ਆਨਲਾਈਨ ਕਾਰੋਬਾਰ ਦੇ ਨਾਂ ’ਤੇ ਖਾਤੇ ’ਚੋਂ ਉਡਾਈ 70 ਹਜ਼ਾਰ ਰੁਪਏ
ਆਨਲਾਈਨ ਬਿਜ਼ਨਸ ਦੇ ਨਾਂ ’ਤੇ ਠੱਗੀ, ਮਹਿਲਾ ਦੇ ਖਾਤੇ ’ਚੋਂ 70 ਹਜ਼ਾਰ ਰੁਪਏ ਉਡਾਏ
Publish Date: Thu, 26 Mar 2026 09:41 PM (IST)
Updated Date: Thu, 26 Mar 2026 09:44 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ’ਚ ਸਾਈਬਰ ਠੱਗੀ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਠੱਗਾਂ ਨੇ ਆਨਲਾਈਨ ਕਾਰੋਬਾਰ ਸ਼ੁਰੂ ਕਰਵਾਉਣ ਦਾ ਝਾਂਸਾ ਦੇ ਕੇ ਇਕ ਔਰਤ ਦੇ ਬੈਂਕ ਖਾਤੇ ’ਚੋਂ 70 ਹਜ਼ਾਰ ਰੁਪਏ ਉਡਾ ਲਏ। ਪੀੜਤਾ ਨੂੰ ਘਰ ਬੈਠੇ ਘੱਟ ਨਿਵੇਸ਼ ਨਾਲ ਵੱਧ ਮੁਨਾਫ਼ਾ ਕਮਾਉਣ ਦਾ ਲਾਲਚ ਦਿੱਤਾ ਗਿਆ, ਜਿਸ ਕਾਰਨ ਉਹ ਠੱਗਾਂ ਦੇ ਜਾਲ ’ਚ ਫਸ ਗਈ। ਜਾਣਕਾਰੀ ਅਨੁਸਾਰ ਠੱਗਾਂ ਨੇ ਖੁਦ ਨੂੰ ਇਕ ਆਨਲਾਈਨ ਕੰਪਨੀ ਨਾਲ ਜੁੜਿਆ ਹੋਇਆ ਦੱਸਿਆ ਤੇ ਔਰਤ ਨੂੰ ਸਸਤੇ ਭਾਅ ’ਚ ਵੇਚਣ ਲਈ ਕੱਪੜੇ ਉਪਲੱਬਧ ਕਰਵਾਉਣ ਦੀ ਗੱਲ ਕੀਤੀ। ਭਰੋਸਾ ਜਿੱਤਣ ਲਈ ਠੱਗਾਂ ਨੇ ਮਿੱਠੀਆਂ ਗੱਲਾਂ ਕੀਤੀਆਂ ਤੇ ਕੁਝ ਨਕਲੀ ਦਸਤਾਵੇਜ਼ ਵੀ ਦਿਖਾਏ। ਇਸ ਤੋਂ ਬਾਅਦ ਉਨ੍ਹਾਂ ਨੇ ਔਰਤ ਤੋਂ ਬੈਂਕ ਡੀਟੇਲ, ਓਟੀਪੀ ਤੇ ਹੋਰ ਜ਼ਰੂਰੀ ਜਾਣਕਾਰੀ ਹਾਸਲ ਕਰ ਲਈ। ਜਾਣਕਾਰੀ ਮਿਲਦਿਆਂ ਹੀ ਠੱਗਾਂ ਨੇ ਖਾਤੇ ’ਚੋਂ 70 ਹਜ਼ਾਰ ਰੁਪਏ ਕੱਢ ਲਏ। ਠੱਗੀ ਦਾ ਪਤਾ ਲੱਗਣ ’ਤੇ ਪੀੜਤਾ ਨੇ ਸਾਈਬਰ ਥਾਣੇ ’ਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ------------------------ ਕਈ ਹੋਰ ਲੋਕ ਵੀ ਬਣੇ ਸ਼ਿਕਾਰ ਜਲੰਧਰ ਕੈਂਟ ’ਚ ਇਕ ਨੌਜਵਾਨ ਤੋਂ ਆਨਲਾਈਨ ਫ੍ਰੈਂਚਾਈਜ਼ੀ ਦਿਵਾਉਣ ਦੇ ਨਾਂ ਤੇ 1.2 ਲੱਖ ਰੁਪਏ ਠੱਗ ਲਏ ਗਏ। ਉਸ ਨੂੰ ਸੁਨੇਹਾ ਮਿਲਿਆ ਸੀ ਕਿ ਉਹ ਘਰ ’ਚ ਹੀ ਸਾਮਾਨ ਬਣਾਉਣ ਵਾਲੀ ਕੰਪਨੀ ਖੋਲ੍ਹ ਸਕਦਾ ਹੈ। ਦਾਣਾ ਮੰਡੀ ’ਚ ਇਕ ਔਰਤ ਨੂੰ ਘਰ ਬੈਠੇ ਪੈਕਿੰਗ ਜਾਬ ਦਾ ਝਾਂਸਾ ਦੇ ਕੇ 50 ਹਜ਼ਾਰ ਰੁਪਏ ਦੀ ਠੱਗੀ ਕੀਤੀ ਗਈ। ਜੰਡੂਸਿੰਘਾ ’ਚ ਇਕ ਵਿਅਕਤੀ ਨੂੰ ਈ-ਕਾਮਰਸ ਸਾਈਟ ਤੇ ਸੇਲਰ ਅਕਾਊਂਟ ਬਣਾਉਣ ਦੇ ਨਾਂ ਤੇ 90 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ। ------------------------ ਮਾਮਲੇ ਕਿਉਂ ਵੱਧ ਰਹੇ ਹਨ? ਡਿਜੀਟਲ ਯੁੱਗ ’ਚ ਜਿੱਥੇ ਆਨਲਾਈਨ ਮੌਕੇ ਵੱਧ ਰਹੇ ਹਨ, ਉੱਥੇ ਸਾਈਬਰ ਮੁਲਜ਼ਮ ਵੀ ਨਵੇਂ-ਨਵੇਂ ਤਰੀਕੇ ਅਪਣਾ ਰਹੇ ਹਨ। ਬੇਰੁਜ਼ਗਾਰੀ, ਘਰ ਬੈਠੇ ਕਮਾਈ ਦੀ ਇੱਛਾ ਤੇ ਜਲਦੀ ਪੈਸਾ ਕਮਾਉਣ ਦੀ ਲਾਲਸਾ ਲੋਕਾਂ ਨੂੰ ਅਜਿਹੇ ਝਾਂਸਿਆਂ ’ਚ ਫਸਾ ਦਿੰਦੀ ਹੈ। ਠੱਗ ਸੋਸ਼ਲ ਮੀਡੀਆ, ਵ੍ਹਟਸਐਪ ਤੇ ਫ਼ਰਜ਼ੀ ਵੈੱਬਸਾਈਟਾਂ ਰਾਹੀਂ ਲੋਕਾਂ ਤੱਕ ਪੁੱਜਦੇ ਹਨ। ------------------------- ਲੋਕ ਕਿਵੇਂ ਫਸਦੇ ਹਨ? ਅਕਸਰ ਲੋਕ ਬਿਨਾਂ ਜਾਂਚ-ਪੜਤਾਲ ਕੀਤੇ ਪੇਸ਼ਕਸ਼ਾਂ ’ਤੇ ਭਰੋਸਾ ਕਰ ਲੈਂਦੇ ਹਨ। ਠੱਗ ਪ੍ਰੋਫੈਸ਼ਨਲ ਢੰਗ ਨਾਲ ਗੱਲ ਕਰਦੇ ਹਨ, ਨਕਲੀ ਕੰਪਨੀ ਪ੍ਰੋਫ਼ਾਈਲ ਦਿਖਾਉਂਦੇ ਹਨ ਤੇ ਤੁਰੰਤ ਫੈਸਲਾ ਲੈਣ ਲਈ ਦਬਾਅ ਬਣਾਉਂਦੇ ਹਨ। ਕਈ ਵਾਰ ਲੋਕ ਲਾਲਚ ’ਚ ਆ ਕੇ ਨਿੱਜੀ ਜਾਣਕਾਰੀ ਸਾਂਝੀ ਕਰ ਦਿੰਦੇ ਹਨ। ------------------------- ਬਚਾਅ ਲਈ ਸਾਵਧਾਨੀ ਜ਼ਰੂਰੀ ਅਜਿਹੀਆਂ ਠੱਗੀਆਂ ਤੋਂ ਬਚਣ ਲਈ ਸਭ ਤੋਂ ਜ਼ਰੂਰੀ ਹੈ ਸਾਵਧਾਨੀ। ਕਿਸੇ ਵੀ ਅਣਜਾਣ ਵਿਅਕਤੀ ਜਾਂ ਕੰਪਨੀ ਨਾਲ ਬੈਂਕ ਡੀਟੇਲ, ਓਟੀਪੀ ਜਾਂ ਪਾਸਵਰਡ ਕਦੇ ਵੀ ਸਾਂਝੇ ਨਾ ਕਰੋ। ਕਿਸੇ ਵੀ ਆਨਲਾਈਨ ਪੇਸ਼ਕਸ਼ ਨੂੰ ਸਵੀਕਾਰ ਕਰਨ ਤੋਂ ਪਹਿਲਾਂ ਪੂਰੀ ਜਾਂਚ ਕਰੋ ਤੇ ਸਿਰਫ ਭਰੋਸੇਯੋਗ ਪਲੇਟਫਾਰਮ ਦੀ ਵਰਤੋਂ ਕਰੋ। ਜੇ ਕੋਈ ਪੇਸ਼ਕਸ਼ ਬਹੁਤ ਜ਼ਿਆਦਾ ਆਕਰਸ਼ਕ ਲੱਗੇ ਤਾਂ ਉਸ ਨੂੰ ਸ਼ੱਕ ਦੀ ਨਿਗ੍ਹਾ ਨਾਲ ਦੇਖੋ। ਠੱਗੀ ਹੋਣ ਦੀ ਸੂਰਤ ’ਚ ਤੁਰੰਤ ਸਾਈਬਰ ਹੈਲਪਲਾਈਨ 1930 ਤੇ ਕਾਲ ਕਰੋ ਜਾਂ ਨੇੜਲੇ ਸਾਈਬਰ ਥਾਣੇ ’ਚ ਸ਼ਿਕਾਇਤ ਦਰਜ ਕਰਵਾਓ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਕਿ ਸਾਈਬਰ ਅਪਰਾਧਾਂ ਤੋਂ ਬਚਣ ਲਈ ਜਾਗਰੂਕਤਾ ਹੀ ਸਭ ਤੋਂ ਵੱਡਾ ਹਥਿਆਰ ਹੈ ਤੇ ਕਿਸੇ ਵੀ ਧੋਖਾਧੜੀ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣੀ ਚਾਹੀਦੀ ਹੈ।