ਗੈਸ ਟੈਂਕਰ ਤੇ ਟਰੈਕਟਰ-ਟਰਾਲੀ ਦੀ ਟੱਕਰ, ਚਾਲਕ ਮਾਮੂਲੀ ਜ਼ਖ਼ਮੀ
ਗੈਸ ਟੈਂਕਰ ਤੇ ਟਰੈਕਟਰ-ਟਰਾਲੀ ਦੀ ਟੱਕਰ, ਡਰਾਈਵਰ ਮਾਮੂਲੀ ਜ਼ਖਮੀ
Publish Date: Sun, 12 Apr 2026 06:02 PM (IST)
Updated Date: Mon, 13 Apr 2026 04:10 AM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ : ਜਲੰਧਰ–ਪਠਾਨਕੋਟ ਕੌਮੀ ਸ਼ਾਹ ਮਾਰਗ ’ਤੇ ਐਤਵਾਰ ਦੇਰ ਰਾਤ ਕਰੀਬ 8:30 ਵਜੇ ਗੈਸ ਟੈਂਕਰ ਤੇ ਟਰੈਕਟਰ-ਟਰਾਲੀ ਵਿਚਾਲੇ ਟੱਕਰ ਹੋਣ ਕਾਰਨ ਟਰੈਕਟਰ ਚਾਲਕ ਮਾਮੂਲੀ ਜ਼ਖ਼ਮੀ ਹੋ ਗਿਆ। ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀਆਂ ਮੁਤਾਬਕ ਸੂਚਨਾ ਮਿਲਦੇ ਹੀ ਟੀਮ ਮੌਕੇ ’ਤੇ ਪਹੁੰਚੀ। ਜਾਂਚ ਦੌਰਾਨ ਪਤਾ ਲੱਗਿਆ ਕਿ ਗੈਸ ਟੈਂਕਰ (ਯੂਪੀ17-ਟੀ-0888), ਜਿਸ ਨੂੰ ਸੰਜੀਵ ਕੁਮਾਰ ਪੁੱਤਰ ਬਿਸ਼ੰਬਰ ਦਾਸ ਵਾਸੀ ਬੇਗਮਾਂਜੱਫਰ (ਜੰਮੂ ਕਸ਼ਮੀਰ) ਚਲਾ ਰਿਹਾ ਸੀ, ਜਲੰਧਰ ਤੋਂ ਪਠਾਨਕੋਟ ਵੱਲ ਜਾ ਰਿਹਾ ਸੀ। ਜਦੋਂ ਟੈਂਕਰ ਸੱਦਾ ਚੱਕ ਚੌਕ ਨੇੜੇ ਪਹੁੰਚਿਆ ਤਾਂ ਲਿੰਕ ਰੋਡ ਤੋਂ ਮੇਨ ਹਾਈਵੇ ’ਤੇ ਚੜ੍ਹ ਰਹੀ ਟਰੈਕਟਰ-ਟਰਾਲੀ ਨਾਲ ਇਸ ਦੀ ਜ਼ਬਰਦਸਤ ਟੱਕਰ ਹੋ ਗਈ। ਟਰੈਕਟਰ-ਟਰਾਲੀ ਨੂੰ ਹਰਕਮਲ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਰੰਧਾਵਾ ਮਸੰਦਾਂ ਚਲਾ ਰਿਹਾ ਸੀ, ਜੋ ਹਾਦਸੇ ’ਚ ਜ਼ਖ਼ਮੀ ਹੋ ਗਿਆ। ਮੌਕੇ ’ਤੇ ਮੌਜੂਦ ਲੋਕਾਂ ਦੀ ਮਦਦ ਨਾਲ ਉਸ ਨੂੰ ਨੇੜਲੇ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਐੱਸਐੱਸਐੱਫ ਟੀਮ ਨੇ ਘਟਨਾ ਦੀ ਸੂਚਨਾ ਪੁਲਿਸ ਚੌਕੀ ਲਾਹਦੜਾ ਦੇ ਹੈੱਡ ਕਾਂਸਟੇਬਲ ਜ਼ੋਰਾ ਸਿੰਘ ਨੂੰ ਦਿੱਤੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।