ਸਿਹਤ ਵਿਭਾਗ ਵਲੋਂ ਆਰਬੀਐਸਕੇ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਿਹਤ ਵਿਭਾਗ ਵਲੋਂ ਆਰਬੀਐੱਸਕੇ ਤਹਿਤ ਆਂਗਣਵਾੜੀ, ਸਰਕਾਰੀ ਅਤੇ ਏਡਿਡ ਸਕੂਲੀ ਬੱਚਿਆਂ ਦਾ ਰੂਟੀਨ ਹੈਲਥ ਚੈਕਅਪ ਕੀਤਾ ਜਾਂਦਾ ਹੈ। ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਸਿਵਲ ਸਰਜਨ ਦਫ਼ਤਰ ਵਿਖੇ ਸੋਮਵਾਰ ਨੂੰ ਆਰ.ਬੀ.ਐਸ.ਕੇ. ਤਹਿਤ ਦਿਲ ਦੀ ਬਿਮਾਰੀ ਦਾ ਇਲਾਜ ਕਰਵਾ ਕੇ ਠੀਕ ਹੋ ਚੁੱਕੀਆਂ ਬੱਚੀਆਂ ਕ੍ਰਿਤੀਕਾ (5 ਸਾਲ) ਆਂਗਣਵਾੜੀ ਸੈਂਟਰ ਬੋਲੀਨਾ ਅਤੇ ਰਿਸ਼ਿਕਾ (4 ਸਾਲ) ਆਂਗਣਵਾੜੀ ਸੈਂਟਰ ਭਾਰਗੋ ਕੈਂਪ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਹੋਰ ਲੋਕਾਂ ਨੂੰ ਵੀ ਸਿਹਤ ਵਿਭਾਗ ਦੀਆਂ ਸੇਵਾਵਾਂ ਲੈਣ ਲਈ ਪ੍ਰੇਰਿਤ ਕਰਨ ਲਈ ਕਿਹਾ।
ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਜਲੰਧਰ ਵਲੋਂ ਇਨ੍ਹਾਂ ਬੱਚੀਆਂ ਦਾ ਇਲਾਜ ਪੀਜੀਆਈ ਚੰਡੀਗੜ੍ਹ ਅਤੇ ਫੌਰਟਿਸ ਹਸਪਤਾਲ ਮੋਹਾਲੀ ਵਿਖੇ ਮੁਫਤ ਕਰਵਾਇਆ ਗਿਆ ਹੈ। ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ 9 ਤਰ੍ਹਾਂ ਦੀਆਂ ਜਮਾਂਦਰੂ ਬਿਮਾਰੀਆਂ ਰੀੜ੍ਹ ਦੀ ਹੱਡੀ ਵਿੱਚ ਸੋਜ ਜਾ ਫੋੜਾ, ਡਾਉਨ ਸਿਨਡ੍ਰੋਮ, ਖੰਡਾ (ਕਲੈਫਟ ਲਿਪ ਅਤੇ ਕਲੈਫਟ ਪੈਲੇਟ), ਟੇਢੇ ਪੈਰ, ਚੂਲੇ ਦਾ ਠੀਕ ਤਰ੍ਹਾਂ ਵਿਕਸਿਤ ਨਾ ਹੋਣਾ, ਜਮਾਂਦਰੂ ਬੋਲਾਪਣ, ਜਮਾਂਦਰੂ ਦਿਲ ਦੀਆਂ ਬਿਮਾਰੀਆਂ, ਜਮਾਂਦਰੂ ਚਿੱਟਾ ਮੋਤੀਆ ਅਤੇ ਸਮੇਂ ਤੋਂ ਪਹਿਲੇ ਜਨਮੇ ਬੱਚਿਆਂ ਵਿੱਚ ਅੱਖਾਂ ਦੇ ਪਰਦੇ ਦਾ ਨੁਕਸ ਦੀ ਸਕ੍ਰੀਨਿੰਗ (ਸਿਹਤ ਜਾਂਚ) ਸਿਹਤ ਸੰਸਥਾਵਾਂ ਵਿਖੇ ਹਰ ਡਿਲੀਵਰੀ ਪੁਆਇੰਟ 'ਤੇ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਸਾਰੀਆਂ ਬਿਮਾਰੀਆਂ ਦਾ ਇਲਾਜ ਸਰਕਾਰ ਵੱਲੋਂ ਆਰ.ਬੀ.ਐਸ.ਕੇ. ਦੇ ਪ੍ਰੋਗਰਾਮ ਅਧੀਨ ਮੁਫ਼ਤ ਕਰਵਾਉਣ ਦੀ ਸਹੁਲਤ ਦਿੱਤੀ ਜਾਂਦੀ ਹੈ। ਇਸ ਮੌਕੇ ਉਨ੍ਹਾਂ ਨੇ ਆਰ.ਬੀ.ਐਸ.ਕੇ ਟੀਮ ਨੂੰ ਬੱਚਿਆਂ 'ਚ ਹੋਣ ਵਾਲੀਆਂ ਜਮਾਂਦਰੂ ਬਿਮਾਰੀਆਂ ਦੀ ਸਕ੍ਰੀਨਿੰਗ ਸਮੇਂ ਸਿਰ ਕਰਨ ਅਤੇ ਸਕੂਲੀ ਤੇ ਆਂਗਣਵਾੜੀ ਬੱਚਿਆਂ ਦਾ 100 ਫੀਸਦੀ ਚੈਕਅਪ ਯਕੀਨੀ ਬਣਾਉਣ ਦੀ ਹਦਾਇਤ ਕੀਤੀ।
ਆਰ.ਬੀ.ਐੱਸ.ਕੇ. ਤਹਿਤ ਜ਼ਿਲ੍ਹੇ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ 19 ਵਿਸ਼ੇਸ਼ ਮੋਬਾਈਲ ਹੈਲਥ ਟੀਮਾਂ ਤਾਇਨਾਤ ਹਨ। ਜਿਨ੍ਹਾਂ ਵਲੋਂ ਆਂਗਨਵਾੜੀ ਦੇ ਬੱਚਿਆਂ ਦੀ ਸਾਲ ਵਿੱਚ ਦੋ ਵਾਰ ਅਤੇ ਸਕੂਲੀ ਬੱਚਿਆਂ ਦੀ ਇਕ ਵਾਰ ਸਕ੍ਰੀਨਿੰਗ ਕੀਤੀ ਜਾਂਦੀ ਹੈ। ਜਿਸ ਦਾ ਮੁੱਖ ਮੰਤਵ ਬੱਚਿਆਂ ਵਿੱਚ ਜਮਾਂਦਰੂ ਨੁਕਸਾਂ ਸਰੀਰਕ ਕਮੀ, ਬਚਪਨ ਦੀਆਂ ਬਿਮਾਰੀਆਂ, ਸਰੀਰਕ ਅਤੇ ਬੋਧਿਕ ਵਿਕਾਸ ਵਿੱਚ ਦੇਰੀ ਕਾਰਨ ਹੋਣ ਵਾਲੀਆਂ 30 ਕਿਸਮ ਦੀਆਂ ਬਿਮਾਰੀਆਂ ਦੀ ਜਾਂਚ ਕਰਨਾ ਹੈ ਤਾਂ ਜੋ ਸਮੇਂ ਰਹਿੰਦਿਆਂ ਇਸਦਾ ਇਲਾਜ ਕੀਤਾ ਜਾ ਸਕੇ। ਅਪ੍ਰੈਲ 2025 ਤੋਂ ਜਨਵਰੀ 2026 ਤੱਕ ਮੋਬਾਈਲ ਹੈਲਥ ਟੀਮਾਂ ਵਲੋਂ ਜ਼ਿਲ੍ਹੇ ਦੇ 1220 ਸਕੂਲਾਂ ਵਿੱਚ 1,34,172 ਬੱਚਿਆਂ ਦੀ ਸਕ੍ਰੀਨਿੰਗ ਕੀਤੀ ਗਈ, ਕੁੱਲ 3,087 ਬੱਚੇ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਪਾਏ ਗਏ ਸਨ। ਇਨ੍ਹਾਂ ਵਿਚੋਂ 21 ਬੱਚੇ ਦਿਲ ਦੀਆਂ ਬਿਮਾਰੀਆਂ ਨਾਲ ਪੀੜਤ ਪਾਏ ਗਏ ਸਨ। ਜਿਨ੍ਹਾਂ ਨੂੰ ਆਰ.ਬੀ.ਐੱਸ.ਕੇ. ਤਹਿਤ ਡੀ.ਐੱਚ.ਐੱਸ. ਚੰਡੀਗੜ੍ਹ ਤੋਂ ਪ੍ਰਵਾਨਗੀ ਉਪਰੰਤ ਪੀ.ਜੀ.ਆਈ. ਅਤੇ ਐਮਪੈਨਲਡ ਹਸਪਤਾਲਾਂ 'ਚ ਇਲਾਜ ਲਈ ਭੇਜਿਆ ਹੈ, ਜਿੱਥੇ ਹੁਣ ਤੱਕ 9 ਬੱਚਿਆਂ ਦਾ ਇਲਾਜ ਹੋ ਚੁੱਕਾ ਹੈ ਅਤੇ ਬਾਕੀ ਜ਼ੇਰੇ ਇਲਾਜ ਹਨ। ਇਸ ਤੋਂ ਇਲਾਵਾ ਅਨੀਮੀਆ, ਡੈਂਟਲ, ਚਮੜੀ, ਅੱਖਾਂ, ਖੰਡਾ (ਕਲੈਫਟ ਲਿਪ ਅਤੇ ਕਲੈਫਟ ਪੈਲੇਟ), ਵਿਟਾਮਿਨ ਏ ਦੀ ਕਮੀ ਆਦਿ ਤੋਂ ਪੀੜਤ ਬੱਚਿਆਂ ਦਾ ਇਲਾਜ ਚੱਲ ਰਿਹਾ ਹੈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਜੋਤੀ ਫੁਕੇਲਾ, ਜਿਲ੍ਹਾ ਟੀਕਾਕਰਨ ਅਫ਼ਸਰ ਕਮ ਨੋਡਲ ਅਫਸਰ ਆਰ.ਬੀ.ਐੱਸ.ਕੇ ਡਾ. ਰਾਕੇਸ਼ ਚੋਪੜਾ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਮਨ ਗੁਪਤਾ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਗੁਰਦੀਪ ਸਿੰਘ, ਡਿਪਟੀ ਐੱਮ.ਈ.ਆਈ.ਓ. ਅਸੀਮ ਸ਼ਰਮਾ, ਆਰ.ਬੀ.ਐਸ.ਕੇ. ਕੋਆਰਡੀਨੇਟਰ ਪਰਮਵੀਰ ਝੱਮਟ, ਏ.ਐੱਮ.ਓ. ਡਾ. ਦੇਵ, ਏ.ਐੱਮ.ਓ. ਡਾ. ਮੋਨਿਕਾ ਤੇ ਫਾਰਮਾਸਿਸਟ ਕਾਮਨਾ ਮੌਜੂਦ ਸਨ।