ਹਰ ਸਿਹਤ ਕੇਂਦਰ ’ਚ ਟੀਬੀ ਦਾ ਮੁਫ਼ਤ ਇਲਾਜ : ਡਾ. ਪਾਲ
ਹਰ ਸਿਹਤ ਕੇਂਦਰ ’ਚ ਟੀਬੀ ਦਾ ਮੁਫ਼ਤ ਇਲਾਜ: ਡਾ. ਬਲਜੀਤ ਸਿੰਘ ਪਾਲ
Publish Date: Tue, 24 Mar 2026 07:59 PM (IST)
Updated Date: Tue, 24 Mar 2026 08:01 PM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਸੀਨੀਅਰ ਮੈਡੀਕਲ ਅਫ਼ਸਰ ਡਾ. ਬਲਜੀਤ ਸਿੰਘ ਪਾਲ ਦੀ ਅਗਵਾਈ ਹੇਠ “ਵਿਸ਼ਵ ਤਪਦਿਕ ਦਿਵਸ” ਮੌਕੇ ਕਮਿਊਨਿਟੀ ਹੈਲਥ ਸੈਂਟਰ ਕਾਲਾ ਬੱਕਰਾ ਅਧੀਨ ਆਉਂਦੇ ਸਾਰੇ 17 ਆਯੂਸ਼ਮਾਨ ਕੇਂਦਰਾਂ ’ਚ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ। ਇਸ ਦੌਰਾਨ ਸੀਐੱਚਸੀ ਕਾਲਾ ਬੱਕਰਾ ’ਚ ਇਕ ਜਾਗਰੂਕਤਾ ਸੈਮੀਨਾਰ ਵੀ ਕਰਵਾਇਆ। ਇਸ ਮੌਕੇ ਡਾ. ਬਲਜੀਤ ਸਿੰਘ ਪਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟੀਬੀ ਮੁਕਤੀ ਲਈ 100 ਦਿਨਾਂ ਦਾ ਵਿਸ਼ੇਸ਼ ਕੈਂਪ ਸ਼ੁਰੂ ਕੀਤਾ ਗਿਆ ਹੈ, ਜੋ ਲਗਾਤਾਰ ਚੱਲੇਗਾ। ਉਨ੍ਹਾਂ ਕਿਹਾ ਕਿ ਟੀਬੀ ਲਾਇਲਾਜ ਬਿਮਾਰੀ ਨਹੀਂ ਹੈ ਤੇ ਇਸ ਦਾ ਇਲਾਜ ਜ਼ਿਲ੍ਹੇ ਦੇ ਹਰ ਸਰਕਾਰੀ ਸਿਹਤ ਕੇਂਦਰ ’ਚ ਮੁਫ਼ਤ ਉਪਲੱਬਧ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਟੀਬੀ ਦੇ ਖਾਤਮੇ ਲਈ ਇਸ ਨੂੰ ਜਨ ਅੰਦੋਲਨ ਬਣਾਉਣ ਦੀ ਲੋੜ ਹੈ, ਜਿਸ ’ਚ ਸਿਹਤ ਵਿਭਾਗ ਦੇ ਨਾਲ-ਨਾਲ ਆਮ ਲੋਕਾਂ ਦਾ ਸਹਿਯੋਗ ਵੀ ਬਹੁਤ ਮਹੱਤਵਪੂਰਨ ਹੈ। ਡਾ. ਪਾਲ ਨੇ ਹੋਰ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ’ਚ ਹਰ ਟੀਬੀ ਮਰੀਜ਼ ਨੂੰ ਇਲਾਜ ਦੌਰਾਨ ਪੌਸ਼ਟਿਕ ਖੁਰਾਕ ਲਈ ਪ੍ਰਤੀ ਮਹੀਨਾ 1000 ਰੁਪਏ ਦੀ ਆਰਥਿਕ ਸਹਾਇਤਾ ਵੀ ਦਿੱਤੀ ਜਾਂਦੀ ਹੈ ਤਾਂ ਜੋ ਮਰੀਜ਼ ਜਲਦੀ ਤੰਦਰੁਸਤ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਸਾਰੇ ਜ਼ਿਲ੍ਹਾ ਹਸਪਤਾਲਾਂ ’ਚ ਟੀਬੀ ਦੀ ਜਲਦੀ ਤੇ ਸਹੀ ਪਛਾਣ ਲਈ ਬਲਗਮ ਜਾਂਚ, ਛਾਤੀ ਦਾ ਐਕਸ-ਰੇ, ਸੀਬੀਨਾਟ ਤੇ ਟਰੂਨਾਟ ਮਸ਼ੀਨਾਂ ਰਾਹੀਂ ਟੈਸਟ ਤੇ ਇਲਾਜ ਦੀ ਸਹੂਲਤ ਬਿਲਕੁਲ ਮੁਫ਼ਤ ਮੁਹੱਈਆ ਕਰਵਾਈ ਜਾ ਰਹੀ ਹੈ।