ਸੇਂਟ ਜੇਮਸ ਕੈਥੋਲਿਕ ਚਰਚ ’ਚ ਲੱਗਾ ਮੁਫ਼ਤ ਮੈਡੀਕਲ ਕੈਂਪ
ਸੇਂਟ ਜੇਮਸ ਕੈਥੋਲਿਕ ਚਰਚ ਵਿਖੇ ਲਗਾਇਆ ਮੁਫ਼ਤ ਮੈਡੀਕਲ ਕੈਂਪ
Publish Date: Sat, 14 Mar 2026 06:32 PM (IST)
Updated Date: Sat, 14 Mar 2026 06:36 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਆਮ ਲੋਕਾਂ ਤੱਕ ਮਿਆਰੀ ਸਿਹਤ ਸਹੂਲਤਾਂ ਪਹੁੰਚਾਉਣ ਤੇ ਉਨ੍ਹਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਸੇਂਟ ਜੇਮਸ ਕੈਥੋਲਿਕ ਚਰਚ ਤੇ ਸੈਕਰਡ ਹਾਰਟ ਹਸਪਤਾਲ ਜਲੰਧਰ ਦੇ ਸਾਂਝੇ ਯਤਨਾਂ ਸਦਕਾ ਡਾਇਰੈਕਟਰ ਫਾਦਰ ਵਰਗੀਸ ਤੇ ਸਿਸਟਰ ਵਿਨਾਇਆ ਦੀ ਦੇਖ-ਰੇਖ ਹੇਠ ਚਰਚ ਕੰਪਲੈਕਸ ਵਿਚ ਮੁਫ਼ਤ ਮੈਡੀਕਲ ਕੈਂਪ ਲਾਇਆ ਗਿਆ। ਕੈਂਪ ਵਿਚ ਕਰੀਬ 250 ਲੋਕਾਂ ਨੇ ਸ਼ਿਰਕਤ ਕਰਕੇ ਡਾਕਟਰਾਂ ਤੋਂ ਸਿਹਤ ਦੀ ਮੁਫ਼ਤ ਜਾਂਚ ਕਰਵਾਈ। ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਸੀਨੀਅਰ ਮੈਡੀਕਲ ਅਫ਼ਸਰ ਡਾ. ਦੀਪਕ ਚੰਦਰ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਉਨ੍ਹਾਂ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਸਮਾਜ ਦੇ ਲੋੜਵੰਦ ਵਰਗ ਲਈ ਵਰਦਾਨ ਸਾਬਤ ਹੁੰਦੇ ਹਨ। ਕੈਂਪ ਦੌਰਾਨ ਸੈਕਰਡ ਹਾਰਟ ਹਸਪਤਾਲ ਜਲੰਧਰ ਤੋਂ ਪਹੁੰਚੀ ਮਾਹਰ ਡਾਕਟਰਾਂ ਦੀ ਟੀਮ ਨੇ ਮਰੀਜ਼ਾਂ ਦੀ ਬਾਰੀਕੀ ਨਾਲ ਜਾਂਚ ਕੀਤੀ। ਇਸ ਟੀਮ ਵਿੱਚ ਹੱਡੀਆਂ ਤੇ ਜੋੜਾਂ ਦੇ ਰੋਗਾਂ ਦੇ ਮਾਹਰ ਡਾ. ਦੀਪਕ ਗੁਪਤਾ, ਫੈਮਿਲੀ ਮੈਡੀਸਨ ਮਾਹਰ ਡਾ. ਜੀਸ ਮਾਰੀਆ, ਇਸਤਰੀ ਰੋਗਾਂ ਦੇ ਮਾਹਰ ਡਾ. ਸੰਗੀਤਾ ਥਾਪਰ, ਅੱਖਾਂ ਦੇ ਰੋਗਾਂ ਦੇ ਮਾਹਰ ਡਾ. ਤੇਜਿੰਦਰ ਸਿੰਘ, ਡਾ. ਵਰੁਸ਼ਲੀ ਤੇ ਡਾ. ਨਰੇਸ਼ ਸੱਗੂ ਸ਼ਾਮਲ ਸਨ। ਡਾਕਟਰਾਂ ਵੱਲੋਂ ਮਰੀਜ਼ਾਂ ਦਾ ਚੈੱਕਅੱਪ ਕਰਨ ਉਪਰੰਤ ਉਨ੍ਹਾਂ ਨੂੰ ਮੌਕੇ ਤੇ ਹੀ ਲੋੜੀਂਦੀਆਂ ਦਵਾਈਆਂ ਬਿਲਕੁਲ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ। ਮੈਡੀਕਲ ਕੈਂਪ ਦੀ ਖਾਸ ਗੱਲ ਇਹ ਰਹੀ ਹੈ ਕਿ ਇਸ ਮੌਕੇ ਔਰਤਾਂ ਦੀ ਸਿਹਤ ਸੰਭਾਲ ਨੂੰ ਸਮਰਪਿਤ ਇਕ ਜਾਗਰੂਕਤਾ ਸੈਮੀਨਾਰ ਰਿਹਾ। ਡਾ. ਉਮੰਗ ਅਤੇ ਡਾ. ਵਰੁਸ਼ਲੀ ਦੀ ਯੋਗ ਅਗਵਾਈ ਹੇਠ ਕਰਵਾਏ ਗਏ ਇਸ ਸੈਮੀਨਾਰ ਵਿੱਚ ਔਰਤਾਂ ਨੂੰ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਦੇ ਮੁੱਢਲੇ ਲੱਛਣਾਂ, ਸਮੇਂ ਸਿਰ ਜਾਂਚ ਦੀ ਮਹੱਤਤਾ ਤੇ ਬਚਾਅ ਦੇ ਤਰੀਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਅੰਤ ’ਚ ਡਾਇਰੈਕਟਰ ਫਾਦਰ ਵਰਗੀਸ ਤੇ ਪ੍ਰਿੰਸੀਪਲ ਸਿਸਟਰ ਵਿਨਾਇਆ ਨੇ ਆਏ ਹੋਏ ਸਾਰੇ ਡਾਕਟਰਾਂ ਤੇ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸੋਨੂੰ ਮਿੱਤਲ, ਪੰਕਜ ਸਰੀਨ ਸਮੇਤ ਸੇਂਟ ਜੂਡਸ ਸਕੂਲ ਦਾ ਸਟਾਫ ਤੇ ਇਲਾਕੇ ਦੇ ਲੋਕ ਹਾਜ਼ਰ ਸਨ।