ਜੰਗ ਤੇ ਹਾਕਮਾਂ ਖ਼ਿਲਾਫ਼ ਲੋਕ-ਲਹਿਰ ਉਸਾਰਨ ਦਾ ਪੈਗ਼ਾਮ
ਗ਼ਦਰ ਪਾਰਟੀ ਸਥਾਪਨਾ ਦਿਵਸ ਸਮਾਗਮ
Publish Date: Wed, 22 Apr 2026 08:34 PM (IST)
Updated Date: Wed, 22 Apr 2026 08:37 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਸਾਡੇ ਮੁਲਕ ਦੀ ਆਜ਼ਾਦੀ ਲਈ ਆਸਟਰੀਆ (ਅਮਰੀਕਾ) ਦੀ ਧਰਤੀ ਤੇ ਗ਼ਠਤ ਹੋਈ ਹਿੰਦੀ ਐਸੋਸੀਏਸ਼ਨ ਆਫ਼ ਪੈਸੀਫ਼ਿਕ ਕੋਸਟ ਨਾਂਅ ਦੀ ਇਨਕਲਾਬੀ ਜਥੇਬੰਦੀ ਜੋ ਬਾਅਦ ਚ ਗ਼ਦਰ ਅਖ਼ਬਾਰ ਦੀ ਮਕਬੂਲੀਅਤ ਉਪਰੰਤ ਗ਼ਦਰ ਪਾਰਟੀ ਵਜੋਂ ਆਜ਼ਾਦੀ ਦੀ ਤਵਾਰੀਖ਼ ਚ ਸੂਰਜ ਬਣ ਚਮਕੀ ਉਸਦੇ ਜਨਮ ਦਿਹਾੜੇ (21 ਅਪ੍ਰੈਲ 1913) ਮੌਕੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਚ ਸਥਾਪਨਾ ਦਿਵਸ ਸਮਾਗਮ ਕੀਤਾ ਗਿਆ। ਇਸ ਸਮਾਗਮ ਦਾ ਆਗਾਜ਼ ਦੇਸ਼ ਭਗਤ ਯਾਦਗਾਰ ਹਾਲ ਦੇ ਪ੍ਰਮੁੱਖ ਦੁਆਰ ’ਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਪ੍ਰੋ. ਗੋਪਾਲ ਸਿੰਘ ਬੁੱਟਰ (ਡਾ.) ਵੱਲੋਂ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣ ਨਾਲ ਹੋਇਆ। ਸਾਮਰਾਜਵਾਦ ਮੁਰਦਾਬਾਦ! ਇਨਕਲਾਬ-ਜ਼ਿੰਦਾਬਾਦ ਦੇ ਨਾਅਰਿਆਂ ਤੇ ਤਾੜੀਆਂ ਦੀ ਗੂੰਜ ’ਚ ਇਹ ਅਹਿਦ ਕੀਤਾ ਗਿਆ ਕਿ ਗ਼ਦਰ ਪਾਰਟੀ ਦਾ ਪੈਗ਼ਾਮ, ਲੋਕ ਸੰਗਰਾਮ ਜਾਰੀ ਰੱਖਕੇ ਪੂਰਾ ਕਰਨ ਲਈ ਯੋਗਦਾਨ ਪਾਇਆ ਜਾਏਗਾ। ਦੇਸ਼ ਭਗਤ ਯਾਦਗਾਰ ਹਾਲ ਅੰਦਰ ਬਣੇ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਚ ਇਸ ਮੌਕੇ ਹੋਈ ਗੰਭੀਰ ਵਿਚਾਰ-ਚਰਚਾ ਦੇ ਸ਼ੁਰੂਆਤੀ ਸ਼ਬਦ ਸਾਂਝੇ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਕਿਹਾ ਕਿ ਸੰਸਾਰ ਅਤੇ ਮੁਲਕ ਦੇ ਮੰਚ ਉੱਤੇ ਭਖ਼ਦੇ ਸੁਆਲਾਂ ਨੂੰ ਸੰਬੋਧਤ ਹੋਣਾ ਅੱਜ ਦੇ ਸਮਾਗਮ ਦੀ ਮਹੱਤਤਾ ਹੈ। ਇਸ ਮੌਕੇ ਆਪਣੇ ਸੰਬੋਧਨ ਚ ਪ੍ਰੋ. ਗੋਪਾਲ ਸਿੰਘ ਬੁੱਟਰ ਨੇ ਗ਼ਦਰ ਪਾਰਟੀ ਦੇ ਗਠਨ, ਇਤਿਹਾਸਕ ਸਫ਼ਰ, ਵਿਚਾਰਧਾਰਾ, ਉਦੇਸ਼ਾਂ, ਘਾਲਣਾ, ਕੁਰਬਾਨੀਆਂ ਅਤੇ ਜੀਵਨ ਸਮਰਪਤ ਕਰਨ ਦੀ ਲਟ-ਲਟ ਬਲ਼ਦੀ ਭਾਵਨਾ ਦੀ ਖ਼ੂਬਸੂਰਤ ਅੰਦਾਜ਼ ਵਿੱਚ ਤਸਵੀਰ ਪੇਸ਼ ਕੀਤੀ। ਪ੍ਰੋ. ਗੋਪਾਲ ਸਿੰਘ ਬੁੱਟਰ ਨੇ ਮਹੱਤਵਪੂਰਨ ਨੁਕਤਾ ਛੋਂਹਦੇ ਹੋਏ ਕਿਹਾ ਕਿ ਗ਼ਦਰੀ ਦੇਸ਼ ਭਗਤਾਂ ਨੇ ਵਤਨ ਵਾਸੀਆਂ ਨੂੰ ਚੌਕੰਨੇ ਕੀਤਾ ਸੀ ਕਿ ਸਾਡੇ ਸੁਪਨਿਆਂ ਦੀ ਆਜ਼ਾਦੀ ਲਈ ਸਾਮਰਾਜਵਾਦ, ਲੁੱਟ-ਖੋਹ, ਜੰਗਾਂ, ਫ਼ਿਰਕਾਪ੍ਰਸਤੀ, ਜਾਤ-ਪਾਤ, ਵਿਤਕਰੇ ਬਾਜ਼ੀ ਤੇ ਜ਼ਬਰ ਸਿਤਮ ਤੋਂ ਮੁਕਤ, ਸੈਕੂਲਰ, ਜਮਹੂਰੀ ਤੇ ਸਾਂਝੀਵਾਲਤਾ ਦੇ ਰੰਗ ਚ ਰੰਗਿਆ ਸਮਾਜ ਸਿਰਜਣ ਲਈ ਜੱਦੋ ਜਹਿਦ ਜਾਰੀ ਰੱਖਣੀ ਹੋਏਗੀ। ਸਮਾਗਮ ਦੇ ਮੁੱਖ ਵਕਤਾ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਮੰਗਤ ਰਾਮ ਪਾਸਲਾ ਨੇ ਅਮਰੀਕਾ-ਇਜ਼ਰਾਇਲ ਦੇ ਇਰਾਨ ਉਪਰ ਹਮਲਾ ਤੇ ਭਾਰਤੀ ਹਾਕਮ ਵਿਸ਼ੇ ਉਪਰ ਬੋਲਦੇ ਹੋਏ ਕਿਹਾ ਕਿ ਕੁੱਲ ਸੰਸਾਰ ਦੇ ਕੁਦਰਤੀ ਮਾਲ ਖ਼ਜ਼ਾਨੇ ਲੁੱਟਣ ਲਈ ਅਮਰੀਕੀ ਸਾਮਰਾਜ ਵੱਲੋਂ ਵੱਖ-ਵੱਖ ਮੁਲਕਾ ਉਪਰ ਹਮਲੇ ਕਰਨਾ, ਰਾਜ ਪਲਟੇ ਕਰਾਉਣਾ, ਲੋਕਾਂ ਨੂੰ ਲੋਕਾਂ ਨਾਲ ਲੜਾਉਣਾ ਤੇ ਨਫ਼ਰਤ ਭਰੀ ਜ਼ਹਿਰੀਲੀ ਫ਼ਸਲ ਦੀ ਖੇਤੀ ਕਰਨਾ ਸਾਮਰਾਜੀਆਂ ਦਾ ਕੰਮ ਹੈ। ਉਨਾਂ ਕਿਹਾ ਕਿ ਦੁਨੀਆ ਦੀ ਤਾਜ਼ਾ ਹਵਾ ਇਹ ਵੀ ਗਵਾਹੀ ਭਰਦੀ ਹੈ ਕਿ ਲੋਕ ਜੰਗਬਾਜ਼ਾਂ ਖ਼ਿਲਾਫ਼ ਹਨ। ਉਨ੍ਹਾਂ ਨੇ ਭਾਰਤੀ ਹਾਕਮਾਂ ਦੀ ਤਾਜ਼ਾ ਨੀਤੀ ਨੂੰ ਕਰਾਰੇ ਹੱਥੀਂ ਲੈਂਦੇ ਹੋਏ ਕਿਹਾ ਕਿ ਚਾਹੇ ਈਰਾਨ ਦੇ ਨੇਵੀ ਫੌਜੀ ਸਾਡੇ ਪਾਣੀਆਂ ’ਚ ਮਹਿਮਾਨ ਬਣ ਕੇ ਆਏ। ਅਮਰੀਕੀ ਹਾਕਮਾਂ ਨੇ ਨਿਹੱਥੇ ਮਾਰ ਮੁਕਾਏ ਤਾਂ ਭਾਰਤੀ ਹਾਕਮ ਗੂੰਗੇ ਹੋ ਕੇ ਰਹਿ ਗਏ। ਇਸ ਤੋਂ ਵੱਡੀ ਸਾਮਰਾਜ ਭਗਤੀ ਹੋਰ ਕੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਫ਼ਿਰਕੂ ਫਾਸ਼ੀ ਰਾਜ ਭਾਗ ਦੀ ਸਿਰਜਣਾ ਨੂੰ ਪ੍ਰਨਾਈ ਤੇ ਜੰਗਬਾਜ਼ਾਂ ਦੀ ਮੱਦਦਗਾਰ ਭਾਰਤੀ ਹਕੂਮਤ ਖ਼ਿਲਾਫ਼ ਜ਼ਬਰਦਸਤ ਵਿਸ਼ਾਲ ਲੋਕ ਲਹਿਰ ਖੜ੍ਹੀ ਕਰਨਾ ਸਮੇਂ ਦੀ ਤਿੱਖੀ ਲੋੜ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਮੇਟੀ ਵੱਲੋਂ ਮਤੇ ਪੇਸ਼ ਕਰਦਿਆਂ ਕਿਹਾ ਕਿ ਅਮਰੀਕਾ ਇਜ਼ਰਾਇਲ ਜੰਗਬਾਜ਼, ਇਰਾਨ ਤੇ ਹੋਰ ਮੁਲਕਾਂ ਤੇ ਹਮਲੇ ਤੁਰੰਤ ਬੰਦ ਕਰਨ, ਫ਼ਲਸਤੀਨੀ ਲੋਕਾਂ ਦਾ ਨਸਲਘਾਤ ਕਰਨਾ ਬੰਦ ਕੀਤਾ ਜਾਏ ਤੇ ਫ਼ਲਸਤੀਨ ਚੋਂ ਇਜ਼ਰਾਈਲ ਬਾਹਰ ਜਾਵੇ, ਨੋਇਡਾ ਤੇ ਹੋਰਨਾਂ ਥਾਵਾਂ ਉਪਰ ਸਨਅਤੀ ਕਾਮਿਆਂ ਤੇ ਹੱਲੇ ਬੰਦ ਕੀਤੇ ਜਾਣ, ਅਮਰੀਕੀ ਜੰਗਬਾਜ਼ਾਂ ਦੀ ਭਗਤੀ ਕਰਨੀ ਭਾਰਤੀ ਹਾਕਮ ਬੰਦ ਕਰਨ, ਬੁੱਧੀਜੀਵੀਆਂ, ਜਮਹੂਰੀ ਕਾਮਿਆਂ ਦੀਆਂ ਗ੍ਰਿਫ਼ਤਾਰੀਆਂ ਤੇ ਜ਼ੁਲਮ ਕਰਨਾ ਬੰਦ ਕੀਤਾ ਜਾਏ, ਜਲ੍ਹਿਆਂਵਾਲਾ ਬਾਗ਼ ਦਾ ਮੂਲ ਸਰੂਪ ਵਿਗਾੜਨਾ ਤੇ ਇਤਿਹਾਸਕ ਵਸਤਾਂ ਹਟਾਉਣਾ ਬੰਦ ਕੀਤਾ ਜਾਏ ਤੇ ਕਨੇਡਾ ਹਕੂਮਤ ਵੱਲੋਂ ਵਿਦਿਆਰਥੀਆਂ ਨੂੰ ਦੇਸ਼ ਨਿਕਾਲਾ ਦੇਣਾ ਬੰਦ ਕੀਤਾ ਜਾਵੇ। ਇਨ੍ਹਾਂ ਮਤਿਆਂ ਨੂੰ ਹਾਜ਼ਰੀਨ ਨੇ ਦੋਵੇਂ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ। ਸਮਾਗਮ ਦੇ ਸਿਖ਼ਰ ਤੇ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ ਨੇ ਬੋਲਦਿਆਂ ਕਿਹਾ ਕਿ ਸਾਮਰਾਜੀਆਂ ਉਨ੍ਹਾਂ ਦੀ ਸੇਵਾ ਚ ਭੁਗਤ ਰਹੇ ਤੇ ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਥਾਪੜਾ ਦੇ ਰਹੇ ਭਾਰਤੀ ਹਾਕਮਾਂ ਦਾ ਭਵਿੱਖ਼ ਚ ਪੰਜਾਬ ਉਪਰ ਹੋਰ ਵੀ ਮਾਰੂ ਹੱਲਾ ਹੋਏਗਾ। ਇਸ ਲਈ ਜਾਗਦੀ ਲੋਕ ਤਾਕਤ ਖੜ੍ਹੀ ਕਰਨਾ ਬੇਹੱਦ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਸਮਾਗਮ ਚ ਕਮੇਟੀ ਦੇ ਮੀਤ ਪ੍ਰਧਾਨ ਡਾ. ਪਰਮਿੰਦਰ ਸਿੰਘ, ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ, ਪ੍ਰੋ. ਵਰਿਆਮ ਸਿੰਘ ਸੰਧੂ, ਅਜਮੇਰ ਸਿੰਘ, ਪ੍ਰੋ. ਤੇਜਿੰਦਰ ਵਿਰਲੀ, ਚਰੰਜੀ ਲਾਲ ਕੰਗਣੀਵਾਲ, ਹਰਮੇਸ਼ ਮਾਲੜੀ, ਰਣਜੀਤ ਸਿੰਘ ਔਲਖ, ਡਾ. ਸੈਲੇਸ਼, ਪ੍ਰਗਟ ਸਿੰਘ ਜਾਮਾਰਾਏ ਆਦਿ ਤੋਂ ਇਲਾਵਾ ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ ਦੇ ਉੱਦਮ ਸਦਕਾ ਸੀਨੀਅਰ ਸੈਕੰਡਰੀ ਸਕੂਲ ਨੂਰਮਹਿਲ ਦੇ ਵਿਦਿਆਰਥੀ ਵੱਡੀ ਗਿਣਤੀ ਚ ਸ਼ਾਮਲ ਹੋਏ। ਦੇਸ਼ ਭਗਤ ਕਮੇਟੀ ਨੇ ਸਕੂਲ ਦੇ ਪ੍ਰਿੰਸੀਪਲ ਚੰਦਰ ਸੇਖ਼ਰ ਵਰਮਾ ਤੇ ਉਨਾਂ ਦੇ ਅਧਿਆਪਕ ਟੀਮ ਦਾ ਧੰਨਵਾਦ ਕੀਤਾ।