ਅੱਜ ਤੋਂ ਹੋਣਗੇ ਸਹਿਜ ਪਾਠ ਰਾਹੀਂ ਸੰਪੂਰਨ ਗੁਰੂ ਦੇ ਦਰਸ਼ਨ
ਸਹਿਜ ਪਾਠ ਰਾਹੀਂ ਸੰਪੂਰਨ ਗੁਰੂ ਦੇ ਦਰਸ਼ਨ ਕਰਵਾਉਣ ਦਾ ਉਪਰਾਲਾ ਅੱਜ ਤੋਂ
Publish Date: Tue, 13 Jan 2026 07:30 PM (IST)
Updated Date: Tue, 13 Jan 2026 07:33 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਵਿਸ਼ੇਸ਼ ਦੀਵਾਨ ਅੱਜ ਸ਼ਾਮ ਪੰਜ ਵਜੇ ਦੇ ਦੀਵਾਨ ਵਿਚ ਸਜਾਏ ਜਾਣਗੇ, ਜਿਸ ਵਿੱਚ ਵਿਸ਼ੇਸ਼ ਉਪਰਾਲੇ ਤਹਿਤ ਸਮੁੱਚੀ ਸਿੱਖ ਸੰਗਤ ਨੂੰ ਗੁਰੂ ਸਾਹਿਬ ਜੀ ਦੀ ਬਾਣੀ ਦੇ ਸ਼ਬਦੀ ਰੂਪ ਵਿੱਚ ਦਰਸ਼ਨ ਦੀਦਾਰੇ ਕਰਵਾਉਣ ਦਾ ਯਤਨ ਕੀਤਾ ਜਾਵੇਗਾ ਤਾਂ ਕਿ ਹਰ ਸਿੱਖ ਸ਼ਬਦ ਰੂਪੀ ਗੁਰੂ ਦੇ ਨਾਲ ਜੁੜ ਕੇ ਲਾਹਾ ਪ੍ਰਾਪਤ ਕਰ ਸਕਣ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਕ੍ਰਿਪਾਲ ਸਿੰਘ ਨੇ ਦੱਸਿਆ ਕਿ ਸ਼ਾਮ 5 ਵਜੇ ਮੁੱਖ ਦਰਬਾਰ ਹਾਲ ਵਿਖੇ ਪਾਵਨ ਥੜ੍ਹਾ ਸਾਹਿਬ ਤੇ ਵਿਸ਼ੇਸ਼ ਦੀਵਾਨ ਸਜਾਏ ਜਾਣਗੇ। ਇਸ ਵਿੱਚ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਪ੍ਰਵਿੰਦਰਪਾਲ ਸਿੰਘ ਸਹਿਜ ਪਾਠ ਦੀ ਆਰੰਭਤਾ ਕਰਨਗੇ ਅਤੇ ਗੁਰਬਾਣੀ ਵੀਚਾਰ ਰਾਹੀਂ ਸੰਗਤਾਂ ਨੂੰ ਸਹਿਜ ਪਾਠ ਦੀ ਮਹੱਤਤਾ ਅਤੇ ਮਾਘੀ ਦੇ ਪਵਿੱਤਰ ਦਿਹਾੜੇ ਦੇ ਇਤਿਹਾਸ ’ਤੇ ਵੀ ਰੌਸ਼ਨੀ ਪਾਉਣਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰਵਾਉਣ ਅਤੇ ਹੋਰ ਵੱਧ ਤੋਂ ਵੱਧ ਸੰਗਤਾਂ ਨੂੰ ਬਾਣੀ ਨਾਲ ਜੋੜਨ ਲਈ ਰੋਜ਼ਾਨਾ ਸ਼ਾਮ 5 ਤੋਂ 5.30 ਵਜੇ ਤੱਕ 8 ਤੋਂ 10 ਅੰਗ ਦਾ ਪਾਠ ਕੀਤਾ ਜਾਵੇਗਾ ਅਤੇ 30 ਜੂਨ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਅੰਮ੍ਰਿਤ ਵੇਲੇ ਸੰਗਤੀ ਰੂਪ ਵਿੱਚ ਸਮੂਹਿਕ ਤੌਰ ’ਤੇ ਸਹਿਜ ਪਾਠਾਂ ਦੀ ਸੰਪੂਰਨਤਾ ਹੋਵੇਗੀ। ਉਨ੍ਹਾਂ ਦੱਸਿਆ ਕਿ ਚਾਲੀ ਮੁਕਤਿਆਂ ਦੀ ਯਾਦ ਮਾਘੀ ਦੇ ਪਵਿੱਤਰ ਦਿਹਾੜੇ ਦੇ ਸਬੰਧ ਵਿੱਚ ਸਵੇਰ ਤੇ ਸ਼ਾਮ ਦੋਵੇਂ ਵੇਲੇ ਦੀਵਾਨ ਸਜਾਏ ਜਾਣਗੇ। ਅੰਮ੍ਰਿਤ ਵੇਲੇ ਤੋਂ ਦੁਪਹਿਰ 1.30 ਵਜੇ ਤੱਕ ਭਾਰੀ ਦੀਵਾਨ ਸਜਾਏ ਜਾਣਗੇ ਦੀਵਾਨ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਡਾਕਟਰ ਜਤਿੰਦਰ ਸਿੰਘ ,ਭਾਈ ਦਿਲਬਾਗ ਸਿੰਘ ਕਪੂਰਥਲੇ ਵਾਲੇ ਕੀਰਤਨ ਅਤੇ ਗੁਰਮਤਿ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਸ਼ਾਮ ਦੇ ਦੀਵਾਨ ਸਹਿਜ ਪਾਠ ਦੀ ਆਰੰਭਤਾ ਤੋਂ ਬਾਅਦ ਸ਼ਾਮ 6.30 ਵਜੇ ਤੋਂ ਰਾਤ 9.30 ਵਜੇ ਤੱਕ ਮਹਾਨ ਕੀਰਤਨ ਦਰਬਾਰ ਕਰਵਾਇਆ ਜਾਵੇਗਾ। ਇਸ ਵਿੱਚ ਭਾਈ ਜਸਪਾਲ ਸਿੰਘ ਰਾਜ ਨਗਰ ਅਤੇ ਭਾਈ ਪ੍ਰਿਤਪਾਲ ਸਿੰਘ ਕੈਨੇਡਾ ਵਾਲੇ ਕੀਰਤਨ ਦੁਆਰਾ ਹਾਜ਼ਰੀ ਭਰਨਗੇ।