ਨਾਜਾਇਜ਼ ਹਥਿਆਰਾਂ ਸਮੇਤ ਚਾਰ ਜਣੇ ਗ੍ਰਿਫ਼ਤਾਰ
ਚਾਰ ਨੂੰ ਨਾਜਾਇਜ਼ ਹਥਿਆਰਾਂ, ਤਿੰਨ ਪਿਸਤੌਲਾਂ ਤੇ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ
Publish Date: Sat, 28 Feb 2026 10:19 PM (IST)
Updated Date: Sat, 28 Feb 2026 10:22 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਰਾਮਾਮੰਡੀ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਇਕ ਸਵਿਫਟ ਕਾਰ ’ਚ ਜਾ ਰਹੇ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਇਕ ਪਿਸਤੌਲ ਤੇ ਪੰਜ ਕਾਰਤੂਸ ਬਰਾਮਦ ਕੀਤੇ। ਰਿਮਾਂਡ ਦੌਰਾਨ ਕੀਤੀ ਗਈ ਪੁੱਛਗਿੱਛ ਦੌਰਾਨ ਇਕ ਮੁਲਜ਼ਮ ਦੇ ਘਰੋਂ ਦੋ ਹੋਰ ਪਿਸਤੌਲ ਤੇ 30 ਕਾਰਤੂਸ ਬਰਾਮਦ ਕੀਤੇ ਗਏ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਯਾਕੂਬ ਅਲੀ, ਵਾਸੀ ਬਾਬਾ ਬਕਾਲਾ, ਸਿਪਾਹੀਆ, ਵਾਸੀ ਮਜੀਠਾ ਰੋਡ, ਅੰਮ੍ਰਿਤਸਰ, ਸੋਨੂੰ, ਵਾਸੀ ਬਾਘਾ ਪੁਰਾਣਾ ਤੇ ਪਿੰਕੂ, ਵਾਸੀ ਗੁਰਦਾਸਪੁਰ ਵਜੋਂ ਹੋਈ ਹੈ। ਪੁਲਿਸ ਨੇ ਚਾਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਥਾਣਾ ਮੁਖੀ ਜਸਪਾਲ ਸਿੰਘ ਦੀ ਟੀਮ ਦੇ ਏਐੱਸਆਈ ਗੁਰਵਿੰਦਰ ਸਿੰਘ, ਪੁਲਿਸ ਪਾਰਟੀ ਸਮੇਤ ਨੰਗਲ ਸ਼ਾਮਾ ਚੌਕ ਵਿਖੇ ਨਾਕਾਬੰਦੀ ਤੇ ਮੌਜੂਦ ਸਨ। ਨਾਕਾਬੰਦੀ ਦੌਰਾਨ ਲੰਘ ਰਹੀ ਇਕ ਸਵਿਫਟ ਕਾਰ ਨੂੰ ਜਾਂਚ ਕਰਨ ਲਈ ਰੋਕਿਆ ਗਿਆ ਤੇ ਕਾਰ ਦੀ ਸੀਟ ਹੇਠੋਂ ਇਕ .32 ਬੋਰ ਦਾ ਪਿਸਤੌਲ ਅਤੇ ਪੰਜ ਕਾਰਤੂਸ ਬਰਾਮਦ ਕੀਤੇ ਗਏ। ਮੁਲਜ਼ਮ ਹਥਿਆਰ ਦਾ ਕੋਈ ਲਾਇਸੈਂਸ ਪੇਸ਼ ਨਹੀਂ ਕਰ ਸਕੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਨੂੰ ਦੋ ਦਿਨਾਂ ਦਾ ਪੁਲਿਸ ਰਿਮਾਂਡ ਦੇ ਦਿੱਤਾ ਤੇ ਪੁੱਛਗਿੱਛ ਕਰਨ ਤੇ ਬਾਬਾ ਬਕਾਲਾ ਦੇ ਯਾਕੂਬ ਅਲੀ ਦੇ ਘਰੋਂ ਦੋ ਪਿਸਤੌਲ ਅਤੇ 30 ਕਾਰਤੂਸ ਬਰਾਮਦ ਕੀਤੇ ਗਏ। ਏਐੱਸਆਈ ਗੁਰਵਿੰਦਰ ਸਿੰਘ ਨੇ ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਯਾਕੂਬ ਅਲੀ ਅਤੇ ਸਿਪਾਹੀਆ ਖ਼ਿਲਾਫ਼ ਪਹਿਲਾਂ ਹੀ ਵੱਖ-ਵੱਖ ਥਾਣਿਆਂ ਵਿੱਚ ਪੰਜ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਜਾਂਚ ਕਰ ਰਹੀ ਹੈ ਕਿ ਹਥਿਆਰ ਕਿੱਥੋਂ ਪ੍ਰਾਪਤ ਕੀਤੇ ਗਏ ਸਨ ਅਤੇ ਇਹ ਕਿਸ ਨੂੰ ਦਿੱਤੇ ਜਾਣ ਦੇ ਇਰਾਦੇ ਨਾਲ ਸਨ।