਆਗੂਆਂ ਦੀ ਰਿਹਾਈ ਦੀ ਮੰਗ ਸਬੰਧੀ ਵੀਰਵਾਰ ਨੂੰ ਕਰਮਚਾਰੀ ਚੱਕਾ ਜਾਮ ਕਰਨਗੇ। ਸਿਰਫ਼ ਜਲੰਧਰ ਡਿਪੂ ਤੋਂ ਹੀ ਪੰਜਾਬ ਰੋਡਵੇਜ਼, ਪਨਬੱਸ ਤੇ ਪੀਆਰਟੀਸੀ ਦੀਆਂ 200 ਤੋਂ ਵੱਧ ਬੱਸਾਂ ਰੂਟਾਂ ’ਤੇ ਨਹੀਂ ਚੱਲਣਗੀਆਂ। ਰੋਡਵੇਜ਼ ਦੀ ਹੜਤਾਲ ਦੇ ਨਾਲ-ਨਾਲ ਆਂਗਨਵਾੜੀ ਮੁਲਾਜ਼ਮ ਯੂਨੀਅਨ ਸੀਟੂ, ਜਲ ਸਪਲਾਈ ਤੇ ਇੰਟਕ ਦੀਆਂ ਯੂਨੀਅਨਾਂ ਵੀ ਸਹਿਯੋਗ ਦੇ ਰਹੀਆਂ ਹਨ। ਰੋਡਵੇਜ਼ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦਸੰਬਰ ’ਚ ਪ੍ਰਦਰਸ਼ਨ ਸ਼ੁਰੂ ਕੀਤਾ ਸੀ। ਇਸ ਦੌਰਾਨ ਸੰਗਰੂਰ, ਬਰਨਾਲਾ ਤੇ ਪਟਿਆਲਾ ਡਿਪੂ ਨਾਲ ਸੰਬੰਧਿਤ 10 ਯੂਨੀਅਨ ਆਗੂਆਂ ’ਤੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਸੰਗਰੂਰ ਜੇਲ੍ਹ ਭੇਜ ਦਿੱਤਾ ਗਿਆ। ਆਗੂਆਂ ਦੀ ਰਿਹਾਈ ਲਈ ਕਰਮਚਾਰੀ ਸੰਗਠਨਾਂ ਵੱਲੋਂ ਵਿਰੋਧ ਕੀਤਾ ਗਿਆ ਤੇ ਸਰਕਾਰੀ ਨੁਮਾਇੰਦਿਆਂ ਨਾਲ ਚਾਰ ਮੀਟਿੰਗਾਂ ਹੋਈਆਂ, ਜਿਨ੍ਹਾਂ ’ਚ ਰਿਹਾਈ ਤੇ ਕੇਸ ਖ਼ਤਮ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਭਰੋਸੇ ਦੇ ਬਾਵਜੂਦ ਰਿਹਾਈ ਨਾ ਹੋਣ ’ਤੇ 12 ਫਰਵਰੀ ਨੂੰ ਚੱਕਾ ਜਾਮ ਤੇ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਹੈ। ------------------- ਇਹ ਰੂਟ ਪ੍ਰਭਾਵਿਤ ਰਹਿਣਗੇ ਜਲੰਧਰ ਡਿਪੂ-1 ਤੇ 2 ਦੇ ਨਾਲ ਪੰਜਾਬ ਰੋਡਵੇਜ਼, ਪੀਆਰਟੀਸੀ ਤੇ ਪਨਬੱਸ ਦੀਆਂ 200 ਤੋਂ ਵੱਧ ਬੱਸਾਂ ਰੂਟਾਂ ’ਤੇ ਨਹੀਂ ਚੱਲਣਗੀਆਂ। ਬੁੱਧਵਾਰ ਸ਼ਾਮ ਨੂੰ ਜਲੰਧਰ ਡਿਪੂ-1 ਤੇ 2 ਨੂੰ ਬੰਦ ਕਰਕੇ ਬੱਸਾਂ ਅੰਦਰ ਖੜ੍ਹੀਆਂ ਕਰ ਦਿੱਤੀਆਂ ਗਈਆਂ। ਵੀਰਵਾਰ ਨੂੰ ਅੰਮ੍ਰਿਤਸਰ, ਚੰਡੀਗੜ੍ਹ, ਲੁਧਿਆਣਾ, ਪਟਿਆਲਾ, ਅੰਬਾਲਾ, ਦਿੱਲੀ, ਜੈਪੁਰ, ਹਲਦਵਾਨੀ, ਜੰਮੂ, ਸ਼ਿਮਲਾ, ਫਿਰੋਜ਼ਪੁਰ, ਫਾਜ਼ਿਲਕਾ, ਨਵਾਂਸ਼ਹਿਰ ਸਮੇਤ ਕਈ ਹੋਰ ਰੂਟਾਂ ’ਤੇ ਸਰਕਾਰੀ ਬੱਸਾਂ ’ਚ ਸਫ਼ਰ ਨਹੀਂ ਹੋ ਸਕੇਗਾ। ਜਲੰਧਰ ਹੀ ਨਹੀਂ, ਸੂਬੇ ਦੇ ਹੋਰ ਡਿਪੂ ਵੀ ਵੀਰਵਾਰ ਨੂੰ ਹੜਤਾਲ ’ਤੇ ਰਹਿਣਗੇ। ----------------------- ਦੇਸ਼ ਭਗਤ ਯਾਦਗਾਰ ਹਾਲ ਤੋਂ ਸ਼ੁਰੂ ਹੋਵੇਗਾ ਵਿਰੋਧ ਪ੍ਰਦਰਸ਼ਨ ਸਰਕਾਰ ਦੇ ਭਰੋਸੇ ਦੇ ਬਾਵਜੂਦ ਗ੍ਰਿਫ਼ਤਾਰ ਯੂਨੀਅਨ ਨੇਤਾਵਾਂ ਨੂੰ ਰਿਹਾਅ ਨਹੀਂ ਕੀਤਾ ਗਿਆ, ਉਨ੍ਹਾਂ ਦੀ ਗ੍ਰਿਫ਼ਤਾਰੀ ਨੂੰ ਦੋ ਮਹੀਨੇ ਹੋ ਚੁੱਕੇ ਹਨ। ਰੋਡਵੇਜ਼, ਪੀਆਰਟੀਸੀ ਤੇ ਪਨਬੱਸ ਦੇ 900 ਤੋਂ ਵੱਧ ਮੁਲਾਜ਼ਮ ਕਾਂਟ੍ਰੈਕਟ ’ਤੇ ਹਨ, ਜਦਕਿ ਪੱਕੇ ਕਰਮਚਾਰੀ ਸੇਵਾਮੁਕਤ ਹੋ ਰਹੇ ਹਨ, ਫਿਰ ਵੀ ਕਾਂਟ੍ਰੈਕਟ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ। ਮੰਗਾਂ ਲਈ ਪ੍ਰਦਰਸ਼ਨ ਕਰਨ ’ਤੇ ਆਗੂਆਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ। -ਚਾਨਣ ਸਿੰਘ, ਮਹਾਂ ਸਕੱਤਰ, ਪੰਜਾਬ ਰੋਡਵੇਜ਼ ਕਾਂਟ੍ਰੈਕਟ ਯੂਨੀਅਨ ---------------------- ਹੜਤਾਲ ’ਚ ਸ਼ਾਮਲ ਹੋਣ ਤੋਂ ਪਹਿਲਾਂ ਪੀਐੱਸਪੀਸੀਐੱਲ ਨੇ ਜਾਰੀ ਕੀਤਾ ਨੋਟਿਸ ਕੇਂਦਰ ਤੇ ਰਾਜ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ, ਕੇਂਦਰੀ ਟਰੇਡ ਯੂਨੀਅਨਾਂ ਤੇ ਮੁਲਾਜ਼ਮ ਫੈਡਰੇਸ਼ਨ ਵੱਲੋਂ 12 ਫਰਵਰੀ ਨੂੰ ਰਾਸ਼ਟਰੀ ਪੱਧਰ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਦੇਸ਼ ਭਗਤ ਯਾਦਗਾਰ ਹਾਲ ’ਚ ਇਕੱਠੇ ਹੋ ਕੇ ਸਰਕਾਰਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨਗੇ। ਮੁੱਖ ਮੰਗਾਂ ’ਚ ਮਜ਼ਦੂਰੀ ਕਾਨੂੰਨਾਂ ’ਚ ਕੀਤੀਆਂ ਤਬਦੀਲੀਆਂ ਰੱਦ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਪੀਐੱਫਆਰਡੀਏ ਬਿਲ ਰੱਦ ਕਰਨ, ਸਭ ਫਸਲਾਂ ’ਤੇ ਐੱਮਐੱਸਪੀ ਲਾਗੂ ਕਰਨ, ਸਰਕਾਰੀ ਵਿਭਾਗਾਂ ਨੂੰ ਕਾਰਪੋਰੇਟ ਹੱਥਾਂ ’ਚ ਵੇਚਣ ’ਤੇ ਰੋਕ ਲਗਾਉਣ ਤੇ ਅੱਠਵਾਂ ਤਨਖ਼ਾਹ ਕਮਿਸ਼ਨ ਲਾਗੂ ਕਰਨ ਦੀ ਮੰਗ ਸ਼ਾਮਲ ਹੈ। ਪੀਐੱਸਪੀਸੀਐੱਲ ਨੇ ਹੜਤਾਲ ’ਚ ਸ਼ਾਮਲ ਹੋਣ ਤੋਂ ਪਹਿਲਾਂ ਮੁਲਾਜ਼ਮਾਂ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ਨੋਟਿਸ ਅਨੁਸਾਰ ਹੈੱਡਕੁਆਰਟਰ ਛੱਡਣ ਤੋਂ ਪਹਿਲਾਂ ਅਧਿਕਾਰੀ ਨੂੰ ਜਾਣਕਾਰੀ ਦੇਣੀ ਲਾਜ਼ਮੀ ਹੈ। ਕੋਈ ਵੀ ਦਫ਼ਤਰ ਬੰਦ ਨਾ ਕੀਤਾ ਜਾਵੇ ਤੇ ਕੈਸ਼ ਕਾਊਂਟਰ ਖੁੱਲ੍ਹੇ ਰਹਿਣ। ਹੜਤਾਲ ਦੇ ਦਿਨ ਸਿਰਫ਼ ਮੈਡੀਕਲ ਆਧਾਰ ’ਤੇ ਹੀ ਛੁੱਟੀ ਮਿਲੇਗੀ। ਜੇ ਕੋਈ ਕਰਮਚਾਰੀ ਹੜਤਾਲ ’ਚ ਸ਼ਾਮਲ ਹੋ ਕੇ ਡਿਊਟੀ ’ਤੇ ਹਾਜ਼ਰ ਨਹੀਂ ਹੁੰਦਾ ਤਾਂ ਉਸ ਦੀ ਗੈਰਹਾਜ਼ਰੀ ਲਗਾਈ ਜਾਵੇਗੀ ਤੇ ਇਕ ਦਿਨ ਦੀ ਤਨਖਾਹ ਨਹੀਂ ਦਿੱਤੀ ਜਾਵੇਗੀ। ਦੋ ਘੰਟੇ ਲਈ ਵੀ ਹੜਤਾਲ ’ਚ ਸ਼ਾਮਲ ਹੋਣ ’ਤੇ ਉਸ ਦਿਨ ਦੀ ਤਨਖਾਹ ਨਹੀਂ ਮਿਲੇਗੀ। ਜਿਹੜੇ ਕਰਮਚਾਰੀ 2026-27 ’ਚ ਰਿਟਾਇਰ ਹੋਣ ਵਾਲੇ ਹਨ, ਉਹ ਹੜਤਾਲ ’ਚ ਸ਼ਾਮਲ ਹੋਏ ਤਾਂ ਉਨ੍ਹਾਂ ਦੇ ਪੈਨਸ਼ਨ ਲਾਭ ਰੋਕੇ ਜਾ ਸਕਦੇ ਹਨ। ਠੇਕੇ ’ਤੇ ਭਰਤੀ, ਵਰਕਚਾਰਜ ਤੇ ਡੇਲੀ ਵੇਜ ਕਰਮਚਾਰੀ ਹੜਤਾਲ ’ਚ ਸ਼ਾਮਲ ਹੋਣ ’ਤੇ ਉਨ੍ਹਾਂ ਦੀਆਂ ਸੇਵਾਵਾਂ ਖ਼ਤਮ ਕੀਤੀਆਂ ਜਾ ਸਕਦੀਆਂ ਹਨ।