45 ਦਿਨਾਂ ’ਚ ਟੁੱਟੀਆਂ ਸੜਕਾਂ ਬਣਾਉਣ ਦਾ ਟੀਚਾ : ਮੇਅਰ
ਮਦਨ ਭਾਰਦਵਾਜ, ਪੰਜਾਬੀ ਜਾਗਰਣ,
Publish Date: Fri, 06 Mar 2026 10:55 PM (IST)
Updated Date: Fri, 06 Mar 2026 10:57 PM (IST)
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ : ਮੇਅਰ ਵਨੀਤ ਧੀਰ ਤੇ ਨਗਰ ਨਿਗਮ ਦੀ ਬੀਐਂਡਆਰ ਐਡਹਾਕ ਕਮੇਟੀ ਦੇ ਚੇਅਰਮੈਨ ਹਰਜਿੰਦਰ ਸਿੰਘ ਲਾਡਾ ਨੇ ਬੀਐਂਡਆਰ ਵਿਭਾਗ ਤੋਂ ਦੋ ਦਿਨਾਂ ’ਚ ਨਵੀਆਂ ਬਣਾਈਆਂ ਜਾਣ ਵਾਲੀਆਂ ਸੜਕਾਂ ਦੀ ਸੂਚੀ ਮੰਗੀ ਹੈ। ਕਮੇਟੀ ਦੀ ਮੀਟਿੰਗ ’ਚ ਮੇਅਰ ਤੇ ਕਮਿਸ਼ਨਰ ਸੰਦੀਪ ਰਿਸ਼ੀ ਨੇ ਬੀਐਂਡਆਰ ਸ਼ਾਖਾ ਦੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਨਵੀਆਂ ਬਣਾਈਆਂ ਜਾਣ ਵਾਲੀਆਂ ਸੜਕਾਂ ਦੀ ਸੂਚੀ ਪੂਰੀ ਟਾਈਮ ਲਾਈਨ ਦੇ ਨਾਲ ਉਪਲੱਬਧ ਕਰਵਾਈ ਜਾਵੇ। ਇਹ ਵੀ ਦੱਸਿਆ ਜਾਵੇ ਕਿ ਕਿਸ ਸੜਕ ਦਾ ਨਿਰਮਾਣ ਕਿਸ ਦਿਨ ਤੋਂ ਸ਼ੁਰੂ ਹੋਵੇਗਾ ਤੇ ਕੰਮ ਕਦੋਂ ਖਤਮ ਹੋਵੇਗਾ।
ਮੇਅਰ ਵਨੀਤ ਧੀਰ ਤੇ ਚੇਅਰਮੈਨ ਹਰਜਿੰਦਰ ਸਿੰਘ ਲਾਡਾ ਨੇ ਇਹ ਵੀ ਹੁਕਮ ਦਿੱਤਾ ਹੈ ਕਿ ਜਿਨ੍ਹਾਂ ਸੜਕਾਂ ਦਾ ਨਿਰਮਾਣ ਹੋਣਾ ਹੈ, ਉਨ੍ਹਾਂ ਦੀ ਸੂਚੀ ਇਸ ਤਰ੍ਹਾਂ ਬਣਾਈ ਜਾਵੇ ਕਿ ਜੋ ਸੜਕਾਂ ਸਭ ਤੋਂ ਵੱਧ ਖਰਾਬ ਹਨ, ਉਹ ਪਹਿਲ ਦੇ ਆਧਾਰ ’ਤੇ ਬਣਾਈਆਂ ਜਾਣ। ਮੇਅਰ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਨਗਰ ਤੋਂ ਗੁਰੂ ਰਵਿਦਾਸ ਚੌਕ ਤੱਕ ਦੀ ਸੜਕ ਤੇ ਮਹਾਵੀਰ ਮਾਰਗ ’ਤੇ ਡਾ. ਆੰਬੇਡਕਰ ਚੌਕ ਤੋਂ ਕਪੂਰਥਲਾ ਚੌਕ ਤੱਕ ਦੀ ਸੜਕ ਦਾ ਕੰਮ ਸਭ ਤੋਂ ਪਹਿਲਾਂ ਕੀਤਾ ਜਾਵੇ। ਮੇਅਰ ਨੇ ਇਹ ਵੀ ਕਿਹਾ ਕਿ ਅਗਲੇ 45 ਦਿਨਾਂ ਵਿਚ ਸਾਰੀਆਂ ਸੜਕਾਂ ਦਾ ਨਿਰਮਾਣ ਪੂਰਾ ਕੀਤਾ ਜਾਵੇ।
ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਕਿਹਾ ਕਿ ਸਰਫੇਸ ਵਾਟਰ ਪ੍ਰੋਜੈਕਟ ਦੀ ਪਾਈਪਲਾਈਨ ਲਈ ਤੋੜੀਆਂ ਗਈਆਂ ਸੜਕਾਂ ’ਤੇ ਲੋਕਾਂ ਨੂੰ ਲੰਬੇ ਸਮੇਂ ਤੋਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ ਤੇ ਹੁਣ ਇਸ ਪਰੇਸ਼ਾਨੀ ਨੂੰ ਦੂਰ ਕਰਨ ਦਾ ਵੇਲਾ ਹੈ। ਡਿਪਟੀ ਮੇਅਰ ਮਲਕੀਤ ਸਿੰਘ ਨੇ ਕਿਹਾ ਕਿ ਮਈ ਮਹੀਨੇ ਦੇ ਮੱਧ ਤੱਕ ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ਨੂੰ ਬਿਹਤਰ ਬਣਾਇਆ ਜਾਵੇਗਾ।
ਇਸ ਦੌਰਾਨ, ਮੇਅਰ ਨੇ ਕਿਹਾ ਕਿ ਸਾਰੇ ਠੇਕੇਦਾਰ ਸ਼ਨਿਚਰਵਾਰ ਨੂੰ ਮੀਟਿੰਗ ’ਚ ਪੁੱਜਣ ਤਾਂ ਜੋ ਸੜਕਾਂ ਦੇ ਨਿਰਮਾਣ ਦੀ ਰਣਨੀਤੀ ਪੂਰੀ ਤਰ੍ਹਾਂ ਤਿਆਰ ਕੀਤੀ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਦੀਆਂ ਜਿੰਨੀ ਵੀ ਸੜਕਾਂ ਦਾ ਨਿਰਮਾਣ ਹੋਣਾ ਹੈ, ਉਸ ਦੀ ਯੋਜਨਾ ਦੋ ਦਿਨਾਂ ’ਚ ਪੂਰੀ ਕੀਤੀ ਜਾਵੇਗੀ। ਮੀਟਿੰਗ ’ਚ ਮੇਅਰ ਨੇ ਚਿਤਾਵਨੀ ਦਿੱਤੀ ਕਿ ਜੋ ਠੇਕੇਦਾਰ ਕੰਮ ਸ਼ੁਰੂ ਨਹੀਂ ਕਰ ਰਹੇ, ਉਨ੍ਹਾਂ ਦਾ ਟੈਂਡਰ ਰੱਦ ਕਰ ਕੇ ਦੂਜੇ ਠੇਕੇਦਾਰ ਨੂੰ ਕੰਮ ਦਿੱਤਾ ਜਾਵੇ ਤੇ ਕੰਮ ਵਿਚ ਰੁਕਾਵਟ ਪੈਦਾ ਕਰਨ ਵਾਲੇ ਠੇਕੇਦਾਰਾਂ ਨੂੰ ਬਲੈਕਲਿਸਟ ਕੀਤਾ ਜਾਵੇ।