ਲੜਕੀ ਦੀ ਬਹਾਦਰੀ ਸਦਕਾ ਮੁਲਜ਼ਮ ਕਾਬੂ
ਲੜਕੀ ਦੀ ਬਹਾਦਰੀ ਨਾਲ ਜਬਰਜਨਾਹ ਦੇ ਮੁਲਜ਼ਮ ਨੂੰ ਕੀਤਾ ਕਾਬੂ, ਗ੍ਰਿਫ਼ਤਾਰ
Publish Date: Sun, 01 Mar 2026 09:48 PM (IST)
Updated Date: Mon, 02 Mar 2026 04:14 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਭੋਗਪੁਰ ’ਚ ਲੜਕੀ ਦੀ ਬਹਾਦਰੀ ਨਾਲ ਜਬਰ-ਜਨਾਹ ਦੀ ਕੋਸ਼ਿਸ਼ ਕਰਨ ਵਾਲਾ ਮੁਲਜ਼ਮ ਕਾਬੂ ਆ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਕੇ ਇਕ ਦਿਨ ਦੇ ਰਿਮਾਂਡ ’ਤੇ ਲਿਆ ਹੈ। ਥਾਣਾ ਭੋਗਪੁਰ ਦੇ ਇੰਚਾਰਜ ਰਾਜੇਸ਼ ਕੁਮਾਰ ਅਰੋੜਾ ਨੇ ਦੱਸਿਆ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਰਿਮਾਂਡ ਦੌਰਾਨ ਉਸ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਥਾਣਾ ਭੋਗਪੁਰ ਦੇ ਇਕ ਪਿੰਡ ’ਚ ਬਿਹਾਰ ਤੋਂ ਆਇਆ ਇਕ ਮਜ਼ਦੂਰ ਆਪਣੇ ਪਰਿਵਾਰ ਸਮੇਤ ਰਹਿੰਦਾ ਹੈ ਤੇ ਮਜ਼ਦੂਰੀ ਕਰ ਕੇ ਘਰ ਦਾ ਗੁਜ਼ਾਰਾ ਕਰਦਾ ਹੈ। ਸ਼ਨਿਚਰਵਾਰ ਨੂੰ ਉਹ ਆਪਣੀ ਪਤਨੀ ਨਾਲ ਕੰਮ ’ਤੇ ਗਿਆ ਹੋਇਆ ਸੀ ਤੇ ਉਸ ਦੇ ਚਾਰ ਬੱਚੇ ਘਰ ’ਚ ਸਨ। ਇਸ ਦੌਰਾਨ ਕੋਹਲੀ ਪਿੰਡ, ਥਾਣਾ ਕੇਸਰਗੰਜ, ਜ਼ਿਲ੍ਹਾ ਲਖਨਊ (ਉੱਤਰ ਪ੍ਰਦੇਸ਼) ਦਾ ਰਹਿਣ ਵਾਲਾ ਰਾਜੂ, ਜੋ ਉਸ ਮਜ਼ਦੂਰ ਦਾ ਭਰਾ ਬਣਿਆ ਹੋਇਆ ਸੀ, ਘਰ ਆ ਗਿਆ। ਉਸ ਨੇ ਘਰ ’ਚ ਮੌਜੂਦ ਬੱਚਿਆਂ ਨੂੰ ਪੈਸੇ ਦੇ ਕੇ ਬਾਹਰ ਭੇਜ ਦਿੱਤਾ ਤੇ ਘਰ ’ਚ ਮੌਜੂਦ 10 ਸਾਲਾ ਬੱਚੀ ਨਾਲ ਦੁਰਾਚਾਰ ਦੀ ਕੋਸ਼ਿਸ਼ ਕੀਤੀ। ਲੜਕੀ ਉਸ ਨਾਲ ਭਿੜ ਗਈ ਤੇ ਧੱਕਾ ਮਾਰ ਕੇ ਬਾਹਰ ਭੱਜ ਗਈ। ਉਸ ਨੇ ਰੌਲਾ ਪਾਇਆ ਤਾਂ ਆਵਾਜ਼ ਸੁਣ ਕੇ ਲੋਕ ਇਕੱਠੇ ਹੋ ਗਏ ਤੇ ਮੁਲਜ਼ਮ ਨੂੰ ਕਾਬੂ ਕਰ ਲਿਆ। ਸੂਚਨਾ ਮਿਲਦੇ ਹੀ ਥਾਣਾ ਭੋਗਪੁਰ ਦੀ ਪੁਲਿਸ ਮੌਕੇ ’ਤੇ ਪਹੁੰਚੀ ਤੇ ਮੁਲਜ਼ਮ ਨੂੰ ਆਪਣੇ ਕਬਜ਼ੇ ’ਚ ਲੈ ਲਿਆ। ਥਾਣਾ ਮੁਖੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਤੋਂ ਪੁੱਛਗਿੱਛ ਜਾਰੀ ਹੈ।