ਸਪੋਰਟਸ ਕਾਲਜ ’ਚ ਚੌਥੀ ਸਾਲਾਨਾ ਐਥਲੈਟਿਕ ਮੀਟ
ਸਪੋਰਟਸ ਕਾਲਜ ਵਿਖੇ ਕਰਵਾਈ ਚੌਥੀ ਸਾਲਾਨਾ ਐਥਲੈਟਿਕ ਮੀਟ
Publish Date: Wed, 18 Mar 2026 08:32 PM (IST)
Updated Date: Wed, 18 Mar 2026 08:34 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਰਕਾਰੀ ਆਰਟਸ ਤੇ ਸਪੋਰਟਸ ਕਾਲਜ ਵਿਖੇ 18 ਮਾਰਚ ਨੂੰ ਚੌਥੀ ਸਲਾਨਾ ਐਥਲੈਟਿਕ ਮੀਟ ਕਰਵਾਈ। ਇਸ ਮੌਕੇ ਸਿੱਖ ਨੈਸ਼ਨਲ ਕਾਲਜ ਬੰਗਾ ਪ੍ਰਿੰਸੀਪਲ ਡਾ. ਤਰਸੇਮ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਰਣਬੀਰ ਸਿੰਘ ਨੇ ਆਏ ਮੁੱਖ ਮਹਿਮਾਨ ਦਾ ਬੂਟਾਂ ਦੇ ਕੇ ਰਸਮੀ ਸਵਾਗਤ ਕੀਤਾ। ਇਸ ਦੇ ਨਾਲ ਹੀ ਵੱਖ-ਵੱਖ ਸਕੂਲਾਂ ਦੇ ਅਧਿਆਪਕ, ਸਪੋਰਟਸ ਵਿਭਾਗ ਦੇ ਕੋਚ ਤੇ ਡੀਪੀ ਵੀ ਉਚੇਚੇ ਤੌਰ ’ਤੇ ਪਹੁੰਚੇ। ਇਸ ਐਥਲੈਟਿਕ ਮੀਟ ਦਾ ਆਗਾਜ਼ ਮਾਰਚ ਪਾਸਟ, ਝੰਡਾ ਫਹਿਰਾਉਣ, ਗੁਬਾਰੇ ਉਡਾਉਣ ਦੀ ਰਸਮ ਨਾਲ ਹੋਇਆ। ਇਸ ਉਪਰੰਤ ਕਾਲਜ ਪ੍ਰਿੰਸੀਪਲ ਨੇ ਸੰਬੋਧਨ ਕਰਦਿਆਂ ਆਏ ਮੁੱਖ ਮਹਿਮਾਨ ਤੇ ਹੋਰ ਪਤਵੰਤਿਆਂ ਨੂੰ ਨਿੱਘਾ ਜੀ ਆਇਆ ਕਿਹਾ। ਉਨ੍ਹਾਂ ਕਾਲਜ ਦੀਆਂ ਖੇਡਾਂ ਦੇ ਖੇਤਰ ’ਚ ਸਾਲਾਨਾ ਪ੍ਰਾਪਤੀਆਂ ਦਾ ਵੀ ਵੇਰਵਾ ਦਿੱਤਾ।
ਇਸ ਦੇ ਨਾਲ ਹੀ ਉਨ੍ਹਾਂ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਵੱਲੋਂ ਸੈਸ਼ਨ 2026-27 ’ਚ ਸ਼ੁਰੂ ਕੀਤੇ ਜਾ ਰਹੇ ਪੀਐੱਚਡੀ ਪ੍ਰੋਗਰਾਮ ਦੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਕਾਲਜ ਵਿਦਿਆਰਥੀਆਂ ਵੱਲੋਂ ਯੋਗਾ ਦੀ ਇਕ ਖ਼ੂਬਸੂਰਤ ਪੇਸ਼ਕਾਰੀ ਕੀਤੀ ਗਈ। ਇਸ ਉਪਰੰਤ ਪੁੱਜੇ ਮੁੱਖ ਮਹਿਮਾਨ ਨੇ ਸੰਬੋਧਨ ਕਰਦਿਆਂ ਕਾਲਜ ਪ੍ਰਿੰਸੀਪਲ, ਸਮੂਹ ਸਟਾਫ ਤੇ ਖਿਡਾਰੀਆਂ ਨੂੰ ਐਥਲੈਟਿਕ ਮੀਟ ਲਈ ਮੁਬਾਰਕਬਾਦ ਦਿੱਤੀ। ਉਨ੍ਹਾਂ ਖਿਡਾਰੀਆਂ ਨੂੰ ਖੇਡਾਂ ’ਚ ਜੀਅ-ਜਾਨ ਨਾਲ ਮਿਹਨਤ ਕਰਕੇ ਆਪਣੇ ਕਾਲਜ ਦਾ ਨਾਂ ਰੌਸ਼ਨ ਕਰਨ ਦੀ ਪ੍ਰੇਰਨਾ ਦਿੱਤੀ। ਇਸ ਐਥਲੈਟਿਕ ਮੀਟ ’ਚ 200 ਮੀਟਰ, 400 ਮੀਟਰ, ਸ਼ਾਟਪੁੱਟ, ਲੌਂਗ ਜੰਪ, ਥਰੀਲੈੱਗ, ਡਿਸਕਸ ਥ੍ਰੋ ਆਦਿ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ’ਚ ਬੀਏ ਭਾਗ ਦੂਜਾ ਦੇ ਵਿਦਿਆਰਥੀ ਜੋਬਨਪ੍ਰੀਤ ਸਿੰਘ ਤੇ ਨੰਦਿਨੀ ਬੈਸਟ ਐਥਲੀਟ ਚੁਣੇ ਗਏ। ਓਵਰ ਆਲ ਟਰਾਫੀ ਬੀਪੀਈਐੱਸ-1 ਦੇ ਹਿੱਸੇ ਆਈ। ਉਪਰੰਤ ਆਏ ਮੁੱਖ ਮਹਿਮਾਨ ਤੇ ਹੋਰ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ। ਇਹ ਮੀਟ ਕਾਲਜ ਦੇ ਫਿਜੀਕਲ ਐਜੂਕੇਸ਼ਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਕੋਮਲ ਜੈਨ, ਡਾ. ਮਨਦੀਪ ਸਿੰਘ ਤੇ ਪ੍ਰੋ. ਰਜਤ ਕੁਮਾਰ ਵੱਲੋਂ ਕਰਵਾਈ।