ਤਨਖ਼ਾਹ ਨਾ ਮਿਲਣ ’ਤੇ 4 ਤੋਂ ਕੂੜਾ ਨਹੀਂ ਚੁੱਕਣਗੇ ਠੇਕਾ ਡਰਾਈਵਰ
ਠੇਕਾ ਡਰਾਈਵਰਾਂ ਨੂੰ ਤਨਖਾਹ ਨਾ ਮਿਲੀ ਤਾਂ 4 ਮਾਰਚ ਤੋਂ ਕੂੜਾ ਚੁੱਕਣ ਦਾ ਕੰਮ ਹੋਵੇਗਾ ਬੰਦ
Publish Date: Sat, 28 Feb 2026 09:17 PM (IST)
Updated Date: Sat, 28 Feb 2026 09:19 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਗਰ ਨਿਗਮ ਦੇ ਡਰਾਈਵਰ ਤਕਨੀਕੀ ਤੇ ਸਿਹਤ ਸ਼ਾਖਾ ਦੇ ਪ੍ਰਧਾਨ ਸ਼ਮੀ ਲੂਥਰ ਨੇ ਦੱਸਿਆ ਕਿ ਉਨ੍ਹਾਂ ਅਧੀਨ ਕੰਮ ਕਰਨ ਵਾਲੇ ਆਊਟਸੋਰਸ ਡਰਾਈਵਰਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਕਮਿਸ਼ਨਰ ਸੰਦੀਪ ਰਿਸ਼ੀ ਤੇ ਮੇਅਰ ਵਨੀਤ ਧੀਰ ਨੂੰ ਇਸ ਸਮੱਸਿਆ ਬਾਰੇ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਡੀਸੀਐੱਫਏ ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਨਹੀਂ ਕਰ ਰਿਹਾ। ਮੇਅਰ ਵਨੀਤ ਧੀਰ ਨੇ ਹਾਲ ਹੀ ’ਚ ਸ਼ਮੀ ਲੂਥਰ ਨਾਲ ਮੀਟਿੰਗ ਕਰਕੇ ਇਹ ਭਰੋਸਾ ਦਿੱਤਾ ਸੀ ਕਿ ਡੀਸੀਐੱਫਏ ਨੂੰ ਬਦਲਿਆ ਜਾਵੇਗਾ ਪਰ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲਿਆ। ਡਰਾਈਵਰਾਂ ਨੂੰ ਹਾਲੇ ਵੀ ਤਨਖਾਹ ਨਹੀਂ ਮਿਲ ਰਹੀ। ਲੂਥਰ ਨੇ ਕਿਹਾ ਕਿ ਜੇ ਮੰਗਲਵਾਰ ਤੱਕ ਤਨਖਾਹ ਨਾ ਮਿਲੀ ਤਾਂ ਅਗਲੇ ਦਿਨ ਤੋਂ ਕੂੜਾ ਚੁੱਕਣ ਦਾ ਕੰਮ ਬੰਦ ਕਰ ਦਿੱਤਾ ਜਾਵੇਗਾ, ਕਿਉਂਕਿ ਉਸੇ ਦਿਨ ਹੋਲੀ ਦਾ ਤਿਉਹਾਰ ਵੀ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀ ਮੇਅਰ ਤੇ ਯੂਨੀਅਨ ਦੀ ਗੱਲ ਨਹੀਂ ਸੁਣ ਰਹੇ। ਉਹ ਆਪਣਾ ਘਰ ਦਾ ਖਰਚਾ ਕਿਵੇਂ ਚਲਾਉਣਗੇ? ਜੇ ਦੋ–ਤਿੰਨ ਮਹੀਨੇ ਦੀ ਤਨਖਾਹ ਨਾ ਮਿਲੇ ਤਾਂ ਉਨ੍ਹਾਂ ਨੂੰ ਆਪਣੀ ਜੇਬੋਂ ਖਰਚ ਕਰਨਾ ਪਵੇਗਾ। ਉਨ੍ਹਾਂ ਨੇ ਦੱਸਿਆ ਕਿ ਸੋਮਵਾਰ ਨੂੰ ਉਹ ਮੇਅਰ ਤੇ ਕਮਿਸ਼ਨਰ ਨਾਲ ਮਿਲ ਕੇ ਪੂਰੀ ਸਮੱਸਿਆ ਰੱਖਣਗੇ। ਜੇ ਕੋਈ ਹੱਲ ਨਾ ਨਿਕਲਿਆ ਤਾਂ ਉਨ੍ਹਾਂ ਦਾ ਬੁੱਧਵਾਰ ਤੋਂ ਯਾਨੀ ਸ਼ਹਿਰ ’ਚ ਹੋਲੀ ਵਾਲੇ ਦਿਨ ਤੋਂ ਕੂੜਾ ਚੁੱਕਣ ਦਾ ਕੰਮ ਬੰਦ ਕਰ ਦੇਵੇਗਾ।