ਖੁਦਕੁਸ਼ੀ ਮਾਮਲੇ ’ਚ ਭਗੌੜਾ ਜੋੜਾ ਗ੍ਰਿਫ਼ਤਾਰ
ਖੁਦਕੁਸ਼ੀ ਮਾਮਲੇ ’ਚ ਭਗੌੜਾ ਜੋੜਾ ਗ੍ਰਿਫ਼ਤਾਰ
Publish Date: Mon, 16 Feb 2026 09:28 PM (IST)
Updated Date: Mon, 16 Feb 2026 09:30 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਭਾਰਗੋ ਕੈਂਪ ਖੇਤਰ ’ਚ ਵਿਆਹ ਤੋਂ ਇਨਕਾਰ ਕਰਨ ਤੇ ਕਥਿਤ ਮਾਨਸਿਕ ਪਰੇਸ਼ਾਨੀ ਨਾਲ ਸਬੰਧਤ ਖੁਦਕੁਸ਼ੀ ਮਾਮਲੇ ’ਚ ਪੁਲਿਸ ਨੇ ਫਰਾਰ ਜੋੜੇ ਹੈਪੀ ਤੇ ਉਸਦੀ ਪਤਨੀ ਰੇਖਾ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਉਸ ਨੌਜਵਾਨ ਔਰਤ ਦੇ ਮਾਪੇ ਹਨ, ਜਿਸ ਨਾਲ ਮ੍ਰਿਤਕ ਨੌਜਵਾਨ ਅਮਨਦੀਪ ਪ੍ਰੇਮ ਸਬੰਧਾਂ ’ਚ ਸੀ। ਇਹ ਸ਼ਿਕਾਇਤ ਮ੍ਰਿਤਕ ਦੀ ਮਾਂ ਅੰਜਲੀ ਨੇ ਦਰਜ ਕਰਵਾਈ ਸੀ। ਜਾਣਕਾਰੀ ਅਨੁਸਾਰ ਬਸਤੀ ਸ਼ੇਖ ਦੇ ਰਹਿਣ ਵਾਲੇ ਅਮਨਦੀਪ ਤੇ ਕਸ਼ਿਸ਼ ਪ੍ਰੇਮ ਸਬੰਧਾਂ ’ਚ ਸਨ। ਉਨ੍ਹਾਂ ਦੀ 9 ਦਸੰਬਰ, 2023 ਨੂੰ ਇਕ ਹੋਟਲ ’ਚ ਮੰਗਣੀ ਹੋਈ ਸੀ ਤੇ ਤਿੰਨ ਸਾਲ ਬਾਅਦ ਵਿਆਹ ਕਰਨ ਲਈ ਸਹਿਮਤੀ ਹੋ ਗਈ ਸੀ। ਦੋਸ਼ ਹੈ ਕਿ ਕਸ਼ਿਸ਼ ਦੇ ਮਾਤਾ-ਪਿਤਾ, ਹੈਪੀ ਤੇ ਰੇਖਾ ਤੇ ਉਸ ਦੀ ਦਾਦੀ ਇਸ ਰਿਸ਼ਤੇ ਤੋਂ ਨਾਖੁਸ਼ ਸਨ। ਮ੍ਰਿਤਕ ਦੀ ਮਾਂ ਅੰਜਲੀ ਅਨੁਸਾਰ, ਉਹ ਅਮਨਦੀਪ ਨੂੰ ਤਾਅਨੇ ਮਾਰਦੇ ਸਨ ਤੇ ਮਾਨਸਿਕ ਤੌਰ ਤੇ ਪਰੇਸ਼ਾਨ ਕਰਦੇ ਸਨ। ਪਰਿਵਾਰ ਨੇ ਦੋਸ਼ ਲਗਾਇਆ ਕਿ ਕਸ਼ਿਸ਼ ਨੇ ਆਪਣੇ ਮਾਤਾ-ਪਿਤਾ ਤੇ ਭਾਰਗੋ ਕੈਂਪ ਦੇ ਕੌਂਸਲਰ ਦੇ ਪਤੀ ਨਾਲ ਰਲ ਕੇ ਅਮਨਦੀਪ ਤੇ ਰਿਸ਼ਤਾ ਤੋੜਨ ਲਈ ਦਬਾਅ ਪਾਇਆ। ਲਗਾਤਾਰ ਤਣਾਅ ਤੇ ਅਪਮਾਨ ਤੋਂ ਦੁਖੀ ਅਮਨਦੀਪ ਨੇ ਖੁਦਕੁਸ਼ੀ ਕਰ ਲਈ। ਭਾਰਗੋ ਕੈਂਪ ਥਾਣੇ ਦੀ ਪੁਲਿਸ ਨੇ ਕਸ਼ਿਸ਼ ਉਸਦੇ ਪਿਤਾ ਹੈਪੀ, ਉਸਦੀ ਮਾਂ ਰੇਖਾ, ਉਸਦੀ ਨਾਨੀ ਤੇ ਸੁਦੇਸ਼ ਭਗਤ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਹਾਲਾਂਕਿ, ਸ਼ੁਰੂ ’ਚ ਗ੍ਰਿਫਤਾਰੀਆਂ ਨਾ ਹੋਣ ਤੋਂ ਨਾਰਾਜ਼ ਪਰਿਵਾਰ ਤੇ ਸਥਾਨਕ ਨਿਵਾਸੀਆਂ ਨੇ ਭਾਰਗੋ ਕੈਂਪ ਚੌਕ ਦੇ ਬਾਹਰ ਧਰਨਾ ਦੇ ਕੇ ਪੁਲਿਸ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ। ਹੁਣ ਹੈਪੀ ਤੇ ਰੇਖਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦੋਂ ਕਿ ਦੂਜੇ ਮੁਲਜ਼ਮਾਂ ਦੀ ਭਾਲ ਜਾਰੀ ਹੈ।